ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ

ਰਤਨ ਸਿੰਘ ਢਿੱਲੋਂ ਅੰਬਾਲਾ, 20 ਫਰਵਰੀ ਹਾਲ ਹੀ ਵਿੱਚ ਵਿਦੇਸ਼ ਤੋਂ ਵਾਪਸ ਆਈ ਇਕ ਮਹਿਲਾ ਨੂੰ ਕਰੋਨਾ ਵਾਇਰਸ ਦੇ ਸ਼ੱਕ ਵਿਚ ਛਾਉਣੀ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਵਿਚ ਕਰੋਨਾਵਾਇਰਸ ਦੇ ਕੁਝ ਲੱਛਣ ਮਿਲੇ ਹਨ ਪਰ ਇਸ ਸਬੰਧ ਵਿਚ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਕਿ ਉਹ ਕਰੋਨਾਵਾਇਰਸ ਤੋਂ ਪੀੜਤ ਹੈ ਜਾਂ ਨਹੀਂ। ਪਤਾ ਲੱਗਾ ਹੈ ਕਿ ਮਹਿਲਾ ਥਾਈਲੈਂਡ ਘੁੰਮ ਕੇ 8 ਦਿਨ ਪਹਿਲਾਂ ਅੰਬਾਲਾ ਵਾਪਸ ਆਈ ਸੀ ਅਤੇ ਕੱਲ੍ਹ ਉਸ ਨੂੰ ਛਾਉਣੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਇਸ ਸਬੰਧ ਵਿਚ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤੀਸ਼ ਨੇ ਦੱਸਿਆ ਕਿ ਮਹਿਲਾ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਉਸ ਦੇ ਖੂਨ ਦੇ ਸੈਂਪਲ ਪੁਣੇ ਅਤੇ ਮੁੰਬਈ ਦੀਆਂ ਲੈਬਾਰਟਰੀਜ਼ ’ਚ ਭੇਜੇ ਗਏ ਹਨ। ਇਸੇ ਸਬੰਧ ਵਿਚ ਸੀਐਮਓ ਅੰਬਾਲਾ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਸਬੰਧਤ ਮਹਿਲਾ ਥਾਈਲੈਂਡ ਤੋਂ ਇਲਾਵਾ ਤਿੰਨ-ਚਾਰ ਹੋਰ ਦੇਸ਼ਾਂ ਵਿਚ ਵੀ ਘੁੰਮਣ ਗਈ ਸੀ। ਭਾਵੇਂ ਥਾਈਲੈਂਡ ਵਿਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਪਰ ਮਹਿਲਾ ਵਿਚ ਕੁਝ ਲੱਛਣ ਮਿਲਣ ਕਰ ਕੇ ਸਿਹਤ ਵਿਭਾਗ ਇਹਤਿਆਤ ਵਜੋਂ ਕੰਮ ਲੈ ਰਿਹਾ ਹੈ ਅਤੇ ਉਸ ਨੂੰ ਆਈਸੋਲੇਸਨ ਵਾਰਡ ਵਿਚ ਰੱਖਿਆ ਗਿਆ ਹੈ। ਸੀਐਮਓ ਨੇ ਦੱਸਿਆ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਵਿਭਾਗ ਨੇ ਕਰੋਨਾਵਾਇਰਸ ਦੇ ਅਲਰਟ ਨੂੰ ਦੇਖਦਿਆਂ ਸਰਕਾਰੀ ਹਸਪਤਾਲਾਂ ਵਿਚ ਆਈਸੋਲੇਸ਼ਨ ਵਾਰਡ ਕਾਇਮ ਕਰਨ ਤੋਂ ਇਲਾਵਾ 24 ਘੰਟੇ ਐਮਰਜੈਂਸੀ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਸਿਹਤ ਵਿਭਾਗ ਵੱਲੋਂ ਭੇਜੇ ਗਏ ਡਾਟਾ ਅਨੁਸਾਰ ਉਨ੍ਹਾਂ ਸਾਰਿਆਂ ਨਾਗਰਿਕਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਹਾਲ ਹੀ ਵਿੱਚ ਚੀਨ ਜਾਂ ਹੋਰ ਦੇਸ਼ਾਂ ਵਿਚੋਂ ਆਏ ਹਨ। ਇਸ ਡਾਟਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All