ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 10 ਅਪਰੈਲ
ਪੰਜਾਬ ਵਿੱਚ ਕਣਕ ਦੀ ਖਰੀਦ ਅੱਜ ਤੋਂ ਸ਼ੁਰੂ ਹੋਣ ਦੇ ਪਹਿਲੇ ਦਿਨ ਅੰਮ੍ਰਿਤਸਰ ਦੀਆਂ 57 ਮੰਡੀਆਂ ਵਿੱਚ ਕਣਕ ਨਾ ਆਉਣ ਕਰਕੇ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕੀ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਮੰਡੀ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਹੈ ਕਿ ਇਸ ਖਿੱਤੇ ਵਿੱਚ ਕਣਕ ਦੀ ਬਿਜਾਈ ਪਛੇਤੀ ਕੀਤੀ ਜਾਂਦੀ ਹੈ। ਇਸ ਲਈ ਦੋ ਚਾਰ ਦਿਨਾਂ ਤੱਕ ਵਾਢੀਆਂ ਹੋਣ ਉਪਰੰਤ ਕਣਕ ਅਨਾਜ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ ਅਤੇ ਕਣਕ ਆਉਣ ’ਤੇ ਜ਼ਿਲ੍ਹੇ ਦੀਆਂ 57 ਮੰਡੀਆਂ ਵਿੱਚ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ।
ਭੁਲੱਥ (ਦਲੇਰ ਸਿੰਘ ਚੀਮਾ) ਭੁਲੱਥ ਸਬ-ਡਵੀਜ਼ਨ ਦੀਆਂ ਮੰਡੀਆਂ ਵਿੱਚ ਕਣਕ ਆਉਣ ਦੇ ਬਾਵਜੂਦ ਖਰੀਦ ਨਹੀਂ ਹੋਈ। ਮਾਰਕੀਟ ਕਮੇਟੀ ਭੁਲੱਥ ਦੇ ਆਗੂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਰਕਿਟ ਕਮੇਟੀ ਵੱਲੋਂ 11 ਅਪਰੈਲ ਤੋਂ ਸਬ-ਡਵੀਜ਼ਨ ਦੀਆਂ ਮੰਡੀਆਂ ਵਿੱਚ ਖਰੀਦ ਸ਼ੁਰੂ ਹੋ ਜਾਵੇਗੀ। ਮਾਰਕੀਟ ਕਮੇਟੀ ਦੇ ਚੇਅਰਮੈਨ ਰਛਪਾਲ ਸਿੰਘ ਬੱਚਾਜੀਵੀ ਨੇ ਦੱਸਿਆ ਕਿ ਅੱਜ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ।
ਆੜ੍ਹਤੀਆਂ ਦੀ ਹੜਤਾਲ ਕਾਰਨ ਦਿੱਕਤਾਂ
ਜਲੰਧਰ (ਪਾਲ ਸਿੰਘ ਨੌਲੀ): ਕੇਂਦਰ ਸਰਕਾਰ ਵੱਲੋਂ ਕਣਕ ਦੀ ਸਿੱਧੀ ਅਦਾਇਗੀ ਦੇ ਫਸੇ ਪੇਚ ਕਾਰਨ ਅੱਜ ਜਲੰਧਰ ਮੰਡੀ ਵਿਚ ਆੜ੍ਹਤੀਆਂ ਨੇ ਹੜਤਾਲ ਕਰ ਦਿੱਤੀ। ਕਣਕ ਦੀ ਖਰੀਦ ਸ਼ੁਰੂ ਕਰਨ ਦੇ ਪਹਿਲੇ ਦਿਨ ਹੀ ਕੁਝ ਗਿਣਤੀ ਕਿਸਾਨ ਕਣਕ ਤਾਂ ਮੰਡੀ ਵਿਚ ਲੈ ਕੇ ਆਏ ਪਰ ਆੜ੍ਹਤੀਆਂ ਵੱਲੋਂ ਹੜਤਾਲ ਕਰਨ ਕਰਕੇ ਉਹ ਕਣਕ ਵੇਚਣ ਤੋਂ ਅਸਮਰੱਥ ਰਹੇ। ਹੁਣ ਕਿਸਾਨਾਂ ਨੂੰ ਕਣਕ ਦੀਆਂ ਲੱਗੀਆਂ ਢੇਰੀਆਂ ਦੀ ਰਾਖੀ ਵੀ ਕਰਨੀ ਪਵੇਗੀ ਤੇ ਮੰਡੀਆਂ ਵਿਚ ਰਾਤਾਂ ਵੀ ਕੱਟਣੀਆਂ ਪੈਣਗੀਆਂ। ਦਾਣਾ ਮੰਡੀ ਵਿਚ ਕਣਕ ਲੈ ਕੇ ਆਏ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਸਵੇਰੇ ਕਣਕ ਦੀ ਟਰਾਲੀ ਲੈ ਕੇ ਆਇਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਆੜ੍ਹਤੀਆਂ ਨੇ ਹੜਤਾਲ ਕਰ ਦਿੱਤੀ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਜਗਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਮੰਡੀ ਵਿਚ ਅਜੇ ਤੱਕ ਨਾ ਤਾਂ ਬਾਰਦਾਨਾ ਆਇਆ ਹੈ ਤੇ ਨਾ ਹੀ ਸਰਕਾਰ ਦੇ ਅਧਿਕਾਰੀ ਆਏ ਹਨ।