ਗਣਤੰਤਰ ਦਿਵਸ ਮੌਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਟਰੈਕਟਰ ਰੋਸ ਮਾਰਚ
ਲੇਬਰ ਕਾਨੂੰਨ ਦੀਆਂ ਚਾਰ ਧਾਰਾਵਾਂ ਰੱਦ ਕਰਨ ਤੇ ਮਗਨਰੇਗਾ ਦਾ ਪੁਰਾਣਾ ਸਰੂਪ ਬਹਾਲ ਕਰਨ ਦੀ ਮੰਗ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੀਤਾ ਗਿਆ, ਜੋ ਪਿੰਡਾਂ ਤੋ ਸ਼ੁਰੂ ਕਰ ਕੇ ਤਹਿਸੀਲ ਅੰਮ੍ਰਿਤਸਰ ਤੋਂ ਹੁੰਦਾ ਹੋਇਆ ਰਣਜੀਤ ਐਵਿਨਿਊ ਦੁਸਹਿਰਾ ਗਰਾਊਂਡ ਵਿਖੇ ਸਮਾਪਤ ਹੋਇਆ।
ਮਾਰਚ ਵਿੱਚ ਸੈਂਕੜੇ ਕਿਸਾਨਾਂ ਟਰੈਕਟਰਾਂ ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪ੍ਰਧਾਨ ਡਾ. ਪਰਮਿੰਦਰ ਸਿੰਘ ਪੰਡੋਰੀ ਵੜੈਚ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਬਿਜਲੀ ਸੋਧ ਬਿੱਲ, ਬੀਜ ਬਿੱਲ ਅਤੇ ਚਾਰ ਕਿਰਤ ਕੋਡ ਮਜ਼ਦੂਰ ਵਿਰੋਧੀ ਹਨ। ਇਸ ਦੇ ਨਾਲ ਮਨਰੇਗਾ ਐਕਟ ਜੋ ਸਮਾਜ ਵਿੱਚ ਹਾਸ਼ੀਏ ’ਤੇ ਬੈਠੇ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਸੀ, ਉਸ ਦਾ ਨਾਮ ਹੀ ਨਹੀਂ ਪੂਰਾ ਐਕਟ ਹੀ ਬਦਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਰੇ ਮਹਿਕਮਿਆਂ ਦਾ ਨਿੱਜੀਕਰਨ ਅਤੇ ਕੇਂਦਰੀਕਰਨ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਜੇ ਬਿਜਲੀ ਐਕਟ ਲਾਗੂ ਹੁੰਦਾ ਹੈ ਤਾਂ ਬਿਜਲੀ ਦੀ ਸਪਲਾਈ ਪ੍ਰਾਈਵੇਟ ਕੰਪਨੀਆਂ ਕਰਨਗੀਆਂ ਤੇ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਇਸ ਤੋ ਇਲਾਵਾ ਬੀਜ ਬਿੱਲ 2025 ਅਤੇ ਕਰ ਮੁਕਤ ਵਪਾਰ ਸਮਝੌਤੇ ਵੀ ਖੇਤੀ ਖੇਤਰ ਨੂੰ ਤਬਾਹ ਕਰਨ ਦੀ ਸਾਜ਼ਿਸ਼ ਹਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਵੱਡਾ ਅੰਦੋਲਨ ਕਾਰਪੋਰੇਟ ਪੱਖੀ ਸਰਕਾਰ ਖਿਲਾਫ ਹੋਵੇਗਾ।
ਇਸ ਮੌਕੇ ਕੁਲਬੀਰ ਸਿੰਘ ਜੇਠੂਵਾਲ, ਸਤਨਾਮ ਸਿੰਘ ਭਕਨਾ, ਬਲਵੰਤ ਸਿੰਘ ਤਾਜੇਚੱਕ, ਅਜੀਤਪਾਲ ਤੇ ਰਾਣਾ ਫਤਹਿਗੜ ਸੁੱਕਰਚੱਕ, ਇੰਦਰਜੀਤ ਸਿੰਘ ਭਕਨਾ, ਲਖਵਿੰਦਰ ਮੂਧਲ, ਗਿਆਨ ਸਿੰਘ ਕੰਦੋਵਾਲੀ, ਪਰਗਟ ਜਹਾਂਗੀਰ, ਬਲਵਿੰਦਰ ਮੀਰਕੋਟ, ਨੂਕ ਸਿੰਘ ਪਠਾਨ ਨੰਗਲ, ਅਨਮੋਲ ਸਿੰਘ ਕੰਦੋਵਾਲੀ, ਬਲਦੇਵ ਸਿੰਘ ਮਾਛੀਨੰਗਲ, ਸੁਖਜਿੰਦਰ ਸਿੰਘ ਸਾਘਣਾ, ਨਿਰਵੈਰ ਸਿੰਘ ਪਠਾਨ ਨੰਗਲ, ਸੁਖਜਿੰਦਰ ਸਿੰਘ ਸਾਘਣਾ ਆਦਿ ਹਾਜ਼ਰ ਸਨ।

