ਅਣਪਛਾਤਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਕੀਤੀ ਡਕੈਤੀ; ਨਗਦੀ, ਗਹਿਣੇ ਅਤੇ ਮੋਬਾਇਲ ਫੋਨ ਲੁੱਟੇ
ਸੀਆਈਏ ਸਟਾਫ ਦੇ ਮੁਲਾਜ਼ਮ ਦੱਸ ਕੇ ਵਾਰਦਾਤ ਨੂੰ ਦਿੱਤਾ ਅੰਜਾਮ
ਜੰਡਿਆਲਾ ਗੁਰੂ ਦੇ ਮੁਹੱਲਾ ਬਾਗ ਵਾਲਾ ਖੂਹ ਵਿੱਚ ਅੱਜ ਤੜਕਸਾਰ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਸਵੇਰੇ ਕਰੀਬ 4 ਵਜੇ, ਜਦੋਂ ਘਰ ਦਾ ਮੁਖੀ ਨਿੱਕੂ ਰਾਮ ਕੰਮ ’ਤੇ ਗਿਆ ਸੀ, ਤਾਂ 4-5 ਅਣਪਛਾਤੇ ਲੁਟੇਰੇ ਕਟਰ ਨਾਲ ਜਿੰਦਾ ਕੱਟ ਕੇ ਅੰਦਰ ਦਾਖਲ ਹੋ ਗਏ।
ਲੁਟੇਰਿਆਂ ਨੇ ਖ਼ੁਦ ਨੂੰ ਸੀਆਈਏ (CIA) ਸਟਾਫ਼ ਦੇ ਅਧਿਕਾਰੀ ਦੱਸਿਆ ਅਤੇ ਪਰਿਵਾਰ ਨੂੰ ਨਸ਼ਾ ਤਸਕਰੀ ਦੇ ਝੂਠੇ ਇਲਜ਼ਾਮ ਵਿੱਚ ਡਰਾ-ਧਮਕਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ। ਲੁਟੇਰੇ ਘਰ ਵਿੱਚੋਂ ਕਰੀਬ 2.5 ਲੱਖ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਮੋਬਾਇਲ ਫ਼ੋਨ ਲੈ ਕੇ ਫ਼ਰਾਰ ਹੋ ਗਏ।
ਪੀੜਤ ਪਰਿਵਾਰ ਨੇ ਦੱਸਿਆ ਕਿ ਲੁਟੇਰਿਆਂ ਨੇ ਤਲਾਸ਼ੀ ਦੇ ਨਾਂ ’ਤੇ ਪੂਰੇ ਘਰ ਨੂੰ ਫਰੋਲ ਦਿੱਤਾ ਅਤੇ ਕਮੇਟੀ ਦੇ ਇਕੱਠੇ ਕੀਤੇ ਪੈਸੇ ਵੀ ਲੁੱਟ ਲਏ। ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਸੂਚਨਾ ਮਿਲਦਿਆਂ ਹੀ ਚੌਂਕੀ ਇੰਚਾਰਜ ਏ.ਐੱਸ.ਆਈ. ਜੋਗਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਭਰੋਸਾ ਦਿੱਤਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।

