ਐ ਜ਼ਿੰਦਗੀ...

ਜਗਦੀਪ ਸਿੱਧੂ ਬਚਪਨ ਵਿਚ ਮੌਤ ਬਾਰੇ ਕੁੱਝ ਪਤਾ ਨਹੀਂ ਹੁੰਦਾ। ਮੇਰੀ ਸਾਢੇ ਤਿੰਨ ਸਾਲ ਦੀ ਧੀ ਨੂੰ ਨਹੀਂ ਪਤਾ ਕਿ ਜਦ ਕੋਈ ਪਾਣੀ ਵਿਚ ਡੁੱਬ ਜਾਂਦਾ ਹੈ ਤਾਂ ਉਵੇਂ ਵਾਪਸ ਨਹੀਂ ਆਉਂਦਾ, ਜਿਵੇਂ ਡੁੱਬਣ ਤੋਂ ਪਹਿਲਾਂ ਹੁੰਦਾ ਹੈ। ਕਿਸੇ ਚੀਜ਼ ਬਾਰੇ ਜਾਨਣ ਨਾਲੋਂ ਮੈਨੂੰ ਲਗਦਾ ਕਦੇ ਕਦੇ ਨਾ ਜਾਨਣਾ ਵੀ ਚੰਗਾ ਹੁੰਦੈ। ਮੇਰਾ ਵੱਡਾ ਮਾਮਾ ਜਦ ਸਾਡੇ ਘਰ ਆਉਂਦਾ ਤਾਂ ਮੈਂ ਖੁਸ਼ੀ ਨਾਲ ਉੱਛਲ ਉੱਛਲ ਜਾਂਦਾ। ਉਹਨੂੰ ਪੇਟ ਦਾ ਕੈਂਸਰ ਹੋ ਗਿਆ। ਸਾਰੇ ਭਾਰਤ ਦਾ ਢਿੱਡ ਭਰਨ ਲਈ ਅਸੀਂ ਪੇਟ ਦੇ ਕੈਂਸਰ ਵੀ ਕਰਵਾ ਲਏ। ਇਕ ਦਿਨ ਮਾਂ ਉੱਚੀ ਉੱਚੀ ਰੋਣ ਲੱਗ ਪਈ, ਅਸੀਂ ਵੀ ਰੋਣ ਲੱਗ ਪਏ, ਬਿਨਾਂ ਜਾਣਿਆਂ ਕਿ ਹੋਇਆ ਕੀ ਹੈ। ਗੁਆਢਣਾਂ ਘਰ ਆਉਣੀਆਂ ਸ਼ੁਰੂ ਹੋ ਗਈਆਂ; ਪਹਿਲਾਂ ਗੁਆਂਢ ਵਿਚ ਮਾਂ ਕਈ ਵਾਰ ਇਸੇ ਤਰ੍ਹਾਂ ਭੱਜੀ ਜਾਂਦੀ, ਜਦ ਉਸ ਨੂੰ ਵੈਣ ਸੁਣਾਈ ਦਿੰਦੇ। ਮਾਂ ਦੁਹੱਥੜੇ ਮਾਰ ਕੇ ਰੋ ਰਹੀ ਸੀ। ਹੁਣ ਲੱਗਦੈ, ਇਉਂ ਪਿੱਟਣ ਨਾਲ, ਦੁੱਖ ਕਰਨ ਨਾਲ ਮੋਇਆ ਬੰਦਾ ਕੁਝ ਨਾ ਕੁਝ ਅੰਦਰੋਂ ਨਿਕਲ ਜਾਂਦਾ, ਦੁੱਖ ਘੱਟ ਜਾਂਦਾ। ਸੱਥਰ ਤੇ ਬੈਠੇ ਲੋਕ ਗੱਲਾਂ ਕਰ ਰਹੇ ਸਨ, “ਜਾਣ ਵਾਲ਼ਾ ਤਾਂ ਬਹੁਤ ਦੂਰ ਚਲਿਆ ਗਿਆ, ਹੌਸਲਾ ਰੱਖੋ ਭਾਈ, ਹੁਣ ਕੀ ਬਣਦੈ।” ਕੋਈ ਤੁਰ ਜਾਣ ਦੀ ਗੱਲ ਕਰਦਾ। ਮੈਂ ਸੋਚਦਾ! ਮਾਮੇ ਤੋਂ ਤਾਂ ਤੁਰਿਆ ਮਸਾਂ ਜਾਂਦਾ ਸੀ, ਉਹ ਏਨੀ ਦੂਰ ਕਿਵੇਂ, ਕਿੱਥੇ ਗਿਆ! ਨਾਨਕੀਂ ਜਾ ਅਸੀਂ ਮਾਮੇ ਭੂਆ ਦੇ ਮੁੰਡੇ ਖੇਡਣ ਵਿਚ ਮਸਤ ਹੋ ਗਏ। ਸਾਨੂੰ ਸਸਕਾਰ ਦੇ ਸਾਰੇ ਕੰਮਾਂ ਤੋਂ ਦੂਰ ਰੱਖਿਆ ਗਿਆ। ਇਕ ਬਜ਼ੁਰਗ ਔਰਤ ਦਾ ਕਿਹਾ ਮੈਨੂੰ ਅਜੇ ਵੀ ਚੇਤੇ ਹੈ, “ਦੇਖ ਲੈ ਭੈਣੇ, ਕਹਿੰਦੇ ਨਿਆਣੇ ਰੱਬ ਦਾ ਰੂਪ ਹੁੰਦੇ ਨੇ, ਨਾ ਰੱਬ ਨੂੰ ਥੱਲੜਿਆਂ ਦੇ ਭਾਣੇ ਦਾ ਪਤਾ, ਨਾ ਇਨ੍ਹਾਂ ਨੂੰ।” ਫਿਰ ਐਵੇਂ ਹੀ ਦੋ ਹੋਰ ਮਾਮੇ ਤੁਰ ਗਏ। ਉਹ ਤਾਂ ਏਨੇ ਗਏ ਕਿ ਨਾ ਹੁਣ ਉਨ੍ਹਾਂ ਦੀ ਕੋਈ ਤਸਵੀਰ ਥਿਆਉਂਦੀ, ਨਾ ਕੋਈ ਉਨ੍ਹਾਂ ਦਾ ਚਿਹਰਾ-ਮੁਹਰਾ ਹੀ ਯਾਦ ਹੈ। ਮਾਂ ਆਂਢ-ਗੁਆਂਢ ਜਾਂ ਰਿਸ਼ਤੇਦਾਰੀ ਵਿਚ ਕਿਸੇ ਦੇ ਅਫ਼ਸੋਸ ਕਰਨ ਜਾਂਦੀ ਤਾਂ ਮੈਂ ਨਾਲ ਜਾਣ ਦੀ ਜ਼ਿੱਦ ਕਰਦਾ। ਮਾਂ ਉੱਚੀ ਉੱਚੀ ਵੈਣ ਪਾਉਣ ਲੱਗ ਜਾਂਦੀ। ਬਹੁਤ ਚਿਰ ਬਾਅਦ ਮੈਂ ਮਾਂ ਤੋਂ ਪੁੱਛਿਆ, “ਬੀਬੀ, ਬੇਗਾਨਿਆਂ ਦੇ ਘਰ ਅਫ਼ਸੋਸ ਵੇਲੇ, ਤੈਨੂੰ ਏਨਾ ਦੁੱਖ ਕਿਵੇਂ ਹੋ ਜਾਂਦਾ ਕਿ ਤੂੰ ਉੱਚੀ ਉੱਚੀ ਵੈਣ ਪਾਉਣ ਲੱਗ ਜਾਂਦੀ ਐਂ।” ਮਾਂ ਦੇ ਸਮਝਾਉਣ ਤੇ ਮੇਰਾ ਬਹੁਤ ਵੱਡਾ ਅਤੇ ਪਹਿਲਾ ਭਰਮ ਤੜੱਕ ਕਰਕੇ ਟੁੱਟ ਗਿਆ ਸੀ: “ਪੁੱਤ ਕੋਈ ਕਿਸੇ ਨੂੰ ਰੋਣ ਨਹੀਂ ਜਾਂਦਾ, ਮੈਂ ਤਾਂ ਆਪਣਿਆਂ ਨੂੰ ਰੋਣ ਜਾਂਦੀ ਆਂ।” ਹੁਣ ਸੋਚਦਾਂ, ਤਾਹੀਓਂ ਮਾਂ ਰੋਣ ਤੋਂ ਬਾਅਦ ਫੁਰਤੀ ਜਿਹੀ ਫੜ ਲੈਂਦੀ, ਭੱਜ ਭੱਜ ਕੰਮ ਕਰਦੀ। ਉਹਦਾ ਮਨ ਹੌਲਾ ਹੋ ਜਾਂਦਾ। ਸਭ ਤੋਂ ਪਹਿਲੀ ਲੋਥ ਮੈਂ ਆਪਣੇ ਰਿਸ਼ਤੇਦਾਰੀ ਦੇ ਨੌਜਵਾਨ ਮੁੰਡੇ ਦੀ ਦੇਖੀ, ਸ਼ਾਇਦ ਉਸ ਨੇ ਕੁਝ ਖਾ ਲਿਆ ਸੀ, ਉਸ ਦਾ ਮੂੰਹ ਸੁੱਜਿਆ ਹੋਇਆ ਸੀ। ਪਛਾਣ ਨਹੀਂ ਸੀ ਹੋ ਰਿਹਾ। ਮੈਨੂੰ ਅਜੇ ਵੀ ਲੱਗਦਾ, ਉਹ ਹਸਮੁੱਖ ਮੁੰਡਾ ਨਹੀਂ ਗਿਆ। ਗੱਲ ਤਾਂ ਇਹ ਹੈ ਕਿ ਜਿਹੜਾ ਕੋਈ ਨਜ਼ਦੀਕੀ ਅਸਲੀ ਰੂਪ ਵਿਚ ਜਾਂਦਾ ਨਹੀਂ ਦੇਖਿਆ, ਉਹ ਲੱਗਦਾ ਹੀ ਨਹੀਂ ਕਿ ਚਲਾ ਗਿਆ। ਬਚਪਨ ਵੇਲੇ ਦੀਆਂ ਇਕ ਦੋ ਔਰਤਾਂ ਦਾ ਚੇਤਾ ਆਉਂਦਾ ਹੈ ਜਿਨ੍ਹਾਂ ਦੇ ਪਤੀ ਜਾਂ ਪੁੱਤ ਬਾਹਰ ਅਰਬ ਮੁਲਕਾਂ ਵਿਚ ਕਮਾਈ ਕਰਨ ਗਏ ਸਨ। ਉਹ ਕਿਸੇ ਤੇਲ ਦੇ ਟੈਂਕਰ ਵਿਚ ਅੱਗ ਲੱਗਣ ਨਾਲ ਜਾਂ ਕਿਸੇ ਹਾਦਸੇ ਵਿਚ ਮਰ ਗਏ ਸਨ। ਉਨ੍ਹਾਂ ਨੂੰ ਯਕੀਨ ਹੀ ਨਹੀਂ ਆਉਂਦਾ ਕਿ ਉਹ ਇੰਜ ਗਏ ਹਨ। ਜੇ ਸਾਹਮਣੇ ਸਿਵਿਆਂ ਵਿਚ ਸਾਬਤ ਸੜੇ ਹੁੰਦੇ ਤਾਂ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ। ਕਹਿੰਦੇ, ਬੰਦਾ ਸਭ ਕੁਝ ਭੁੱਲ ਜਾਂਦਾ ਹੈ; ਜੇ ਭੁੱਲਣਾ ਨਾ ਹੋਵੇ ਤਾਂ ਪਿੱਛੇ ਰਹਿ ਗਏ ਬੰਦੇ ਵੀ ਜੀਅ ਨਾ ਸਕਣ। ਲੱਗਦੈ, ਇਹ ਭੁੱਲਣਾ ਵੀ ਸਾਨੂੰ ਪੂਰਾ ਨਹੀਂ ਮਿਲਦਾ, ਜ਼ਿੰਦਗੀ ਵਿਚ ਕੁਝ ਨਾ ਕੁਝ ਰਹਿ ਜਾਂਦਾ ਜੋ ਵੇਲੇ-ਕੁਵੇਲੇ ਤੁਹਾਨੂੰ ਤੰਗ ਕਰਦੈ। ਮੈਂ ਪੀਜੀਆਈ ਕਿਸੇ ਜਾਣੂ ਦਾ ਪਤਾ ਲੈਣ ਗਿਆ, ਉੱਥੇ ਛੋਟਾ ਜਿਹਾ ਬੱਚਾ ਦਾਖ਼ਲ ਸੀ। ਸਭ ਨਜ਼ਦੀਕੀ ਰਿਸਤੇਦਾਰ ਉਸ ਦੇ ਬੈੱਡ ਦੁਆਲ਼ੇ ਖੜ੍ਹੇ ਸਨ, ਜਿਵੇਂ ਖੇਡ ਖੇਡ ਵਿਚ ਫੜਨ ਲਈ ਉਸ ਨੂੰ ਘੇਰੀ ਖੜ੍ਹੇ ਹੋਣ। ਉਸ ਦੀ ਮੌਤ ਹੋ ਗਈ। ਘਰ ਆਣ ਕੇ ਕਵਿਤਾ ਲਿਖੀ: ਬੱਚੇ ਦੀ ਮੌਤ। ... ਉਸ ਨੂੰ/ਘੇਰੀ ਬੈਠੇ/ਉਹਦੇ ਮੰਮੀ ਪਾਪਾ/ਵੱਡੇ ਭੈਣ-ਭਰਾ/ਅੱਜ/ਉਹ ਫੇਰ/ਘੇਰਾ ਤੋੜ ਕੇ/ਦੌੜ ਗਿਆ। ਇਉਂ ਹੀ ਮੈਨੂੰ ਆਪਣੇ ਪਿਤਾ ਦੀ ਮੌਤ ਨਹੀਂ ਭੁੱਲਦੀ। ਉਹ ਕਾਰ ਚਲਾਉਣ ਦਾ ਪੂਰਾ ਮਾਹਿਰ ਸੀ। ਪਹਿਲਾਂ ਉਸ ਦਾ ਐਕਸੀਡੈਂਟ ਹੋਇਆ, ਫਿਰ ਕੁਝ ਮਹੀਨਿਆਂ ਬਾਅਦ ਦਿਲ ਦੇ ਦੌਰੇ ਨਾਲ ਮੌਤ। ਐਕਸੀਡੈਂਟ ਤੋਂ ਬਾਅਦ ਉਸ ਦੀ ਸਿਹਤ ਬਹੁਤੀ ਠੀਕ ਨਹੀਂ ਸੀ ਰਹਿੰਦੀ। ਸਾਰੀ ਉਮਰ ਦੀ ਡਰਾਇਵਿੰਗ ਵਿਚ ਉਸ ਦੇ ਝਰੀਟ ਤਕ ਨਹੀਂ ਸੀ ਆਈ। ਉਸ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਹ ਆਪਣੀ ਸਹੀ ਦਿਸ਼ਾ ਖੱਬੇ ਪਾਸੇ ਸੀ। ਕਿਸੇ ਸਿਖਾਂਦਰੂ ਨੇ ਉਹਦੀ ਸਾਈਡ ਲਿਆ ਕੇ ਸਾਹਮਣਿਓਂ ਗੱਡੀ ਵਿਚ ਮਾਰ ਦਿੱਤੀ। ਫਿਰ ਹਾਰਟ ਅਟੈਕ ਨਾਲ ਉਸ ਦੀ ਮੌਤ, ਖੱਬੇ ਪਾਸੇ ਨੇ ਹੀ ਉਸ ਦੀ ਜਾਨ ਲੈ ਲਈ ਸੀ। ਹੁਣ ਜਿਉਂ ਜਿਉਂ ਵੱਡੇ ਹੁੰਦੇ ਜਾਂਦੇ ਹਾਂ, ਮੌਤਾਂ ਵੱਧ ਮਿਲਣ ਲੱਗ ਪਈਆਂ ਹਨ। ਜਨਮ ਘਟ ਗਏ ਲੱਗਦੇ ਹਨ, ਜਿਵੇਂ ਮਨੁੱਖੀ ਸੈਲ ਇਕ ਉਮਰ ਤੋਂ ਬਾਅਦ ਜਨਮਦੇ ਘੱਟ ਤੇ ਮਰਦੇ ਵੱਧ ਨੇ। ਸਿਹਤ ਵਿਗਿਆਨ ਨੇ ਬਸ ਏਨੀ ਕੁ ਤਰੱਕੀ ਕਰ ਲਈ ਹੈ, ਹੁਣ ਡਾਕਟਰ ਕਈ ਕੇਸਾਂ ਵਿਚ ਪਹਿਲਾਂ ਹੀ ਦੱਸ ਦਿੰਦੇ, ਬਈ ਇਕ ਦੋ ਮਹੀਨੇ ਹੋਰ। ਬੰਦਾ ਆਪਣੀ ਮੌਤ ’ਤੇ ਖ਼ੁਦ ਵੀ ਰੋ ਲੈਂਦਾ ਹੈ। ਮੇਰੇ ਇਕ ਕਰੀਬੀ ਦੇ ਘਰਦਿਆਂ ਨੂੰ ਜਦ ਡਾਕਟਰਾਂ ਨੇ ਦੱਸਿਆ ਕਿ ਆਖ਼ਰੀ ਸਟੇਜ ਦਾ ਬਲੱਡ ਕੈਂਸਰ ਹੈ, ਬਸ ਇਕ ਦੋ ਮਹੀਨੇ ਹੋਰ ਹੈ। ਸਾਰਿਆਂ ਨੇ ਸਲਾਹ ਕੀਤੀ ਕਿ ਮਰੀਜ਼ ਨੂੰ ਦੱਸ ਦੇਣਾ ਚਾਹੀਦਾ, ਰਹਿੰਦਾ ਸਮਾਂ ਇਹ ਕਿਸੇ ਭਰਮ ਵਿਚ ਨਾ ਜੀਵੇ ਤੇ ਆਪਣੇ ਅਨੁਸਾਰ ਸੋਚੇ, ਸਮਝੇ, ਸਮਾਂ ਕੱਢੇ। ਘਰਦਿਆਂ ਸਾਹਮਣੇ ਤਾਂ ਉਹ ਸ਼ਾਂਤ ਰਿਹਾ ਪਰ ਕੱਲਾ ਹੁਬਕੀ ਰੋਂਦਾ। ਹੁਣ ਉਮਰ ਜਦ ਚਾਲ਼ੀਆਂ ਦੇ ਨੇੜੇ ਹੈ, ਕਿੰਨੀਆਂ ਮੌਤਾਂ ਦੇਖ ਲਈਆਂ, ਕਿੰਨੇ ਪ੍ਰਕਾਰ ਦੀਆਂ ਦੇਖ ਲਈਆਂ। ਮੌਤ ਤੋਂ ਜ਼ਿਆਦਾ ਡਰ ਲੱਗਣ ਲੱਗ ਪਿਆ। ਕਿਸੇ ਦੂਰੋਂ ਲੱਗਦੇ ਦੀ ਵੀ ਮੌਤ ਦਾ ਅਫ਼ਸੋਸ ਕਰਨ ਜ਼ਰੂਰ ਜਾਂਦਾ ਹਾਂ। ਲਗਦਾ ਹੁੰਦਾ, ਆਪਣੇ ਮਰਨ ਤੇ ਹੀ ਦੁੱਖ ਪ੍ਰਗਟ ਕਰਨ ਆਇਆ ਹਾਂ, ਹਾਏ! ਮੈਂ ਵੀ ਮਰ ਜਾਣੈਂ। ਸੰਪਰਕ: 82838-26876

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All