‘ਕਿੱਥੇ ਨੇ ਅਖ਼ਬਾਰ?’...ਪੂਰੇ ਪੰਜਾਬ ’ਚ ਪੁਲੀਸ ਵੱਲੋਂ ਅਖ਼ਬਾਰਾਂ ਦੀ ਸਪਲਾਈ ਵਾਲੇ ਵਾਹਨਾਂ ਦੀ ਚੈਕਿੰਗ
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਨਿੱਚਰਵਾਰ ਨੂੰ ਕਈ ਅਖ਼ਬਾਰਾਂ ਦੀ ਵੰਡ ਵਿੱਚ ਦੇਰੀ ਹੋਈ ਕਿਉਂਕਿ ਪੁਲੀਸ ਵੱਲੋਂ ਅਖ਼ਬਾਰਾਂ ਦੀ ਸਪਲਾਈ ਲੈ ਕੇ ਜਾ ਰਹੇ ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ। ਲੁਧਿਆਣਾ ਅਤੇ ਹੁਸ਼ਿਆਰਪੁਰ ਤੋਂ ਆਈਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਲੀਸ ਟੀਮਾਂ ਨੇ ਅਖ਼ਬਾਰਾਂ ਦੀ ਸਪਲਾਈ ਵਾਲੀਆਂ ਵੈਨਾਂ ਨੂੰ ਰੋਕਿਆ ਅਤੇ ਡੂੰਘਾਈ ਨਾਲ ਤਲਾਸ਼ੀ ਲਈ। ਪੁਲੀਸ ਨੇ ਤਲਾਸ਼ੀ ਲਈ ਇਸ ਸ਼ੱਕ ਦਾ ਹਵਾਲਾ ਦਿੱਤਾ ਕਿ ਨਸ਼ਿਆਂ ਤੇ ਹਥਿਆਰਾਂ ਦੀ ਢੋਆ-ਢੁਆਈ ਕੀਤੀ ਜਾ ਰਹੀ ਸੀ।
ਉਧਰ ਸੰਪਰਕ ਕਰਨ ’ਤੇ ਚੰਡੀਗੜ੍ਹ ਵਿੱਚ ਪੰਜਾਬ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਅਖ਼ਬਾਰਾਂ ਦੇ ਵਾਹਨਾਂ ਦੀ ਜਾਂਚ ਲਈ ਕੋਈ ਵਿਸ਼ੇਸ਼ ਆਦੇਸ਼ ਨਹੀਂ ਦਿੱਤਾ ਗਿਆ ਹੈ। ਇੱਕ ਹੋਰ ਅਧਿਕਾਰੀ ਨੇ ਕਿਹਾ, ‘‘ਕੁਝ ਜਾਣਕਾਰੀ ਦੇ ਆਧਾਰ ’ਤੇ ਸਥਾਨਕ ਪੁਲੀਸ ਵੱਲੋਂ ਫੀਲਡ ਵਿੱਚ ਕਦੇ ਵੀ ਜਾਂਚ ਕੀਤੀ ਜਾ ਸਕਦੀ ਹੈ ਪਰ ਅਖ਼ਬਾਰਾਂ ਦੀ ਸਪਲਾਈ ਵਾਲੇ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਸਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ।’’ ਲੁਧਿਆਣਾ ਨੇੜੇ ਅਹਿਮਦਗੜ੍ਹ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਸਵਾਲ ਪੁੱਛਿਆ ਕਿ ਅਖ਼ਬਾਰ ਕਿਉਂ ਨਹੀਂ ਪਹੁੰਚਾਏ ਗਏ।
ਸਥਾਨਕ ਵਸਨੀਕ ਮਹਾਵੀਰ ਗੋਇਲ ਨੇ ਕਿਹਾ ਕਿ ਮੰਡੀ ਅਹਿਮਦਗੜ੍ਹ ਵਿੱਚ ਐਤਵਾਰ ਸਵੇਰੇ 9 ਵਜੇ ਤੱਕ ਕੋਈ ਅਖ਼ਬਾਰ ਨਹੀਂ ਪਹੁੰਚਿਆ ਸੀ। ਅਤਿਵਾਦ ਦੇ ਕਾਲੇ ਦਿਨਾਂ ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਅਖ਼ਬਾਰਾਂ ਦੀ ਸਰਕੂਲੇਸ਼ਨ ਅਸਰਅੰਦਾਜ਼ ਹੋਈ ਹੈ। ਉਧਰ ਅੰਮ੍ਰਿਤਸਰ, ਫ਼ਰੀਦਕੋਟ ਤੇ ਮੁਕਤਸਰ ਵਿਚ ਵੀ ਲੋਕਾਂ ਦੇ ਘਰਾਂ ’ਚ ਅਖ਼ਬਾਰ ਨਾ ਪੁੱਜਣ ਦਾ ਦਾਅਵਾ ਕੀਤਾ ਗਿਆ ਹੈ।
ਪਟਿਆਲਾ ਵਿੱਚ ਸਥਾਨਕ ਭਾਸ਼ਾਈ ਅਖ਼ਬਾਰਾਂ ਵਾਲੇ ਵਾਹਨਾਂ ਦੀ ਸਵੇਰੇ-ਸਵੇਰੇ ਸਖ਼ਤੀ ਨਾਲ ਜਾਂਚ ਕੀਤੀ ਗਈ, ਪਰ ਬਾਅਦ ਵਿੱਚ ਉਨ੍ਹਾਂ ਨੂੰ ਲੰਘਣ ਦਿੱਤਾ ਗਿਆ। ਸਮਾਣਾ ਅਤੇ ਪਾਤੜਾਂ ਦੇ ਛੋਟੇ ਕਸਬਿਆਂ ਵਿੱਚ ਅਖ਼ਬਾਰਾਂ ਦੀ ਸਪਲਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਦੇ ਘਰਾਂ ਤੱਕ ਦੇਰੀ ਨਾਲ ਅਖ਼ਬਾਰ ਪੁੱਜਾ। ਵੈਂਡਰਾਂ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਅਖ਼ਬਾਰਾਂ ਦੀ ਸਪਲਾਈ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਿਸ ਕਰਕੇ ਦੁਕਾਨਾਂ ’ਤੇ ਸਪਲਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਤੱਕ ਅਖ਼ਬਾਰ ਦੇਰੀ ਨਾਲ ਪੁੱਜੇ।
ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਬਾਰੇ ਇਨਪੁਟ ਕਰਕੇ ਵਾਹਨਾਂ ਦੀ ਜਾਂਚ ਕੀਤੀ: ਡੀਜੀਪੀ
ਉਧਰ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਮੰਨਿਆ ਕਿ ਅਖ਼ਬਾਰਾਂ ਦੀ ਸਪਲਾਈ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ ਹੈ। ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਕੋਲ ਇਨਪੁਟ ਸੀ ਕਿ ਇਨ੍ਹਾਂ ਵਾਹਨਾਂ ਦੀ ਵਰਤੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਲਈ ਕੀਤੀ ਜਾ ਸਕਦੀ ਹੈ। ਇਹੀ ਵਜ੍ਹਾ ਹੈ ਕਿ ਇਨ੍ਹਾਂ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਸ਼ੁਕਲਾ ਨੇ ਸਾਫ਼ ਕਰ ਦਿੱਤਾ ਕਿ ਅਖ਼ਬਾਰਾਂ ਦੇ ਪ੍ਰਸਾਰ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਵਾਹਨਾਂ ਤੇ ਡਰਾਈਵਰਾਂ ਨੂੰ ਪੂਰੀ ਤਰ੍ਹਾਂ ਜਾਂਚ ਤੋਂ ਬਾਅਦ ਛੱਡ ਦਿੱਤਾ ਗਿਆ।
ਉਧਰ ਅੰਮ੍ਰਿਤਸਰ, ਫਰੀਦਕੋਟ ਅਤੇ ਮੁਕਤਸਰ ਤੋਂ ਆਈਆਂ ਰਿਪੋਰਟਾਂ ਵਿੱਚ ਵੀ ਦਾਅਵਾ ਕੀਤਾ ਗਿਆ ਹੈ ਕਿ ਅਖ਼ਬਾਰਾਂ ਦੀ ਸਪਲਾਈ ਸਮੇਂ ਸਿਰ ਨਹੀਂ ਪੁੱਜੀ।
ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅਖ਼ਬਾਰਾਂ ਦੀ ਸਰਕੂਲੇਸ਼ਨ ਵਿਰੁੱਧ ਪੁਲੀਸ ਕਾਰਵਾਈ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ‘ਪੰਜਾਬ ਵਿੱਚ ਅਣਐਲਾਨੀ ਐਮਰਜੈਂਸੀ’ ਲਾਗੂ ਕਰਨ ਲਈ ਕਿਸ ਹੱਦ ਤੱਕ ਡਿੱਗ ਰਹੀ ਹੈ। ਗਾਂਧੀ ਨੇ ਦਿ ਟ੍ਰਿਬਿਊਨ ਨੂੰ ਦੱਸਿਆ, ‘‘ਅਜਿਹੀ ਸਰਕਾਰੀ ਕਾਰਵਾਈ ਗੈਰ-ਜਮਹੂਰੀ ਹੈ ਅਤੇ ਇੱਕ ਚੁਣੀ ਹੋਈ ਸਰਕਾਰ ਦੇ ਸਿਧਾਂਤਾਂ ਦੇ ਵਿਰੁੱਧ ਹੈ।’’
ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਐਕਸ ’ਤੇ ਇੱਕ ਪੋਸਟ ਵਿੱਚ ਲਿਖਿਆ ਕਿ ਇਹ ਪੰਜਾਬ ਵਿੱਚ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਕਥਿਤ ਤੌਰ ’ਤੇ ਪੰਜਾਬ ਦੇ ਸਰਕਾਰੀ ਘਰ ਨੰਬਰ 50 ਵਿੱਚ ਅਰਵਿੰਦ ਕੇਜਰੀਵਾਲ ਦੇ ਠਹਿਰਨ ਦੀਆਂ ਖ਼ਬਰਾਂ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਰਾਜ ਭਰ ਵਿੱਚ ਛਾਪੇ ਮਾਰੇ ਅਤੇ ਅਖਬਾਰਾਂ ਦੀ ਵੰਡ ਨੂੰ ਰੋਕ ਦਿੱਤਾ।
ਲੁਧਿਆਣਾ ਵਿੱਚ ਅੱਜ ਤੜਕੇ 4 ਵਜੇ ਵੱਖ-ਵੱਖ ਅਖ਼ਬਾਰਾਂ ਵਾਲੀਆਂ ਗੱਡੀਆਂ ਘੰਟਾਘਰ ਨੇੜੇ ਪਹੁੰਚੀਆਂ, ਪਰ ਉਨ੍ਹਾਂ ਨੂੰ ਕੋਤਵਾਲੀ ਲਿਜਾਇਆ ਗਿਆ। ਦਿ ਟ੍ਰਿਬਿਊਨ ਤੇ ਅਜੀਤ ਅਖ਼ਬਾਰ ਵਾਲੀਆਂ ਗੱਡੀਆਂ ਨੂੰ ਇੱਕ ਘੰਟੇ ਬਾਅਦ ਸਵੇਰੇ 5:15 ਵਜੇ ਛੱਡ ਦਿੱਤਾ ਗਿਆ। ਜਾਗਰਣ, ਭਾਸਕਰ ਅਤੇ ਪੰਜਾਬ ਕੇਸਰੀ ਦੀਆਂ ਗੱਡੀਆਂ ਨੂੰ ਸਵੇਰੇ 7:15 ਵਜੇ ਛੱਡਿਆ ਗਿਆ।
ਇਮਰਾਨ ਮੁਹੰਮਦ ਨੇ ਕਿਹਾ ਕਿ ਅਖ਼ਬਾਰਾਂ ਦੀ ਸਪਲਾਈ ਵਾਲੀਆਂ ਗੱਡੀਆਂ ਨਿਯਮਤ ਸਮੇਂ ਤੋਂ ਕਰੀਬ ਚਾਰ ਘੰਟੇ ਬਾਅਦ, ਸਵੇਰੇ 8.30 ਵਜੇ ਅਹਿਮਦਗੜ੍ਹ ਪਹੁੰਚੀਆਂ। ਵਾਹਨਾਂ ਦੇ ਨਾਲ ਆਉਣ ਵਾਲੇ ਸਟਾਫ ਨੇ ਕਿਹਾ ਕਿ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਪੁਲੀਸ ਥਾਣੇ ਵਿੱਚ ਹਿਰਾਸਤ ’ਚ ਲਿਆ ਗਿਆ ਹੈ। ਹੋਰ ਹਾਕਰਾਂ ਵਾਂਗ ਇਮਰਾਨ ਨੂੰ ਆਪਣੇ ਗਾਹਕਾਂ ਤੋਂ ਉਨ੍ਹਾਂ ਦੇ ਘਰ ਅਖ਼ਬਾਰ ਨਾ ਪਹੁੰਚਣ ਬਾਰੇ ਲਗਾਤਾਰ ਫੋਨ ਆਉਂਦੇ ਰਹੇ। ਪਾਠਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦਾ ਐਤਵਾਰ ਖਰਾਬ ਹੋ ਗਿਆ ਕਿਉਂਕਿ ਉਹ ਆਪਣੇ ਅਖ਼ਬਾਰ ਪੜ੍ਹ ਕੇ ਦਿਨ ਦੀ ਸ਼ੁਰੂਆਤ ਨਹੀਂ ਕਰ ਸਕੇ।
ਮੋਨੂੰ ਨਾਂ ਦੇ ਅਖ਼ਬਾਰ ਵਿਕਰੇਤਾ ਨੇ ਕਿਹਾ ਕਿ ਅਖ਼ਬਾਰਾਂ ਦੀ ਸਪਲਾਈ ਵਾਲੀਆਂ ਛੇ-ਸੱਤ ਗੱਡੀਆਂ ਨੂੰ ਸਵੇਰੇ 5 ਵਜੇ ਦੇ ਕਰੀਬ ਪੁਲੀਸ ਥਾਣੇ ਲਿਜਾਇਆ ਗਿਆ। ਪੁਲੀਸ ਨੇ ਗੱਡੀਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਲਗਪਗ ਦੋ ਘੰਟਿਆਂ ਬਾਅਦ, ਗੱਡੀਆਂ ਨੂੰ ਛੱਡ ਦਿੱਤਾ ਗਿਆ। ਉਸ ਨੇ ਕਿਹਾ, ‘‘ਅਸੀਂ ਸਾਰੇ ਹਾਕਰਾਂ ਨੇ ਵਾਹਨਾਂ ਨੂੰ ‘ਥਾਣਿਆਂ’ ਵਿੱਚ ਲਿਜਾਣ ਦੇ ਕਾਰਨ ਬਾਰੇ ਪੁੱਛਿਆ ਪਰ ਪੁਲੀਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਸਿਰਫ਼ ਇਹ ਕਿਹਾ ਕਿ ਜਦੋਂ ਸੀਨੀਅਰ ਅਧਿਕਾਰੀ ਕਹਿਣਗੇ ਤਾਂ ਉਹ ਵਾਹਨ ਛੱਡ ਦੇਣਗੇ। ਵਾਹਨਾਂ ਨੂੰ ਅਖੀਰ ਕਰੀਬ ਦੋ ਘੰਟਿਆਂ ਬਾਅਦ ਛੱਡ ਦਿੱਤਾ ਗਿਆ, ਜਿਸ ਕਾਰਨ ਅਖਬਾਰਾਂ ਦੀ ਸਪਲਾਈ ਦੋ-ਤਿੰਨ ਘੰਟੇ ਦੇਰੀ ਨਾਲ ਹੋਈ।’’
ਅਖ਼ਬਾਰਾਂ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਦੀ ਜਾਂਚ ਦੇ ਕੰਮ ਵਿੱਚ ਸ਼ਾਮਲ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਕੁਝ ਸਥਾਨਕ ਅਖ਼ਬਾਰਾਂ ਦੇ ਵਾਹਨਾਂ ਬਾਰੇ ਜਾਣਕਾਰੀ ਮਿਲੀ ਸੀ। ਇਸ ਪ੍ਰਕਿਰਿਆ ਵਿੱਚ ਹੋਰ ਅਖ਼ਬਾਰਾਂ ਲੈ ਕੇ ਜਾਣ ਵਾਲੇ ਕੁਝ ਵਾਹਨ ਵੀ ਦੇਰੀ ਨਾਲ ਪਹੁੰਚੇ।’’ ਸਰਹਿੰਦ ਫਤਿਹਗੜ੍ਹ ਸਾਹਿਬ ਵਿਚ ਅਖ਼ਬਾਰਾਂ ਦੀ ਸਪਲਾਈ ਬਹੁਤ ਅਖੀਰ ਵਿੱਚ ਪਹੁੰਚੀ। ਇਕ ਏਜੰਟ ਨੇ ਕਿਹਾ ਕਿ ਪਹਿਲਾਂ ਅਖ਼ਬਾਰ ਸਵੇਰੇ 4 ਵਜੇ ਆਉਂਦੇ ਸਨ ਪਰ ਅੱਜ ਟ੍ਰਿਬਿਊਨ ਸਮੂਹ ਦੇ ਅਖ਼ਬਾਰ ਸਵੇਰੇ 5.40 ਵਜੇ ਪਹੁੰਚੇ। ਪੰਜਾਬ ਕੇਸਰੀ ਸਮੂਹ ਦੇ ਅਖ਼ਬਰਾਰ 7.30 ਵਜੇ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਦੀ ਵੈਨ ਨੂੰ ਸਾਹਨੇਵਾਲ ਪੁਲੀਸ ਨੇ ਰੋਕਿਆ ਅਤੇ ਥਾਣੇ ਲੈ ਗਈ।
