ਪੰਜਾਬ ਪੁਲੀਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧਤ ਗੈਂਗਸਟਰ ਤੋਂ ਅਤਿਵਾਦੀ ਬਣੇ ਦੋ ਜਣਿਆਂ ਨੂੰ ਮੁੰਬਈ ਪਹੁੰਚਣ ’ਤੇ ਗ੍ਰਿਫ਼ਤਾਰ ਕੀਤਾ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਾਜਨ ਮਸੀਹ ਵਾਸੀ ਵੈਰੋਕੇ, ਗੁਰਦਾਸਪੁਰ ਅਤੇ ਸੁਖਦੇਵ ਕੁਮਾਰ ਉਰਫ਼ ਮੁਨੀਸ਼ ਬੇਦੀ ਵਾਸੀ ਲਾਹੌਰੀ ਗੇਟ, ਅੰਮ੍ਰਿਤਸਰ ਵਜੋਂ ਹੋਈ ਹੈ। ਦੋਵੇਂ ਵੱਡੇ ਅਪਰਾਧਿਕ ਪਿਛੋਕੜ ਵਾਲੇ ਮੁਲਜ਼ਮ ਹਨ ਅਤੇ ਉਨ੍ਹਾਂ ਵਿਰੁੱਧ ਬਟਾਲਾ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ, ਇਰਾਦਾ ਕਤਲ, ਹਥਿਆਰਾਂ ਤੇ ਵਿਸਫੋਟਕ ਪਦਾਰਥਾਂ ਨਾਲ ਸਬੰਧਤ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਤਹਿਤ ਕਈ ਮਾਮਲੇ ਦਰਜ ਹਨ।
ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਪਾਕਿਸਤਾਨ ਆਧਾਰਿਤ ਆਈਐਸਆਈ-ਸਮਰਥਿਤ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਅਮਰੀਕਾ ਆਧਾਰਿਤ ਬੀਕੇਆਈ ਕਾਰਕੁਨ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ (ਹਿਰਾਸਤ ਵਿੱਚ) ਦੇ ਅਹਿਮ ਸਾਥੀ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੁਬਈ ਅਤੇ ਅਰਮੀਨੀਆ ਸਮੇਤ ਵਿਦੇਸ਼ੀ ਥਾਵਾਂ ਤੋਂ ਕੰਮ ਕਰ ਰਹੇ ਸਨ ਅਤੇ ਪੰਜਾਬ ਵਿੱਚ ਅਪਰਾਧਿਕ ਤੇ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਡੀਜੀਪੀ ਨੇ ਇਸ ਨੂੰ ਪੰਜਾਬ ਪੁਲੀਸ ਦੀ ਵੱਡੀ ਸਫਲਤਾ ਦੱਸਿਆ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇ ਬੀਕੇਆਈ ਨਾਲ ਜੁੜੇ ਇੱਕ ਨੈੱਟਵਰਕ ਦਾ ਹਿੱਸਾ ਸਨ, ਜੋ ਅੰਮ੍ਰਿਤਸਰ ਅਤੇ ਬਟਾਲਾ ਦੇ ਕਈ ਥਾਣਿਆਂ ’ਤੇ ਗ੍ਰਨੇਡ ਹਮਲਿਆਂ ਅਤੇ ਜੌੜੀਆਂ ਕਲਾਂ ਦੇ ਹਰਦੀਪ ਸਿੰਘ ਤੇ ਡੇਰਾ ਬਾਬਾ ਨਾਨਕ ਦੇ ਕਰਿਆਨਾ ਸਟੋਰ ਦੇ ਮਾਲਕ ਰਵੀ ਕੁਮਾਰ ਦੀਆਂ ਹੱਤਿਆਵਾਂ ਲਈ ਜ਼ਿੰਮੇਵਾਰ ਸਨ। ਉਨ੍ਹਾਂ ਦੱਸਿਆ ਕਿ ਸਾਜਨ ਮਸੀਹ ਇੱਕ ਹੋਰ ਮੁੱਖ ਸਹਿਯੋਗੀ ਸ਼ਮਸ਼ੇਰ ਸ਼ੇਰਾ ਉਰਫ਼ ਹਨੀ, ਜੋ ਇਸ ਸਮੇਂ ਅਰਮੀਨੀਆ ਵਿੱਚ ਰਹਿ ਰਿਹਾ ਹੈ, ਦੇ ਵੀ ਸੰਪਰਕ ਵਿੱਚ ਸੀ।
ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਸਦਕਾ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ, ਪਠਾਨਕੋਟ ਦੀ ਇੱਕ ਸਾਂਝੀ ਟੀਮ ਤੁਰੰਤ ਮੁੰਬਈ ਰਵਾਨਾ ਹੋਈ ਅਤੇ ਜਿਵੇਂ ਹੀ ਦੋਵੇਂ ਮੁੰਬਈ ਪਹੁੰਚੇ, ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

