ਅਧਿਆਪਕਾਂ ਨੂੰ ਅੰਕ ਦੇਣ ਦੀ ਵਿਧੀ ’ਚ ਸੁਧਾਰ ਹੋਵੇ

ਸਿੱਖਿਆ ਵਿਭਾਗ ਨਿੱਤ ਦਿਨ ਨਵੇਂ ਫੁਰਮਾਨਾਂ ਕਾਰਨ ਖਬਰਾਂ ਵਿਚ ਰਹਿੰਦਾ ਹੈ ਅਤੇ ਇਸ ਵਾਰ ਇਸੇ ਸਾਲ ਨਵੀਂ ਜਾਰੀ ਹੋਈ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ਅਧਿਆਪਕਾਂ ਵਿਚ ਚਰਚਾ ਦਾ ਵਿਸ਼ਾ ਹੈ। ਅਧਿਆਪਕਾਂ ਦੀ ਨਵੀਂ ਸਾਲਾਨਾ ਗੁਪਤ ਰਿਪੋਰਟ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਪਰਖਣ ਲਈ ਨਤੀਜਿਆਂ ਨੂੰ ਮੁੱਖ ਆਧਾਰ ਬਣਾਇਆ ਗਿਆ ਹੈ। ਇਸ ਵਿਚ ਕੁੱਲ ਸੌ ਅੰਕ ਹਨ, ਜਿਸ ਵਿਚੋਂ ਲਏ ਗਏ ਅੰਕਾਂ ਦੇ ਆਧਾਰ ’ਤੇ ਅਧਿਆਪਕ ਦੀ ਦਰਜਾਬੰਦੀ ਤਹਿ ਕੀਤੀ ਗਈ ਹੈ। ਨਤੀਜਿਆਂ ਦੇ ਕੁੱਲ 77 ਅੰਕ ਰੱਖੇ ਗਏ ਹਨ ਅਤੇ ਬਾਕੀ 23 ਅੰਕ ਅਧਿਆਪਕ ਦੁਆਰਾ ਪੜ੍ਹਾਈ ਵਿਚ ਗੁਣਾਤਮਕਤਾ ਲਿਆਉਣ ਲਈ ਕੀਤੇ ਯਤਨ ਅਤੇ ਹੋਰ ਕਾਰਜਾਂ ਲਈ ਦਿੱਤੇ ਗਏ ਹਨ। ਇਸ ਦੀ ਸਭ ਤੋਂ ਵੱਡੀ ਖਾਮੀ ਇਹ ਹੈ ਕਿ ਇਸ ਵਿਚ ਉਸ ਅਧਿਆਪਕ ਨੂੰ ਘੱਟ ਅੰਕ ਮਿਲਦੇ ਹਨ ਜਿਸ ਨੇ ਤਿੰਨ ਜਾਂ ਉਸ ਤੋਂ ਵੱਧ ਜਮਾਤਾਂ ਨੂੰ ਪੜ੍ਹਾ ਕੇ ਬੋਰਡ ਦੇ ਨਤੀਜੇ ਤੋਂ ਘੱਟ ਔਸਤ ਨਤੀਜਾ ਕੱਢਿਆ ਹੈ ਅਤੇ ਉਸ ਅਧਿਆਪਕ ਨੂੰ ਵੱਧ ਅੰਕ ਮਿਲਦੇ ਹਨ ਜਿਸ ਨੇ ਸਿਰਫ ਇਕ ਜਮਾਤ ਪੜ੍ਹਾ ਕੇ ਬੋਰਡ ਤੋਂ ਵਧ ਨਤੀਜਾ ਕੱਢਿਆ ਹੈ। ਉਦਾਹਰਣ ਲਈ ਇਕ ਅਧਿਆਪਕ ਨੇ ਤਿੰਨ ਸ਼੍ਰੇਣੀਆਂ ਦਾ 100 ਫੀਸਦੀ, 80 ਫੀਸਦੀ, 30 ਫੀਸਦੀ ਨਤੀਜਾ ਕੱਢਿਆ ਹੈ ਜਦਕਿ ਦੂਸਰੇ ਅਧਿਆਪਕ ਨੇ ਇਕ ਸ਼੍ਰੇਣੀ ਪੜ੍ਹਾ ਕੇ 75 ਫੀਸਦੀ ਨਤੀਜਾ ਪ੍ਰਾਪਤ ਕੀਤਾ ਹੈ ਤਾਂ ਦੂਸਰੇ ਅਧਿਆਪਕ ਨੂੰ ਪਹਿਲੇ ਅਧਿਆਪਕ ਨਾਲੋਂ ਵੱਧ ਅੰਕ ਮਿਲਣਗੇ ਕਿਉਂਕਿ ਪਹਿਲੇ ਅਧਿਆਪਕ ਦੀ ਔਸਤ ਪਾਸ ਪ੍ਰਤੀਸ਼ਤ 70 ਫੀਸਦੀ ਹੈ ਜਦਕਿ ਦੂਜੇ ਦੀ 75 ਫੀਸਦੀ ਹੈ। ਇਹ ਸਾਲਾਨਾ ਗੁਪਤ ਰਿਪੋਰਟ ਪਹਿਲੇ ਅਧਿਆਪਕ ਨੂੰ ਵੱਧ ਜਮਾਤਾਂ ਪੜ੍ਹਾਉਣ ਲਈ ਕੋਈ ਲਾਭ ਨਹੀਂ ਦਿੰਦੀ ਸਗੋਂ ਸਜ਼ਾ ਦਿੰਦੀ ਹੈ ਕਿ ਉਸ ਨੇ ਤਿੰਨ ਜਣਿਆਂ ਦਾ ਕੰਮ ਇਕੱਲੇ ਨੇ ਕੀਤਾ ਹੈ। ਅਸਲ ਵਿਚ ਇਸ ਰਿਪੋਰਟ ਵਿਚ ਔਸਤ ਦੇ ਸੰਕਲਪ ਵਰਤਣ ਤੋਂ ਪਹਿਲਾਂ ਉਸ ਦੀਆਂ ਕਮੀਆਂ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਇਸ ਦੀ ਵੱਡੀ ਕਮੀ ਇਹ ਹੈ ਕਿ ਅਧਿਆਪਕ ਨੂੰ ਰੋਜ਼ਾਨਾ ਡਾਇਰੀ ਲਿਖਣ ਦਾ ਅੱਧਾ (ੌ) ਅੰਕ ਮਿਲਦਾ ਹੈ ਜਿਸ ਸਬੰਧੀ ਅਧਿਆਪਕ ਅਕਸਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਵਿਭਾਗ ਉਨ੍ਹਾਂ ਨੂੰ ਡਾਇਰੀ ਲਿਖਣ ਤੋਂ ਛੋਟ ਦੇ ਦੇਵੇ ਤਾਂ ਅਸੀਂ ਇਹ ਅੱਧਾ ਨਹੀਂ ਲੈਣਾ। ਸਾਲਾਨਾ ਗੁਪਤ ਰਿਪੋਰਟ ਤਿਆਰ ਕਰਨ ਵੇਲੇ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਇਕੋ ਤਕੜੀ ਵਿਚ ਪਾ ਕੇ ਤੋਲਿਆ ਗਿਆ ਹੈ। ਅੰਗਰੇਜ਼ੀ, ਗਣਿਤ, ਵਿਗਿਆਨ ਵਰਗੇ ਔਖੇ ਸਮਝੇ ਜਾਣ ਵਾਲੇ ਵਿਸ਼ਿਆਂ ਵਿਚੋਂ ਵੱਧ ਫਸਟ ਡਿਵੀਜ਼ਨਾਂ ਦਿਵਾਉਣ ਲਈ ਸਰੀਰਿਕ ਸਿੱਖਿਆ, ਖੇਤੀਬਾੜੀ, ਡਰਾਇੰਗ ਵਰਗੇ ਵਿਸ਼ਿਆਂ ਦੇ ਬਰਾਬਰ ਕਰੈਡਿਟ ਦਿੱਤਾ ਗਿਆ ਹੈ। ਇਥੇ ਇਹ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ ਕਿ ਸੌਖੇ ਵਿਸ਼ਿਆਂ ਵਿਚੋਂ ਬੋਰਡ ਵੱਲੋਂ ਲਈ ਗਈ ਪ੍ਰੀਖਿਆ ਵਿਚ ਬਹੁਤੇ ਵਿਦਿਆਰਥੀਆਂ ਨੇ ਫਸਟ ਡਿਵੀਜ਼ਨ ਹਾਸਲ ਕੀਤੀ ਹੁੰਦੀ ਹੈ ਜਦਕਿ ਅੰਗਰੇਜ਼ੀ, ਗਣਿਤ ਵਰਗੇ ਵਿਸ਼ਿਆਂ ਵਿਚੋਂ ਬੋਰਡ ਪ੍ਰੀਖਿਆ ਵਿਚੋਂ ਗਿਣਤੀ ਦੇ ਵਿਦਿਆਰਥੀਆਂ ਦੀ ਫਸਟ ਡਿਵੀਜ਼ਨ ਹੁੰਦੀ ਹੈ। ਪਰ ਸਾਲਾਨਾ ਗੁਪਤ ਰਿਪੋਰਟ ਵਿਚ ਫਸਟ ਡਿਵੀਜ਼ਨਾਂ ਦਿਵਾਉਣ ਦੇ ਮਸਲੇ ’ਤੇ ਬੋਰਡ ਨਾਲ ਕੋਈ ਤੁਲਨਾ ਨਹੀਂ ਕੀਤੀ ਗਈ ਹੈ। ਇਸ ਉਲਝਣ ਦੇ ਹੱਲ ਲਈ ਜ਼ਰੂਰੀ ਹੈ ਕਿ ਬੋਰਡ ਵੱਲੋਂ ਵੱਖ-ਵੱਖ ਵਿਸ਼ਿਆਂ ਵਿਚੋਂ ਲਈਆਂ ਗਈਆਂ ਫਸਟ ਡਿਵੀਜ਼ਨਾਂ ਦੀ ਪ੍ਰਤੀਸ਼ਤ ਲਿਸਟ ਜਾਰੀ ਕੀਤੀ ਜਾਵੇ ਅਤੇ ਅਧਿਆਪਕਾਂ ਦੁਆਰਾ ਦੁਆਈਆਂ ਗਈਆਂ ਫਸਟ ਡਿਵੀਜ਼ਨਾਂ ਦੀ ਤੁਲਨਾ ਬੋਰਡ ਨਾਲ ਕੀਤੀ ਜਾਵੇ। ਇਹ ਰਿਪੋਰਟ ਵਿਚੋਂ ਇਕ ਸਰੀਰਿਕ ਸਿੱਖਿਆ ਅਧਿਆਪਕ 10ਵੀਂ ਜਮਾਤ ਦੇ ਚਾਰ ਪਾਠ (ਪੂਰਾ ਸਿਲੇਬਸ) ਪੜ੍ਹਾ ਕੇ ਅਸਾਨੀ ਨਾਲ 77 ਵਿਚੋਂ 77 ਅੰਕ ਲੈ ਸਕਦਾ ਹੈ ਪਰ ਜੇ ਉਹ ਇਕ ਵਿਦਿਆਰਥੀ ਨੂੰ ਕੌਮਾਂਤਰੀ ਪੱਧਰ ਤੱਕ ਖਿਡਾਉਂਦਾ ਹੈ ਤਾਂ ਉਸ ਨੂੰ ਉਸ ਲਈ 5 ਅੰਕ ਮਿਲਣਗੇ। ਸੋ ਲੋੜ ਹੈ ਕਿ ਇਸ ਸਾਲਾਨਾ ਗੁਪਤ ਰਿਪੋਰਟ ਦੀਆਂ ਕਮੀਆਂ ਨੂੰ ਦੂਰ ਕਰਕੇ ਅਧਿਆਪਕਾਂ ਨਾਲ ਇਨਸਾਫ ਕੀਤਾ ਜਾਵੇ। ਵੱਧ ਜਮਾਤਾਂ ਪੜ੍ਹਾਉਣ ਵਾਲੇ ਅਧਿਆਪਕ ਨੂੰ ਵੱਧ ਜਮਾਤਾਂ ਪੜ੍ਹਾਉਣ ਲਈ ਵਿਸ਼ੇਸ਼ ਅੰਕ ਦਿੱਤੇ ਜਾਣ ਜਾਂ ਪਿਛਲੇ ਸਾਲਾਂ ਦੀ ਸਾਲਾਨਾ ਗੁਪਤ ਰਿਪੋਰਟ ਵਾਂਗ ਸਰਵੋਤਮ ਨਤੀਜੇ ਨੂੰ ਹੀ ਅੰਕ ਦੇਣ ਲਈ ਆਧਾਰ ਮੰਨਿਆ ਜਾਵੇ। ਡਾਇਰੀ ਲਿਖਣ ਲਈ ਤਰਕਸੰਗਤ ਅੰਕ ਦਿੱਤੇ ਜਾਣ। ਸਰੀਰਿਕ ਸਿੱਖਿਆ ਅਧਿਆਪਕ ਨੂੰ ਕੌਮਾਂਤਰੀ ਪੱਧਰ ਤੱਕ ਵਿਦਿਆਰਥੀ ਨੂੰ ਖਿਡਾਉਣ ਲਈ ਘੱਟੋ-ਘੱਟ 50 ਅੰਕ ਦਿੱਤੇ ਜਾਣ। ਵਿਸ਼ੇ ਵਿਚਲੀਆਂ ਫਸਟ ਡਿਵੀਜ਼ਨਾਂ ਦੀ ਤੁਲਨਾ ਉਸੇ ਵਿਸ਼ੇ ਵਿਚੋਂ ਬੋਰਡ ਦੁਆਰਾ ਦਿੱਤੀਆਂ ਗਈਆਂ ਫਸਟ ਡਿਵੀਜ਼ਨਾਂ ਨਾਲ ਕੀਤੀ ਜਾਵੇ।

-ਪਵਨ ਕੁਮਾਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਸ਼ਹਿਰ

View All