ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ

ਜੀਵਨਪ੍ਰੀਤ ਕੌਰ

ਸੰਸਾਰ ਇਸ ਸਮੇਂ ਵਿਆਪਕ ਸੰਕਟ ’ਚੋਂ ਗੁਜ਼ਰ ਰਿਹਾ ਹੈ। ਸਾਡੀ ਪੀੜ੍ਹੀ ਵੱਲੋਂ ਦੇਖਿਆ ਤੇ ਸੁਣਿਆ ਇਹ ਸਭ ਤੋਂ ਵੱਡਾ ਸੰਕਟ ਹੈ। ਇਸ ਕੋਵਿਡ-19 ਭਾਵ ਕਰੋਨਾ ਵਾਇਰਸ ਨੇ ਸਾਰੇ ਸੰਸਾਰ ਨੂੰ ਆਰਥਿਕ, ਸਮਾਜਿਕ ਅਤੇ ਜ਼ਾਤੀ ਪੱਧਰ ’ਤੇ ਬਹੁਤ ਹੀ ਕਮਜ਼ੋਰ ਸਾਬਤ ਕਰ ਦਿੱਤਾ ਹੈ, ਜਿਸ ਦੀ ਮਾਰ ਤੋਂ ਭਾਰਤ ਦੇ ਸੂਬੇ ਵੀ ਅਛੂਤੇ ਨਹੀਂ ਰਹੇ। ਪੰਜਾਬ ਵਿੱਚ ਵੀ ਕਰੋਨਾ ਪ੍ਰਭਾਵਿਤ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਦੇ ਅਸਲ ਤੱਥਾਂ ਦੀ ਪੁਸ਼ਟੀ ਓਨੀ ਦੇਰ ਤੱਕ ਨਹੀਂ ਕੀਤੀ ਜਾ ਸਕਦੀ, ਜਿੰਨੀ ਦੇਰ ਤੱਕ ਵਿਦੇਸ਼ਾਂ ਤੋਂ ਪਰਤੇ ਵਿਅਕਤੀ ਸਵੈ-ਇੱਛਾ ਨਾਲ ਟੈਸਟ ਕਰਵਾਓਣ ਦਾ ਤਹੱਈਆ ਨਹੀਂ ਕਰਦੇ ਜਾਂ ਅਸੀਂ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੀ ਜਾਣਕਾਰੀ ਅਨੁਸਾਰ ਪ੍ਰਭਾਵਿਤ ਮੁਲਕਾਂ ਤੋਂ ਪਰਤੇ ਲੋਕਾਂ ਬਾਰੇ ਪ੍ਰਸ਼ਾਸਨ ਨੂੰ ਇਤਲਾਹ ਨਹੀਂ ਕਰਦੇ। ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਪੰਜਾਬ ਵਿੱਚ ਕਰੋਨਾਵਾਇਰਸ ਨਾਲ ਪੀੜਤ ਤਿੰਨ-ਚਾਰ ਕੁ ਦਰਜਨ ਲੋਕਾਂ ਦੀ ਹੀ ਨਿਸ਼ਾਨਦੇਹੀ ਹੋ ਸਕੀ ਹੈ। ਕੁਝ ਕੁ ਲੋਕਾਂ ਨੂੰ ਪੰਜਾਬ ਦੀ ਅਬਾਦੀ ਦੇ ਅਨੁਸਾਰ, ਇਹ ਗਿਣਤੀ ਆਟੇ ’ਚ ਲੂਣ ਬਰਾਬਰ ਲੱਗਦੀ ਹੋਵੇਗੀ, ਪਰ ਇੱਕ ਗੱਲ ਯਾਦ ਰੱਖੋ ਜਦੋਂ ਆਟੇ ਨੂੰ ਗੁੰਨ੍ਹ ਦਿੱਤਾ ਜਾਵੇ ਤਾਂ ਇਹ ਲੂਣ ਸਾਰੇ ਆਟੇ ਨੂੰ ਖਾਰਾ ਕਰ ਦਿੰਦਾ ਹੈ। ਨਾਲ ਹੀ ਇਹ ਵੀ ਗੌਰਤਲਬ ਹੈ ਕਿ ਲੋਕਾਂ ਵਿਚ ਕਰੋਨਾ ਬਾਰੇ ਅਵੇਸਲੇਪਣ ਦੇ ਨਾਲ-ਨਾਲ ਟੈਸਟ ਲਈ ਲੋੜੀਂਦੀ ਮਸ਼ੀਨਰੀ ਦੀ ਘਾਟ ਅਤੇ ਟੈਸਟ ਮਹਿੰਗੇ ਹੋਣ ਕਾਰਨ ਪੀੜਤਾਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਅਜੇ ਲੱਗ ਸਕਣਾ ਸੰਭਵ ਨਹੀਂ। ਵਾਇਰਸ ਦੇ ਫੈਲਾਅ ਅਤੇ ਬਚਾਅ ਬਾਰੇ ਸਰਕਾਰ ਅਤੇ ਸੋਸ਼ਲ ਮੀਡੀਆ ਰਾਹੀਂ ਕਾਫੀ ਪ੍ਰਚਾਰ ਹੋ ਚੁੱਕਾ ਹੈ ਅਤੇ ਹੋ ਰਿਹਾ ਹੈ। ਕੇਂਦਰ ਅਤੇ ਪੰਜਾਬ ਸਰਕਾਰ ਦੇ ਕਦਮ ਇਸ ਪੱਖੋਂ ਸ਼ਲਾਘਾਯੋਗ ਹਨ ਕਿ ਸਾਡੀ ਸਿਹਤ ਪ੍ਰਣਾਲੀ ਵਿਕਸਤ ਦੇਸ਼ਾਂ ਦੇ ਮੁਕਾਬਲੇ ਪਛੜੀ ਹੋਣ ਦੇ ਬਾਵਜੂਦ ਦੂਜੇ ਦੇਸ਼ਾਂ ਦੀ ਸਥਿਤੀ ਨੂੰ ਵੇਖਦੇ ਹੋਏ ਇਨ੍ਹਾਂ ਵੱਲੋਂ ਲੋੜੀਂਦੇ ਯਤਨ ਸਮਾਂ ਰਹਿੰਦੇ ਹੀ ਆਰੰਭ ਦਿੱਤੇ ਗਏ ਸਨ। ਪਛੜੀ ਸਿਹਤ ਵਿਵਸਥਾ ਬਾਰੇ ਤਾਂ ਦੇਸ਼ ਦੀ ਸਭ ਤੋਂ ਵੱਡੀ ਮੰਨੀ ਜਾਣ ਵਾਲੀ ਸਿਹਤ ਸੰਸਥਾ ਏਮਜ਼ ਦੇ ਡਾਕਟਰਾਂ ਦੇ ਬਿਆਨ ਹੀ ਸਪੱਸ਼ਟ ਕਰ ਰਹੇ ਹਨ ਕਿ ਕਰੋਨਾਂ ਨਾਲ ਪੀੜਤ ਮਰੀਜ਼ਾਂ ਨੂੰ ਸੰਭਾਲਣ ਲਈ ਇੱਕ ਨਰਸ ਜਾਂ ਡਾਕਟਰ ਨੂੰ ਲੋੜੀਂਦੀ ਸਮੱਗਰੀ ਭਾਵ ਕਿ ਐੱਨ-95, ਸਰਜੀਕਲ ਅਤੇ ਫੇਸ ਮਾਸਕ ਅਤੇ ਸਾਰੇ ਸਰੀਰ ’ਤੇ ਪਹਿਨੀ ਜਾਣ ਵਾਲੀ ਰੱਖਿਆਤਮਕ ਡਰੈੱਸ ਵੀ ਸਰਕਾਰਾਂ ਮੁਹੱਈਆ ਕਰਵਾਉਣ ਦੇ ਸਮੱਰਥ ਨਹੀਂ। ਸਾਧਨਾਂ ਦੀ ਘਾਟ ਦੇ ਬਾਵਜੂਦ ਸਰਕਾਰਾਂ ਕਰੋਨਾ ਨੂੰ ਗੰਭੀਰ ਆਫਤ ਵਾਂਗ ਨਜਿੱਠਣ ਲਈ ਸਖਤ ਫੈਸਲੇ ਲੈ ਰਹੀਆਂ ਹਨ, ਜਿਸ ਨੂੰ ਹਾਂਪੱਖੀ ਕਦਮ ਸਮਝਿਆ ਜਾਣਾ ਚਾਹੀਦਾ ਹੈ। ਭਾਰਤ ’ਚ ਕਰੋਨਾ ਦਾ ਸ਼ੁਰੂਆਤੀ ਦੌਰ ਹੈ। ਇਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਵੀ ਉਨ੍ਹਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇ ਜਿਨ੍ਹਾਂ ਦਾ ਸਾਹਮਣਾ ਖ਼ਾਸਕਰ ਚੀਨ, ਇਟਲੀ, ਸਪੇਨ, ਅਮਰੀਕਾ, ਕੈਨੇਡਾ ਵਰਗੇ ਵਿਕਸਤ ਮੁਲਕ ਕਰ ਰਹੇ ਹਨ। ਇਸ ਸਥਿਤੀ ਨੂੰ ਪੈਦਾ ਹੋਣ ਤੋਂ ਰੋਕਣ ਲਈ ਸਾਨੂੰ ਸਰਕਾਰ ਦਾ ਲਗਾਤਾਰ ਸਾਥ ਦਿੰਦੇ ਹੋਏ ਸਰਕਾਰੀ ਹਦਾਇਤਾਂ ਦੀ ਗੰਭੀਰਤਾ ਨਾਲ ਪਾਲਣਾ ਕਰਨੀ ਪਵੇਗੀ। ਸਾਡੇ ਵੱਲੋਂ ਅਵਸੇਲੇਪਣ ਅਤੇ ਅਣਗਹਿਲੀ ਵਿਚ ਕੀਤੀਆਂ ਨਿੱਕੀਆਂ-ਵੱਡੀਆਂ ਗਲਤੀਆਂ ਨਾਲ ਅਸੀਂ ਨਾ ਸਿਰਫ ਖ਼ੁਦ ਅਤੇ ਆਪਣੇ ਪਰਿਵਾਰ ਨੂੰ, ਸਗੋਂ ਸਮੁੱਚੇ ਸਮਾਜ ਨੂੰ ਜੋਖਮ ਵਿਚ ਪਾ ਸਕਦੇ ਹਾਂ। ਇਸ ਬਿਮਾਰੀ ਦਾ ਸਭ ’ਤੋਂ ਸੌਖਾ ਅਤੇ ਸਸਤਾ ਬਚਾਅ ਆਪਣੇ ਆਪ ਨੂੰ ਆਪਣੇ ਘਰ ਵਿਚ ਮਹਿਦੂਦ ਰੱਖਣਾ ਹੀ ਹੈ ਅਤੇ ਸਰਕਾਰ ਸਾਨੂੰ ਇਸ ਵਕਤ ਇਹੋ ਕਰਨ ਲਈ ਕਹਿ ਰਹੀ ਹੈ। ਸਿਹਤ ਵਿਵਸਥਾ ਪੱਖੋਂ ਦੇਖੀਏ ਤਾਂ ਇਸ ਬਿਮਾਰੀ ਨਾਲ ਨਜਿੱਠਣ ਲਈ ਸਭ ਤੋਂ ਜ਼ਰੂਰੀ ਉਪਕਰਨ ਵੈਂਟੀਲੇਟਰ ਹਨ, ਜੋ ਕਿ ਸਰਕਾਰ ਦੁਆਰਾ ਦੱਸੇ ਅਨੁਸਾਰ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਕੇਵਲ 24 ਵੈਂਟੀਲੇਟਰ ਹੀ ਸਰਕਾਰੀ ਹਸਪਤਾਲਾਂ ਵਿਚ ਹਨ। ਸੂਬੇ ਦੀਆਂ ਨਿੱਜੀ ਮੈਡੀਕਲ ਸੰਸਥਾਵਾਂ ਕੋਲ ਵੀ ਕੇਵਲ 290 ਵੈਂਟੀਲੇਟਰ ਹੀ ਹਨ। ਇਸ ਇਕ ਉਪਕਰਨ ਦੀ ਸੂਬੇ ਵਿਚ ਇੰਨੀ ਘਾਟ ਹੀ ਸਪੱਸ਼ਟ ਕਰਦੀ ਹੈ ਕਿ ਜੇ ਇਹ ਬਿਮਾਰੀ ਫੈਲਦੀ ਹੈ ਤਾਂ ਸਾਡੀ ਸਿਹਤ ਵਿਵਸਥਾ ਇਸ ਨਾਲ ਨਜਿੱਠਣ ਵਿਚ ਅਸਮਰੱਥ ਹੈ। ਸੋ ਇੱਕੋ-ਇਕ ਹੱਲ ਇਸ ਨੂੰ ਫੈਲਣ ਤੋਂ ਰੋਕਣਾ ਹੀ ਹੈ। ਜੇ ਸਾਡੀਆਂ ਗੈਰ-ਜ਼ਿੰਮੇਵਾਰ ਹਰਕਤਾਂ ਕਾਰਨ ਇਹ ਵਾਇਰਸ ਫੈਲਦਾ ਹੈ ਤਾਂ ਇਸ ਦੇ ਨਤੀਜੇ ਬਹੁਤ ਹੀ ਦਿਲ-ਕੰਬਾਊ ਹੋਣਗੇ।

ਜੀਵਨਪ੍ਰੀਤ ਕੌਰ

ਜ਼ਰੂਰੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਮਾਜਿਕ ਅਨੁਸ਼ਾਸਨ ਰੱਖਿਆ ਜਾਵੇ ਅਤੇ ਤਾਲਾਬੰਦੀ/ਕਰਫਿਊ ਵਰਗੇ ਹਾਲਾਤ ਲਈ ਮਾਨਸਿਕ ਤੌਰ ‘ਤੇ ਖੁਦ ਨੂੰ ਤਿਆਰ ਰੱਖਿਆ ਜਾਵੇ। ਸੋਸ਼ਲ ਮੀਡੀਆਂ ’ਤੇ ਗੈਰ-ਜ਼ਰੂਰੀ ਵੀਡੀਉ/ਪੋਸਟਾਂ ਰਾਹੀਂ ਦਹਿਸ਼ਤ ਫੈਲਾਉਣ ਜਾਂ ਵਾਇਰਸ ਨੂੰ ਸਿਰਫ ਮਜ਼ਾਕ ਬਣਾਉਣ ਤੋਂ ਗੁਰੇਜ਼ ਕਰਦਿਆਂ ਝੂਠੀਆਂ ਅਫਵਾਹਾਂ ਫੈਲਾਉਣ ਤੋਂ ਵੀ ਬਚਿਆ ਜਾਵੇ। ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ ਅਤੇ ਉਨ੍ਹਾਂ ਦੇ ਸਕੇ-ਸਬੰਧੀਆਂ ਦੀ ਵਿਥਿਆ ਬਾਰੇ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਸਿਤਮ ਦੀ ਹੱਦ ਤਾਂ ਇਹ ਹੈ ਕਿ ਇਸ ਵਾਇਰਸ ਕਾਰਨ ਸਦਾ ਲਈ ਵਿਛੜਨ ਵਾਲਿਆਂ ਦੇ ਪਰਿਵਾਰ ਉਨ੍ਹਾਂ ਨੂੰ ਆਖਰੀ ਵਿਦਾਇਗੀ ਵੀ ਨਹੀਂ ਦੇ ਪਾ ਰਹੇ। ਸਮੇਂ ਦੀ ਲੋੜ ਤਾਂ ਇਸ ਵਿਸ਼ੇ ’ਤੇ ਚਿੰਤਨ ਕਰਨ ਦੀ ਹੈ ਕਿ ਵਾਇਰਸ ਤੋਂ ਬਚਾਅ ਕਿਵੇਂ ਕਰਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਸਰਕਾਰਾਂ ਦੀਆਂ ਤਰਜੀਹਾਂ ਕਿਵੇਂ ਤੈਅ ਕਰਨੀਆਂ ਹਨ? ਇਹ ਹੁਣ ਅਸੀਂ ਫ਼ੈਸਲਾ ਕਰਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਤੋਂ ਚੰਗੀਆਂ ਸਿਹਤ ਸਹੂਲਤਾਂ ਮੰਗਣੀਆਂ ਹਨ ਜਾਂ ਮੁਫ਼ਤ ਵਿੱਚ ਮਿਲਣ ਵਾਲੇ ਸਮਾਰਟਫ਼ੋਨਾਂ ਦਾ ਹੀ ਇੰਤਜ਼ਾਰ ਕਰਨਾ ਹੈ। ਯਾਦ ਰੱਖੋ ਕਿ ਅੱਜ ਸਰਕਾਰ ਕੋਲ ਸਿਹਤ ਸਹੂਲਤਾਂ ਦੀ ਘਾਟ ਸਿਰਫ ਇਸ ਕਰਕੇ ਹੈ ਕਿ ਅਸੀਂ ਵੋਟਾਂ ਪਾਉਣ ਵੇਲੇ ਕਦੇ ਵੀ ਬਿਹਤਰ ਸਿਹਤ ਵਿਵਸਥਾ ਨੂੰ ਧਿਆਨ ਵਿਚ ਨਹੀਂ ਰੱਖਿਆ। ਕਰੋਨਾ ਵਾਇਰਸ ਨੇ ਸਮਾਜਿਕ ਅਸਮਾਨਤਾ ਨੂੰ ਵੀ ਉਜਾਗਰ ਕੀਤਾ ਹੈ। ਅਸੀਂ ਭਲੀ-ਭਾਂਤ ਜਾਣੂ ਹਾਂ ਕਿ ਇਸ ਵਾਇਰਸ ਲਈ ਸਮਾਜ ਦੇ ਗਰੀਬ ਅਤੇ ਮਿਹਨਤਕਸ਼ ਲੋਕ ਖ਼ਾਸਕਰ ਰੋਜ਼ਾਨਾ ਦੇ ਦਿਹਾੜੀਦਾਰ, ਰੇਹੜੀਆਂ ਵਾਲੇ ਜਾਂ ਛੋਟੇ ਘਰੇਲੂ ਉਤਪਾਦਕ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਹਨ, ਪਰ ਇਸ ਦਾ ਪ੍ਰਕੋਪ ਸਭ ਤੋਂ ਵੱਧ ਉਨ੍ਹਾਂ ਨੂੰ ਹੀ ਝੱਲਣਾ ਪੈ ਰਿਹਾ ਹੈ। ਉਹ ਤਾਂ ਇਸ ਸਥਿਤੀ ਵਿਚ ਵੀ ਨਹੀਂ ਕਿ ਤਾਲਾਬੰਦੀ ਜਾਂ ਕਰਫਿਊ ਵਰਗੇ ਹਾਲਾਤ ਵਿਚ ਘਰ ਤੇ ਰਸੋਈ ਦਾ ਲੋੜੀਂਦਾ ਸਮਾਨ ਸਟਾਕ ਕਰ ਕੇ ਰੱਖ ਸਕਣ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਰਜਿਸਟਰਡ ਉਸਾਰੀ ਮਜ਼ਦੂਰ ਵਰਗ ਲਈ ਤਿੰਨ ਹਜ਼ਾਰ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਗਿਆ ਹੈ, ਪਰ ਜੋ ਮਜ਼ਦੂਰ ਤਬਕੇ ਰਜਿਸਟਰਡ ਨਹੀਂ, ਜਿਵੇਂ ਰਿਕਸ਼ਾ ਚਾਲਕ, ਢਾਬਿਆਂ ਦੁਕਾਨਾਂ ਆਦਿ ਦੇ ਵਰਕਰ, ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਕੱਚੇ ਮੁਲਾਜ਼ਮ ਇੱਥੋਂ ਤੱਕ ਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਲੈਕਚਰ ਆਧਾਰ ’ਤੇ ਕੰਮ ਕਰ ਰਹੇ ਪ੍ਰੋਫੈਸਰ ਅਤੇ ਅਧਿਆਪਕ ਵੀ ਇਨ੍ਹਾਂ ਵਿਚ ਸ਼ਾਮਲ ਹਨ। ਆਮਦਨ ਦੇ ਸੋਮੇ ਬੰਦ ਹੋਣ ਕਾਰਨ ਤਣਾਅ ਦੀ ਸਥਿਤੀ ਵਿੱਚੋਂ ਗੁਜ਼ਰ ਰਹੇ ਇਨ੍ਹਾਂ ਕਾਮਿਆਂ ਲਈ ਘਰਾਂ ਦੇ ਚੁੱਲ੍ਹੇ ਮਘਦੇ ਰੱਖਣਾ ਇਸ ਮਹਾਂਮਾਰੀ ਤੋਂ ਬਚਾਅ ਨਾਲੋਂ ਵੀ ਵੱਡਾ ਸਵਾਲ ਬਣਿਆ ਹੋਇਆ ਹੈ। ਮੰਤਰੀਆਂ, ਵਿਧਾਇਕਾਂ ਅਤੇ ਅਫਸਰਾਂ ਵੱਲੋਂ ਇਸ ਮੌਕੇ ਆਪਣੀ ਤਨਖਾਹ ਦਾਨ ਕਰਨ ਦਾ ਉਪਰਾਲਾ ਸਲਾਹੁਣਯੋਗ ਹੈ, ਪਰ ਇਸ ਦਾ ਲਾਭ ਜਲਦ ਤੋਂ ਜਲਦ ਲੋੜਵੰਦਾਂ ਤੀਕ ਈਮਾਨਦਾਰੀ ਤੇ ਕਾਰਜਕੁਸ਼ਲਤਾ ਨਾਲ ਪਹੁੰਚਣਾ ਸਮੇਂ ਦੀ ਲੋੜ ਹੈ। ਇਸ ਮਹਾਂਮਾਰੀ ਨਾਲ ਨਜਿੱਠਣਾ ਸਿਰਫ ਸਰਕਾਰ ਦੀ ਨਹੀਂ ਸਗੋਂ ਸਾਡੀ ਵੀ ਨਿੱਜੀ, ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਹੈ। ਮੋਟੇ ਮੁਨਾਫ਼ੇ ਕਮਾਉਣ ਵਾਲੇ ਧਨਾਢ ਵਰਗ ਨੂੰ ਆਪਣੇ ਮੁਨਾਫ਼ਿਆਂ ਦਾ ਕੁਝ ਹਿੱਸਾ ਇਸ ਸਮਾਜਿਕ ਜ਼ਿੰਮੇਵਾਰੀ ਲਈ ਖ਼ਰਚਣਾ ਚਾਹੀਦਾ ਹੈ। ਹਾਕਮ ਅਤੇ ਵਿਰੋਧੀ ਧਿਰ ਦੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਮੌਕੇ ਪ੍ਰਸ਼ਾਸਨ ਨਾਲ ਤਾਲਮੇਲ ਕਰਦੇ ਹੋਏ ਆਪਣੇ ਵਰਕਰਾਂ ਨੂੰ ਵਾਲੰਟੀਅਰ ਵਜੋਂ ਤਿਆਰ ਰਹਿਣ ਦਾ ਸੱਦਾ ਦੇਣਾ ਚਾਹੀਦਾ ਹੈ। ਨਾਲ ਹੀ ਕਲਾਕਾਰ ਵਰਗ, ਜਿਸ ਨੂੰ ਸਾਡੀ ਨੌਜਵਾਨ ਪੀੜ੍ਹੀ ਆਦਰਸ਼ ਮੰਨਦੀ ਹੈ, ਨੂੰ ਵੀ ਵੱਖ-ਵੱਖ ਤਰੀਕਿਆਂ ਨਾਲ ਸਰਕਾਰਾਂ ਨਾਲ ਮੋਢਾ ਜੋੜ ਕੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਗਰੀਬ ਭੁੱਖਮਰੀ ਨਾਲ ਨਾ ਮਰੇ ਅਤੇ ਪ੍ਰਸ਼ਾਸਕੀ ਤਾਲਮੇਲ ਨਾਲ ਹਰੇਕ ਤੱਕ ਜ਼ਰੂਰੀ ਵਸਤਾਂ ਦੀ ਪਹੁੰਚ ਯਕੀਨੀ ਬਣਾਈ ਜਾਵੇ। ਸਮਾਜ ਦੇ ਹਾਸ਼ੀਆਗ੍ਰਸਤ ਲੋਕਾਂ ਨੂੰ ਜ਼ਰੂਰੀ ਸਮੱਗਰੀ ਹੱਥ ਥੋਣ ਲਈ ਸਾਬਣ, ਸੈਨੇਟਾਈਜ਼ਰ ਅਤੇ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾਣ। ਲੋਕਾਂ ਨੂੰ ਹੱਥ ਧੋਣ ਦੇ ਮਹੱਤਵ ਤੋਂ ਜਾਗਰੂਕ ਕਰਵਾਇਆ ਜਾਵੇ ਤਾਂ ਜੋ ਨਾ ਸਿਰਫ ਕਰੋਨਾ ਤੋਂ ਬਚਾਅ ਹੋਵੇ, ਸਗੋਂ ਸਿਹਤਮੰਦ ਜੀਵਨ ਦੀ ਜੜ੍ਹ ਸਥਾਪਿਤ ਕੀਤੀ ਜਾ ਸਕੇ। ਵਪਾਰੀ ਤਬਕੇ ਨੂੰ ਵੀ ਇਸ ਸੰਕਟ ਦੀ ਘੜੀ ਵਿਚ ਨੈਤਿਕ ਕਦਰਾਂ ਕੀਮਤਾਂ ਬਣਾਈ ਰੱਖਣ ਦੀ ਅਪੀਲ ਹੈ। ਸਾਡੀ ਧਰਤੀ ਦਾ ਇਤਿਹਾਸ ਜੰਗ ਦੌਰਾਨ ਜ਼ਖ਼ਮੀ ਦੁਸ਼ਮਣ ਨੂੰ ਵੀ ਪਾਣੀ ਪਿਲਾਉਣ ਅਤੇ ਉਸਦੇ ਜ਼ਖ਼ਮਾਂ ਦੀ ਮੱਲ੍ਹਮ-ਪੱਟੀ ਕਰਨ ਦੀ ਮਿਸਾਲ ਦਿੰਦਾ ਹੈ। ਸਾਡੇ ਧਰਮ ਸਾਨੂੰ ਦੀਨ-ਦੁਖੀ ਅਤੇ ਲੋੜਵੰਦ ਦੇ ਹਿੱਤਾਂ ਦੀ ਪਹਿਰੇਦਾਰੀ ਦੇ ਉਪਦੇਸ਼ ਦਿੰਦੇ ਹਨ। ਸੋ, ਐਸੇ ਵੇਲੇ ਜਮ੍ਹਾਂਖ਼ੋਰੀ ਅਤੇ ਮੁਨਾਫ਼ੇਖੋਰੀ ਮਹਾਂਪਾਪ ਦੇ ਬਰਾਬਰ ਹੈ। ਇਸ ਮਹਾਂਮਾਰੀ ਤੋਂ ਅਸੀਂ ਲੋਕ ਹੀ ਲੋਕਾਂ ਨੂੰ ਬਚਾ ਸਕਦੇ ਹਾਂ। ਇਹ ਬਚਾਅ ਤਾੜੀਆਂ ਜਾਂ ਥਾਲੀਆਂ ਵਜਾਉਣ ਨਾਲ ਨਹੀਂ ਸਗੋਂ ਸਾਡੇ ਜ਼ਿੰਮੇਵਾਰ ਵਿਹਾਰ ਰਾਹੀਂ ਹੋਵੇਗਾ। ਸਭ ਤੋਂ ਜ਼ਰੂਰੀ ਇਹ ਹੈ ਕਿ ਅਸੀਂ ਸਭ ਮਿਲ ਕੇ ਆਪੋ-ਆਪਣੇ ਘਰਾਂ ਦੇ ਵਿੱਚ ਰਹੀਏ। ਇਸ ਸੰਕਟ ਦੀ ਘੜੀ ਨੂੰ ਪਿਕਨਿਕ ਜਾਂ ਮੌਜ-ਮਸਤੀ ਦਾ ਸਾਧਨ ਬਣਾਉਣ ਤੋਂ ਪ੍ਰਹੇਜ਼ ਕਰਨਾ ਹੀ ਬਿਹਤਰ ਰਹੇਗਾ। ਜਨਤਾ ਕਰਫਿਊ ਤੋਂ ਕਰਫਿਊ ਦੀ ਨੌਬਤ ਕੇਵਲ ਸਾਡੇ ਗੈਰਜ਼ਿੰਮੇਵਾਰ ਵਿਹਾਰ ਕਾਰਨ ਆਈ ਹੈ। ਇਸ ਨੂੰ ਹੋਰ ਸੰਗੀਨ ਹੋਣ ਤੋਂ ਰੋਕਣ ਲਈ ਕਿਸੇ ਸ਼ਾਇਰ ਦੀ ਇਸ ਸ਼ੇਅਰ ਰਾਹੀਂ ਦਿੱਤੀ ਚੇਤਾਵਨੀ ਮੌਜੂਦਾ ਸਮੇਂ ’ਤੇ ਸਹੀ ਢੁੱਕਦੀ ਹੈ: ਤੁਮਹਾਰੇ ਘਰ ਮੇਂ ਦਰਵਾਜ਼ਾ ਹੈ, ਲੇਕਿਨ ਤੁਮਹੇਂ ਖ਼ਤਰੇ ਕਾ ਅੰਦਾਜ਼ਾ ਨਹੀਂ ਹੈ/ਮੁਝੇ ਖ਼ਤਰੇ ਕਾ ਅੰਦਾਜ਼ਾ ਹੈ ਲੇਕਿਨ, ਮੇਰੇ ਘਰ ਮੇਂ ਦਰਵਾਜ਼ਾ ਨਹੀਂ ਹੈ।

*ਖੋਜਾਰਥੀ, ਅਰਥ-ਸ਼ਾਸਤਰ ਵਿਭਾਗ, ਪੰਜਾਬੀ ਯੂਨਿਵਰਸਿਟੀ, ਪਟਿਆਲਾ। -ਸੰਪਰਕ: 84370-10461

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All