ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 23 ਸਤੰਬਰ
ਇੱਕ ਵਿਅਕਤੀ ਨੂੰ ਅਗਵਾ ਕਰਨ ਅਤੇ ਕੁੱਟ-ਮਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਔਰਤ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਵਿਅਕਤੀ ਦੀ ਕੁੱਟਮਾਰ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋਈ ਸੀ। ਮੁਲਜ਼ਮਾਂ ਦੀ ਸ਼ਨਾਖਤ ਮੋਹਿਤ ਵਾਲੀਆ, ਪ੍ਰਣਵ ਅਰੋੜਾ ਅਤੇ ਰੀਟਾ ਵਾਲੀਆ ਵਜੋਂ ਹੋਈ ਹੈ ਜਦੋਂਕਿ ਇਸ ਮਾਮਲੇ ਵਿੱਚ ਰਿਤਿਕ ਵਾਲੀਆ ਅਤੇ ਰਾਘਵ ਸ਼ਰਮਾ ਫਰਾਰ ਹਨ। ਇਸ ਸਬੰਧੀ ਥਾਣਾ ਸਦਰ ਵਿੱਚ 21 ਸਤੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ।
ਪੁਲੀਸ ਦੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇੰਸਪੈਕਟਰ ਅਮੋਲਕ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਕੁੱਟਮਾਰ ਦੇ ਸਬੰਧ ਵਿੱਚ ਤਿੰਨ ਅਕਤੀਆਂ ਨੂੰ ਕਾਬੂ ਕੀਤਾ ਹੈ। ਪੀੜਤ ਵੈਭਵ ਨੇ ਪੁਲੀਸ ਕੋਲ ਦਰਜ ਕਰਾਈ ਸ਼ਿਕਾਇਤ ਵਿੱਚ ਦੱਸਿਆ ਸੀ ਕਿ 19 ਸਤੰਬਰ ਦੀ ਰਾਤ ਦਸ ਵਜੇ ਜਦੋਂ ਉਹ ਕੁਝ ਖਾਣ ਲਈ ਰੇਹੜੀ ’ਤੇ ਖੜ੍ਹਾ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਜਬਰੀ ਅਗਵਾ ਕਰ ਕੇ ਲੈ ਗਏ। ਉਸ ਨੂੰ ਇੱਕ ਘਰ ਵਿੱਚ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਇੱਕ ਔਰਤ ਨੇ ਉਸ ਦੀ ਵੀਡੀਓ ਵੀ ਬਣਾਈ। ਕੁੱਟਮਾਰ ਦੌਰਾਨ ਉਹ ਬੇਹੋਸ਼ ਹੋ ਗਿਆ, ਉਹ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਕੇ ਚਲੇ ਗਏ। ਉਸ ਨੂੰ ਜਦੋਂ ਹੋਸ਼ ਆਈ ਤਾਂ ਘਟਨਾ ਸਥਾਨ ਤੋਂ ਦੌੜ ਗਿਆ ਤੇ ਘਰ ਪੁੱਜਣ ਤੋਂ ਬਾਅਦ ਪੁਲੀਸ ਕੋਲ ਸ਼ਿਕਾਇਤ ਕੀਤੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦਾ ਇੱਕ-ਦੂਜੇ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕਰਨ ਸਬੰਧੀ ਝਗੜਾ ਚੱਲ ਰਿਹਾ ਸੀ, ਜਿਸ ਤਹਿਤ ਇਹ ਘਟਨਾ ਵਾਪਰੀ।