ਕਸਾਬ ਨੂੰ ਸਜ਼ਾ ਨਾਲ ਭਾਰਤ-ਪਾਕਿ ਗੱਲਬਾਤ ’ਤੇ ਅਸਰ ਨਹੀਂ: ਕੁਰੈਸ਼ੀ

ਇਸਲਾਮਾਬਾਦ, 8 ਮਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਪਾਕਿ ਨਾਗਰਿਕ ਅਜਮਲ ਕਸਾਬ ਨੂੰ ਸਜ਼ਾ-ਏ-ਮੌਤ ਸੁਣਾਏ ਜਾਣ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਪ੍ਰਸਤਾਵਿਤ ਗੱਲਬਾਤ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਸਰਕਾਰੀ ਚੈਨਲ ਪੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਜਨਾਬ ਕੁਰੈਸ਼ੀ ਨੇ ਬੀਤੇ ਦਿਨ ਕਿਹਾ, ‘‘ਇਸ ਸਜ਼ਾ ਬਾਰੇ ਪਾਕਿਸਤਾਨ ਆਪਣਾ ਵਿਚਾਰ ਮਾਹਰਾਂ ਵੱਲੋਂ ਫੈਸਲੇ ਦੀ ਘੋਖ ਕਰਨ ਮਗਰੋਂ ਪ੍ਰਗਟਾਏਗਾ। ਪਰ ਮੈਂ ਸਪਸ਼ਟ ਕਰ ਦਿਆਂ ਕਿ ਅਦਾਲਤ ਦੇ ਫੈਸਲੇ ਦਾ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਪ੍ਰਸਤਾਵਿਤ ਗੱਲਬਾਤ ’ਤੇ ਕੋਈ ਅਸਰ ਨਹੀਂ ਪਵੇਗਾ।’’ ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨਾਲ ਮੁਲਾਕਾਤ ਬਾਰੇ ਤਰੀਕ ਛੇਤੀ ਹੀ ਤੈਅ ਕਰਨਗੇ। ਉਨ੍ਹਾਂ ਮੁੰਬਈ ਹਮਲੇ ਨੂੰ ਦੁਖਦਾਈ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਇਸ ਘਟਨਾ ਵਿਚ 166 ਭਾਰਤੀ ਤੇ ਵਿਦੇਸ਼ੀ ਮਾਰੇ ਗਏ ਸਨ, ਜਿਸ ਕਾਰਨ ਇਸ ਘਟਨਾ ਨੇ ਸਾਰੀ ਦੁਨੀਆਂ ਦਾ ਧਿਆਨ ਖਿੱਚਿਆ। ਵਿਦੇਸ਼ ਮੰਤਰੀ ਮੁਤਾਬਕ, ‘‘ਸਾਡਾ ਆਪਣਾ ਮੁਲਕ ਵੀ ਅਤਿਵਾਦ ਤੋਂ ਪੀੜਤ ਹੈ ਤੇ ਇਸੇ ਕਰ ਕੇ ਅਸੀਂ ਮੁੰਬਈ ਹਮਲੇ ਦੇ ਦਰਦ ਨੂੰ ਸਮਝਦੇ ਹਾਂ।’’ ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਪਿਛਲੇ ਦਹਾਕਿਆਂ ਤੋਂ ਗਲਤਫਹਿਮੀਆਂ ਦੀ ਜੋ ਕੰਧ ਖੜ੍ਹੀ ਹੋਈ ਹੈ, ਉਸ ਨੂੰ ਡੇਗਣ ਦੀ ਲੋੜ ਹੈ। ਵਰਨਣਯੋਗ ਹੈ ਕਿ ਭੂਟਾਨ ਵਿਖੇ ਸਾਰਕ ਸਿਖ਼ਰ ਸੰਮੇਲਨ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੁਵੱਲੀ ਸ਼ਾਂਤੀ ਵਾਰਤਾ ਮੁੜ ਸ਼ੁਰੂ ਕਰਨ ’ਤੇ ਸਹਿਮਤ ਹੋਏ ਸਨ। ਦੋਵਾਂ ਪ੍ਰਧਾਨ ਮੰਤਰੀਆਂ ਨੇ ਆਪੋ-ਆਪਣੇ ਵਿਦੇਸ਼ ਮੰਤਰੀਆਂ ਨੂੰ ਗੱਲਬਾਤ ਮੁੜ ਸ਼ੁਰੂ ਕਰਨ ਸਬੰਧੀ ਤਿਆਰੀ ਕਰਨ ਲਈ ਕਿਹਾ ਸੀ। ਭਾਰਤ ਨਾਲ ਪ੍ਰਸਤਾਵਿਤ ਗੱਲਬਾਤ ਬਾਰੇ ਜਨਾਬ ਕੁਰੈਸ਼ੀ ਨੇ ਕਿਹਾ, ‘‘ਦੋਵੇਂ ਮੁਲਕ ਗੱਲਬਾਤ ਲਈ ਰਾਜ਼ੀ ਹਨ ਤੇ ਉਹ ਛੇਤੀ ਹੀ ਸ੍ਰੀ ਕ੍ਰਿਸ਼ਨਾ ਨਾਲ ਸੰਪਰਕ ਕਰ ਕੇ ਮੀਟਿੰਗ ਦੀਆਂ ਤਰੀਕਾਂ ਬਾਰੇ ਅੰਤਮ ਫੈਸਲਾ ਲੈਣਗੇ।’’ ਇਕ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿ ਨਾਲ ਗੱਲਬਾਤ ਪ੍ਰਤੀ ਦਿਲਚਸਪੀ ਦਿਖਾਈ ਹੈ। ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਪਾਕਿ ਵਿਚਾਲੇ ਲੰਮੇ ਸਮੇਂ ਤੋਂ ਗੱਲਬਾਤ ਰੁਕੀ ਹੋਈ ਹੈ ਤੇ ਉਸ ਕਾਰਨ ਕਈ ਨਵੀਆਂ ਗਲਤਫਹਿਮੀਆਂ ਪੈਦਾ ਹੋਈਆਂ ਹਨ। ਉਨ੍ਹਾਂ ਨੂੰ ਦੂਰ ਕਰਨ ਤੇ ਗੱਲਬਾਤ ਨੂੰ ਸਹੀ ਲੀਹ ’ਤੇ ਪਾਉਣ ਲਈ ਕਾਫੀ ਕੰਮ ਕਰਨਾ ਪਵੇਗਾ। ਉਨ੍ਹਾਂ ਭਾਰਤ ਨਾਲ ਦਰਿਆਈ ਪਾਣੀਆਂ ਬਾਰੇ ਰੇੜਕੇ ਨੂੰ ਬੜਾ ਗੰਭੀਰ ਕਰਾਰ ਦਿੱਤਾ।

-ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All