ਅੰਮ੍ਰਿਤਸਰ ਤੋਂ IED ਅਤੇ ਪਿਸਤੌਲ ਸਮੇਤ ਯੂ.ਪੀ. ਦਾ ਨੌਜਵਾਨ ਗ੍ਰਿਫ਼ਤਾਰ
ਪਾਕਿਸਤਾਨੀ ISI ਨਾਲ ਜੁੜੇ ਅਤਿਵਾਦੀ ਨੈੱਟਵਰਕ ਦਾ ਪਰਦਾਫਾਸ਼
ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਰਿਮੋਟ ਕੰਟਰੋਲ ਵਾਲੇ ਆਈ.ਈ.ਡੀ. (IED) ਅਤੇ ਵਿਦੇਸ਼ੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਸ਼ੁਭਮ ਕੁਮਾਰ ਉਰਫ਼ ਸ਼ੁਭਮ ਸ੍ਰੀਵਾਸਤਵ ਵਜੋਂ ਹੋਈ ਹੈ।
ਪੁਲੀਸ ਮੁਤਾਬਕ ਇਹ ਆਈ.ਈ.ਡੀ. ਪੰਜਾਬ, ਦਿੱਲੀ ਅਤੇ ਦੇਸ਼ ਦੇ ਹੋਰਨਾਂ ਰਾਜਾਂ ਵਿੱਚ ਯੋਜਨਾਬੱਧ ਧਮਾਕੇ ਕਰਨ ਲਈ ਵਰਤਿਆ ਜਾਣਾ ਸੀ। ਇਹ ਕਾਰਵਾਈ ਇੱਕ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਰਾਹੁਲ ਕੁਮਾਰ ਉਰਫ਼ ਗੱਜੂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸ਼ੁਭਮ ਪਾਕਿਸਤਾਨ ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਇਹ ਖ਼ਤਰਨਾਕ ਖੇਪ ਸਰਹੱਦ ਪਾਰ ਤੋਂ ਡਰੋਨ ਰਾਹੀਂ ਮੰਗਵਾਈ ਸੀ। ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮ ਪੂਰੀ ਤਰ੍ਹਾਂ ਕੱਟੜਪੰਥੀ ਹੈ ਅਤੇ ਮੋਟੀ ਰਕਮ ਦੇ ਲਾਲਚ ਵਿੱਚ ਯੂ.ਪੀ. ਤੋਂ ਅੰਮ੍ਰਿਤਸਰ ਆਇਆ ਸੀ।
ਪੁਲੀਸ ਨੇ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਇੱਕ ਦਰਗਾਹ ਨੇੜਿਓਂ ਉਸ ਨੂੰ ਕਾਬੂ ਕੀਤਾ। ਪੁਲੀਸ ਹੁਣ ਇਸ ਪੂਰੇ ਅਤਿਵਾਦੀ ਨੈੱਟਵਰਕ ਦੀਆਂ ਕੜੀਆਂ ਜੋੜਨ ਲਈ ਅਗਲੇਰੀ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੋਰ ਸੰਭਾਵੀ ਹਮਲਿਆਂ ਨੂੰ ਰੋਕਿਆ ਜਾ ਸਕੇ।

