ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਜਨਵਰੀ
ਪੰਜਾਬ ਵਕਫ਼ ਬੋਰਡ ਦੀ ਕਾਰਵਾਈ ਤੋਂ ਖਫ਼ਾ ਪੀੜਤ ਪਰਿਵਾਰਾਂ ਨੇ ਅੱਜ ਦੁਰਗਿਆਣਾ ਮੰਦਰ ਕੰਪਲੈਕਸ ਵਿੱਚ ਵੱਡਾ ਇਕੱਠ ਕਰ ਕੇ ਵਕਫ਼ ਬੋਰਡ ਨੂੰ ਭੰਗ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ‘ਚ ਵਿਰਸਾ ਸੰਭਾਲ ਮੰਚ ਦੀ ਅਗਵਾਈ ਹੇਠ ਵਕਫ਼ ਪੀੜਤ ਸੰਘਰਸ਼ ਮੋਰਚਾ ਅੰਮ੍ਰਿਤਸਰ ਦਾ ਗਠਨ ਕੀਤਾ ਗਿਆ, ਜਿਸ ਦੇ ਝੰਡੇ ਹੇਠ ਇੱਥੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਇਕੱਠੇ ਹੋਏ ਸਨ ਤੇ ਇਨ੍ਹਾਂ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਕਫ਼ ਬੋਰਡ ਨੇ ਪਿਛਲੇ ਹਫ਼ਤੇ ਇੱਥੇ ਵਾਰਡ ਨੰਬਰ-68 ਵਿੱਚ ਬੋਰਡ ਦੀ ਜ਼ਮੀਨ ਖਾਲੀ ਕਰਵਾਉਣ ਜਾਂ ਕਿਰਾਇਆ ਵਸੂਲਣ ਦੀ ਕਾਰਵਾਈ ਕੀਤੀ ਸੀ। ਇਸ ਸਬੰਧੀ ਚੰਡੀਗੜ੍ਹ ਅਤੇ ਸਥਾਨਕ ਅਧਿਕਾਰੀ ਮੌਕੇ ‘ਤੇ ਪੁੱਜੇ ਸਨ ਤੇ ਇਨ੍ਹਾਂ ਦਾ ਲੋਕਾਂ ਨੇ ਵਿਰੋਧ ਕੀਤਾ ਸੀ। ਇਸ ਦੌਰਾਨ ਸਬੰਧਤ ਵਾਰਡ ਦੇ ਕੌਂਸਲਰ ਨੇ ਮੌਕੇ ‘ਤੇ ਆ ਕੇ ਇਹ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ।
ਅੱਜ ਭਰਵੇਂ ਇਕੱਠ ਦੌਰਾਨ ਦੁਰਗਿਆਣਾ ਕਮੇਟੀ ਦੀ ਮੁਖੀ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਕਈ ਦਹਾਕਿਆਂ ਤੋਂ ਰਹਿ ਰਹੇ ਲੋਕਾਂ ਨੂੰ ਵਕਫ਼ ਬੋਰਡ ਵੱਲੋਂ ਇਹ ਜਗ੍ਹਾ ਖਾਲੀ ਕਰਨ ਜਾਂ ਇੱਥੇ ਰਹਿਣ ਲਈ ਕਿਰਾਏ ਦੇ ਨੋਟਿਸ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਪਾਕਿਸਤਾਨ ਤੋਂ ਵੰਡ ਵੇਲੇ ਉੱਜੜ ਕੇ ਆਏ ਉਨ੍ਹਾਂ ਲੋਕਾਂ ਨੂੰ ਦਿੱਤੀ ਗਈ ਸੀ, ਜਿਨ੍ਹਾਂ ਦੀ ਜ਼ਮੀਨ ਪਾਕਿਸਤਾਨ ਵਿਚ ਰਹਿ ਗਈ ਸੀ। ਪਰ ਹੁਣ ਵਕਫ਼ ਬੋਰਡ ਵੱਲੋਂ ਇੱਥੇ ਵਸੇ ਲੋਕਾਂ ਨੂੰ ਮੁੜ ਉਜਾੜਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪੰਚਾਇਤੀ ਅਖਾੜੇ ਦੇ ਮਹੰਤ ਮਨੋਜ, ਉਦਾਸੀਨ ਅਖਾੜੇ ਦੇ ਮਹੰਤ ਪਰਤਾਪ ਦਾਸ, ਮਹੰਤ ਸਵਤੰਤਰ ਪਾਲ ਸਿੰਘ, ਦੁਰਗਿਆਣਾ ਕਮੇਟੀ ਤੇ ਅਰੁਣ ਖੰਨਾ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਵਕਫ਼ ਬੋਰਡ ਨੂੰ ਤੁਰੰਤ ਭੰਗ ਕਰ ਕੇ ਇਨ੍ਹਾਂ ਜ਼ਮੀਨਾਂ ਦੇ ਮਾਲਕਾਨਾ ਹੱਕ ਇੱਥੇ ਰਹਿ ਰਹੇ ਲੋਕਾਂ ਨੂੰ ਦਿੱਤੇ ਜਾਣ।
ਇਸ ਦੌਰਾਨ ਪੀੜਤ ਪਰਿਵਾਰਾਂ ਨੇ ਕਿਹਾ ਕਿ ਉਹ ਵਕਫ਼ ਬੋਰਡ ਨੂੰ ਕੋਈ ਕਿਰਾਇਆ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਦੀ ਇੱਥੇ ਦਖਲਅੰਦਾਜ਼ੀ ਵੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 1947 ਵਿਚ ਵੰਡ ਵੇਲੇ ਉਨ੍ਹਾਂ ਦੀ ਪਾਕਿਸਤਾਨ ਵਿੱਚ ਰਹਿ ਗਈ ਸੀ ਅਤੇ ਉਸ ਜ਼ਮੀਨ ਦੇ ਬਦਲੇ ਇਹ ਜ਼ਮੀਨ ਦਿੱਤੀ ਗਈ ਸੀ। ਹੁਣ ਉਹ ਇਸ ਜ਼ਮੀਨ ਨੂੰ ਨਹੀਂ ਛੱਡਣਗੇ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਇੱਥੇ ਰਹਿ ਰਹੇ ਪੀੜਤ ਪਰਿਵਾਰਾਂ ਨੂੰ ਉਕਤ ਜ਼ਮੀਨ ਦੇ ਮਾਲਕਾਨਾ ਹੱਕ ਦਿੱਤੇ ਜਾਣ ਅਤੇ ਲੋਕਾਂ ਨੂੰ ਮੁੜ ਉਜਾੜਨ ਦਾ ਯਤਨ ਨਾ ਕੀਤਾ ਜਾਵੇ।