ਅੰਬਾਲਾ ਛਾਉਣੀ ਹਾਦਸਾ: ਨਾਲੇ ਦੀ ਸਿਲ ਚੜ੍ਹਨ ਕਾਰਨ ਡਿੱਗੀ ਸੀ ਕੰਧ

ਕੰਧ ਡਿੱਗਣ ਕਾਰਨ ਨੁਕਸਾਨੀ ਗਈ ਝੁੱਗੀ ਤੇ ਖਿੰਡਿਆ ਹੋਇਆ ਸਾਮਾਨ।

ਰਤਨ ਸਿੰਘ ਢਿੱਲੋਂ ਅੰਬਾਲਾ, 5 ਅਕਤੂਬਰ ਅੰਬਾਲਾ ਛਾਉਣੀ ਦੇ ਗੁੜਗੁੜੀਆ ਨਾਲੇ ਦੇ ਕੰਢੇ ਲੰਘੀ ਰਾਤ ਝੁੱਗੀ ਵਿਚ ਰਹਿ ਰਿਹਾ ਪਰਿਵਾਰ ਰੋਟੀ ਖਾ ਕੇ ਟੀਵੀ ਦੇਖ ਰਿਹਾ ਸੀ ਤਾਂ ਅਚਾਨਕ ਰੇਲਵੇ ਰੋਡ ’ਤੇ ਸਥਿਤ ਕਿੰਗ ਪੈਲੇਸ ਦੀ ਨਾਲੇ ਵੱਲ ਉਸਾਰੀ ਗਈ ਉੱਚੀ ਕੰਧ ਢਹਿ ਕੇ ਝੁੱਗੀ ’ਤੇ ਡਿੱਗ ਪਈ ਸੀ। ਇਸ ਹਾਦਸੇ ਵਿਚ ਤਿੰਨ ਬੱਚਿਆਂ ਸਮੇਤ 5 ਜਣਿਆਂ ਦੀ ਮੌਤ ਹੋ ਗਈ ਸੀ ਜਦੋਂ ਕਿ ਬੱਚਿਆਂ ਦੀ ਮਾਂ, ਤਿੰਨ ਮਹੀਨਆਂ ਦੀ ਬੱਚੀ ਅਤੇ ਇਕ ਗੁਆਂਢੀ ਗੰਭੀਰ ਜ਼ਖ਼ਮੀ ਹੋ ਗਏ ਸਨ। ਮਰਨ ਵਾਲਿਆਂ ਵਿਚ ਤਸਲੀਮ (40), ਅਮਿਤ (12), ਸੁਮਿਤ (7), ਬਾਬੂ (5) ਤੇ ਮੁੰਬਈ ਤੋਂ ਆਇਆ ਤਸਲੀਮ ਦਾ ਸਾਲਾ ਬਾਲ ਸਵਾਮੀ (25) ਸ਼ਾਮਲ ਹਨ ਜਦੋਂ ਕਿ ਮਾਈਲੋ (35), ਗੁਆਂਢੀ ਲੜਕਾ ਖੁਸ਼ੀ (17) ਅਤੇ ਤਿੰਨ ਮਹੀਨਿਆਂ ਦੀ ਬੱਚੀ ਜੱਨਤ ਜ਼ਖ਼ਮੀ ਹਨ। ਹਸਪਤਾਲ ਵਿਚ ਇਕੱਠੇ ਹੋਏ ਲੋਕਾਂ ਅਨੁਸਾਰ ਉਸਾਰੀ ਅਧੀਨ ਸਰਕਾਰੀ ਪਾਰਕਿੰਗ ਲਈ ਗੰਦਾ ਪਾਣੀ ਅੱਗੇ ਕੱਢਣ ਲਈ ਆਰਜ਼ੀ ਨਾਲਾ ਬਣਾਇਆ ਗਿਆ ਹੈ। ਨਾਲੇ ਦੀ ਸਿਲ ਚੜ੍ਹਨ ਕਰਕੇ ਕਿੰਗ ਪੈਲੇਸ ਦੀ ਕੰਧ ਕਮਜ਼ੋਰ ਹੋ ਕੇ ਰਾਤ ਨੂੰ ਝੁੱਗੀ ’ਤੇ ਡਿੱਗ ਪਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਿਹਤ ਮੰਤਰੀ ਅਨਿਲ ਵਿੱਜ ਸਿਵਲ ਹਸਪਤਾਲ ਪਹੁੰਚੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਕੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ। ਛਾਉਣੀ ਹਲਕੇ ਤੋਂ ਕਾਂਗਰਸ ਉਮੀਦਵਾਰ ਵੇਣੂ ਅਗਰਵਾਲ ਅਤੇ ਕਾਂਗਰਸ ਤੋਂ ਬਗਾਵਤ ਕਰਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਚਿਤਰਾ ਸਰਵਾਰਾ ਵੀ ਸਿਵਲ ਹਸਪਤਾਲ ਪਹੁੰਚੀਆਂ। ਛੇ ਬੱਚਿਆਂ ਦੀ ਮਾਂ ਮਾਈਲੋ (35) ਨੇ ਅੱਜ ਪੁਲੀਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ ਇਥੇ ਝੁੱਗੀਆਂ ਵਿਚ ਪਿਛਲੇ 35 ਸਾਲਾਂ ਤੋਂ ਰਹਿ ਰਹੀ ਹੈ। ਉਸ ਦਾ ਪਤੀ ਕਬਾੜ ਚੁੱਗਣ ਦਾ ਕੰਮ ਕਰਦਾ ਸੀ। ਉਹ ਆਪਣੀ ਬੱਚੀ ਜੱਨਤ ਨੂੰ ਜੀਐਮਸੀਐਚ ਸੈਕਟਰ-32 ਤੋਂ ਘਰ ਵਾਪਸ ਲੈ ਆਈ ਹੈ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ ਇਕ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜਿਸ ਵਿਚੋਂ 30 ਹਜਾਰ ਰੁਪਏ ਦੀ ਰਕਮ ਅੱਜ ਸਿਟੀ ਮੈਜਿਸਟ੍ਰੇਟ ਕਪਿਲ ਸ਼ਰਮਾ ਨੇ ਪਰਿਵਾਰ ਨੂੰ ਸੌਂਪ ਦਿੱਤੀ। ਡੀਸੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਬਾਕੀ ਰਕਮ ਦੇਣ ਲਈ ਸਬੰਧਤ ਵਿਭਾਗ ਨੂੰ ਕੇਸ ਭੇਜ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All