ਉੱਤਰਾਖੰਡ ਵਾਸੀ ਸਿੱਖ ਦੀ ਸਿਰ ਕੱਟੀ ਲਾਸ਼ ਮਿਲੀ

ਉੱਤਰਾਖੰਡ ਵਾਸੀ ਸਿੱਖ ਦੀ ਸਿਰ ਕੱਟੀ ਲਾਸ਼ ਮਿਲੀ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਅਕਤੂਬਰ

ਇੱਥੇ ਖਾਸਾ ਵਿੱਚ ਰੇਲ ਦੀ ਪਟੜੀ ਕੋਲੋਂ ਉੱਤਰਾਖੰਡ ਦੇ ਰਹਿਣ ਵਾਲੇ ਇਕ ਸਿੱਖ ਵਿਅਕਤੀ ਦੀ ਸਿਰ ਕੱਟੀ ਲਾਸ਼ ਮਿਲੀ ਹੈ। ਮ੍ਰਿਤਕ ਦਾ ਸਿਰ ਅਤੇ ਬਾਹਵਾਂ ਧੜ ਤੋਂ ਵੱਖ ਕੀਤੀਆਂ ਹੋਈਆਂ ਸਨ ਜੋ ਲਾਸ਼ ਕੋਲੋਂ ਨਹੀਂ ਮਿਲੀਆਂ। 

ਇਸ ਸਬੰਧੀ ਜਾਣਕਾਰੀ ਮਿਲਣ ਮਗਰੋਂ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਲਾਸ਼ ਦੀ ਦੀ ਪਛਾਣ ਛੁਪਾਊਣ ਦੇ ਮੰਤਵ ਨਾਲ ਉਸ ਦਾ ਸਿਰ ਵੱਖ ਕੀਤਾ ਗਿਆ ਹੈ ਪਰ ਜਾਂਚ ਦੌਰਾਨ ਲਾਸ਼ ਕੋਲੋਂ ਇਕ ਵੋਟਰ ਸ਼ਨਾਖਤੀ ਕਾਰਡ ਮਿਲਿਆ ਹੈ, ਜਿਸ ਵਿੱਚ ਮ੍ਰਿਤਕ ਦੀ ਸ਼ਨਾਖਤ ਕੁਲਵੰਤ ਸਿੰਘ ਵਾਸੀ ਊਧਮ ਸਿੰਘ ਨਗਰ, ਉੱਤਰਾਖੰਡ ਵਜੋਂ ਹੋਈ ਹੈ। ਦੇਰੀ ਨਾਲ ਪੁੱਜੀ ਮ੍ਰਿਤਕ ਦੀ ਪਤਨੀ ਸਵਰਨ ਕੌਰ ਅਤੇ ਪੁੱਤਰ ਜਸਵਿੰਦਰ ਸਿੰਘ ਨੇ ਵੀ ਲਾਸ਼ ਦੀ ਸ਼ਨਾਖਤ ਕਰ ਲਈ ਹੈ। 

ਗੌਰਮਿੰਟ ਰੇਲਵੇ ਪੁਲੀਸ ਦੇ ਐੱਸਐੱਚਓ ਸੁਖਵਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਵੋਟਰ ਸ਼ਨਾਖਤੀ ਕਾਰਡ ਮਿਲਣ ਮਗਰੋਂ ਉੱਤਰਾਖੰਡ ਪੁਲੀਸ ਨਾਲ ਸੰਪਰਕ ਕੀਤਾ ਗਿਆ ਸੀ, ਜਿਨਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਦੀ ਪਤਨੀ ਨੇ ਸ਼ਰੀਰ ਦੇ ਵੱਖ ਵੱਖ ਅੰਗਾਂ ਦੇ ਕਈ ਨਿਸ਼ਾਨਾਂ ਤੋਂ ਉਸ ਦੀ ਸ਼ਨਾਖਤ ਕੀਤੀ ਹੈ। ਇਸ ਤੋਂ ਇਲਾਵਾ ਉਸ ਦੇ ਕੱਪੜਿਆਂ ਦੀ ਵੀ ਪਛਾਣ ਕੀਤੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਇਸ ਲਾਸ਼ ਨੂੰ ਇਕ-ਦੋ ਦਿਨ ਪਹਿਲਾਂ ਇੱਥੇ ਸੁੱਟਿਆ ਗਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਲਕੇ ਲਾਸ਼ ਦਾ ਪੋਸਟਮਾਰਟਮ ਹੋਵੇਗਾ ਅਤੇ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ। ਪਰਿਵਾਰ ਨੇ ਦੱਸਿਆ ਕਿ ਕੁਲਵੰਤ ਸਿੰਘ ਲਗਪਗ ਇਕ ਵਰ੍ਹਾ ਪਹਿਲਾਂ ਅੰਮ੍ਰਿਤਸਰ ਆਇਆ ਸੀ ਅਤੇ ਇੱਥੇ ਮਜ਼ਦੂਰੀ ਕਰਦਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All