ਇੰਗਲੈਂਡ ਦੌਰਾ: ਭਾਰਤ ਨੇ ਬ੍ਰਿਟੇਨ ਨੂੰ ਬਰਾਬਰੀ ’ਤੇ ਰੋਕਿਆ

ਭਾਰਤੀ ਗੋਲਚੀ ਸਵਿਤਾ ਪੂਨੀਆ (ਕੇਂਦਰ) ‘ਸਵਿਤਾ 200’ ਨਾਮ ਦੀ ਜਰਸੀ ਹੱਥਾਂ ਵਿੱਚ ਫੜ ਕੇ ਹਾਕੀ ਟੀਮ ਨਾਲ ਆਪਣੀ ਖ਼ੁਸ਼ੀ ਸਾਂਝੀ ਕਰਦੀ ਹੋਈ। ਇਹ ਉਸ ਦਾ 200ਵਾਂ ਕੌਮਾਂਤਰੀ ਮੈਚ ਸੀ। -ਫੋਟੋ: ਪੀਟੀਆਈ

ਮਾਰਲੋਅ (ਇੰਗਲੈਂਡ), 4 ਅਕਤੂਬਰ ਨਵਜੋਤ ਕੌਰ ਅਤੇ ਗੁਰਜੀਤ ਕੌਰ ਦੇ ਗੋਲਾਂ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਇੰਗਲੈਂਡ ਦੌਰੇ ਦੇ ਆਪਣੇ ਆਖ਼ਰੀ ਮੈਚ ਵਿੱਚ ਬ੍ਰਿਟੇਨ ਨੂੰ 2-2 ਨਾਲ ਬਰਾਬਰੀ ’ਤੇ ਰੋਕ ਦਿੱਤਾ। ਨਵਜੋਤ ਕੌਰ (ਅੱਠਵੇਂ ਮਿੰਟ) ਅਤੇ ਗੁਰਜੀਤ ਕੌਰ (48ਵੇਂ ਮਿੰਟ) ਨੇ ਇੱਕ-ਇੱਕ ਗੋਲ ਦਾਗ਼ ਕੇ ਭਾਰਤ ਨੂੰ 2-0 ਦੀ ਲੀਡ ਦਿਵਾਈ, ਪਰ ਬ੍ਰਿਟੇਨ ਦੀਆਂ ਐਲਿਜਾਬੈੱਥ ਨੀਲ (55ਵੇਂ ਮਿੰਟ) ਅਤੇ ਅੰਨਾ ਟੋਮਨ (60ਵੇਂ ਮਿੰਟ) ਜਵਾਬੀ ਗੋਲਾਂ ਨਾਲ ਇਸ ਮੈਚ ਨੂੰ ਡਰਾਅ ਕਰਵਾਉਣ ਵਿੱਚ ਸਫਲ ਰਹੀਆਂ। ਇਹ ਭਾਰਤੀ ਗੋਲਕੀਪਰ ਸਵਿਤਾ ਦਾ 200ਵਾਂ ਕੌਮਾਂਤਰੀ ਮੈਚ ਸੀ। ਇਸ ਤਰ੍ਹਾਂ ਭਾਰਤੀ ਟੀਮ ਨੇ ਦੌਰੇ ਦਾ ਅੰਤ ਬ੍ਰਿਟੇਨ ਵਰਗੀ ਮਜ਼ਬੂਤ ਟੀਮ ਖ਼ਿਲਾਫ਼ ਇੱਕ ਹੋਰ ਡਰਾਅ ਨਾਲ ਕੀਤਾ। ਭਾਰਤ ਨੇ ਪੰਜ ਮੈਚਾਂ ਵਿੱਚੋਂ ਇੱਕ ਜਿੱਤਿਆ, ਇੱਕ ਹਾਰਿਆ ਅਤੇ ਤਿੰਨ ਡਰਾਅ ਕਰਵਾਏ। ਪਿਛਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਮੇਜ਼ਬਾਨ ਟੀਮ ਦੇ ਡਿਫੈਂਸ ਵਿੱਚ ਸੰਨ੍ਹ ਲਾਉਣ ਲਈ ਜੂਝਦੀ ਰਹੀ। ਸ਼ੁਰੂਆਤੀ ਹਮਲਿਆਂ ਦਾ ਫ਼ਾਇਦਾ ਅੱਠਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਵਜੋਂ ਮਿਲਿਆ, ਜਿਸ ਨੂੰ ਨਵਜੋਤ ਨੇ ਗੋਲ ਵਿੱਚ ਬਦਲ ਦਿੱਤਾ। ਨਵਜੋਤ ਵੱਲੋਂ ਮਾਰੇ ਜ਼ਬਰਦਸਤ ਸ਼ਾਟ ਨੂੰ ਮੇਜ਼ਬਾਨ ਟੀਮ ਦੀ ਗੋਲਕੀਪਰ ਸਬੀ ਹੀਸ਼ ਰੋਕ ਨਹੀਂ ਸਕੀ ਅਤੇ ਭਾਰਤ ਨੇ 1-0 ਦੀ ਲੀਡ ਬਣਾ ਲਈ। ਦੂਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਬਰਾਬਰੀ ਦਾ ਰਿਹਾ। ਬਰਤਾਨੀਆ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਗੋਲਕੀਪਰ ਸਵਿਤਾ ਨੇ ਤਿੰਨਾਂ ਦਾ ਜ਼ਬਰਦਸਤ ਬਚਾਅ ਕੀਤਾ। ਤੀਜੇ ਕੁਆਰਟਰ ਵਿੱਚ ਭਾਰਤ ਨੇ ਗੇਂਦ ’ਤੇ ਆਪਣਾ ਕਬਜ਼ਾ ਜ਼ਮਾਈ ਰੱਖਿਆ। ਹਾਫ਼ ਟਾਈਮ ਵਿੱਚ ਹੀਸ਼ ਦੀ ਥਾਂ ਆਈ ਐਮੀ ਟਿਨੈਂਟ ਨੇ 40ਵੇਂ ਮਿੰਟ ਵਿੱਚ ਗੁਰਜੀਤ ਦਾ ਸ਼ਾਟ ਗੋਲ ਵਿੱਚ ਬਦਲਣ ਤੋਂ ਰੋਕ ਦਿੱਤਾ। ਭਾਰਤ ਨੇ 48ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕੀਤਾ। ਬਰਤਾਨੀਆ ਨੇ ਹਾਲਾਂਕਿ ਆਖ਼ਰੀ ਪੰਜ ਮਿੰਟ ਵਿੱਚ ਦੋ ਗੋਲ ਕਰਕੇ ਭਾਰਤੀ ਟੀਮ ਦੇ ਜਿੱਤ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All