8 ਮਹੀਨਿਆਂ ਵਿੱਚ ਤੀਜੇ ASI ਨੂੰ ਮਾਰੀਆਂ ਗੋਲੀਆਂ; ਪੰਜਾਬ ਵਿੱਚ ਪੁਲੀਸ ਵੀ ਸੁਰੱਖਿਅਤ ਨਹੀਂ: ਰੰਧਾਵਾ
ਰੰਧਾਵਾ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਘੇਰੀ ਭਗਵੰਤ ਮਾਨ ਸਰਕਾਰ
ਉਨ੍ਹਾਂ ਕਿਹਾ ਕਿ 2026 ਵਿੱਚ ਹੁਣ ਤੱਕ ਪੰਜਾਬ 'ਚ ਗੋਲੀ ਮਾਰ ਕੇ ਤਿੰਨ ਏ ਐੱਸ ਆਈ ਦੀ ਹੱਤਿਆ ਹੋ ਚੁੱਕੀ ਹੈ। ਰੰਧਾਵਾ ਨੇ ਕਿਹਾ ਕਿ 22 ਫਰਵਰੀ ਨੂੰ ਗੁਰਦਾਸਪੁਰ ਵਿੱਚ ਸਰਹੱਦੀ ਚੌਕੀ ’ਤੇ ਡਿਊਟੀ ਨਿਭਾ ਰਹੇ ਏ ਐੱਸ ਆਈ ਗੁਰਨਾਮ ਸਿੰਘ ਦੀ ਹੱਤਿਆ ਹੋਈ, 24 ਮਈ ਨੂੰ ਅੰਮ੍ਰਿਤਸਰ ਦੇ ਮਜੀਠਾ ਨੇੜੇ ਏ ਐੱਸ ਆਈ ਜੋਗਾ ਸਿੰਘ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰੀਆਂ ਅਤੇ ਅੱਜ ਅੰਮ੍ਰਿਤਸਰ ਵਿੱਚ ਪੀ ਸੀ ਆਰ ਡਿਊਟੀ ਦੌਰਾਨ ਏ ਐੱਸ ਆਈ ਹਰਜੀਤ ਸਿੰਘ ਦੀ ਹੱਤਿਆ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਗੈਂਗਸਟਰਾਂ ਅਤੇ ਹਥਿਆਰਬੰਦ ਅਪਰਾਧੀਆਂ ਦੇ ਹੌਸਲੇ ਇਸ ਹੱਦ ਤੱਕ ਬੁਲੰਦ ਹੋ ਗਏ ਹਨ ਕਿ ਉਹ ਹੁਣ ਪੁਲੀਸ ’ਤੇ ਹਮਲਾ ਕਰਨ ਤੋਂ ਵੀ ਨਹੀਂ ਡਰਦੇ। ਇਹ ਸਥਿਤੀ ਪੂਰੇ ਪੰਜਾਬ ਲਈ ਬੇਹੱਦ ਚਿੰਤਾਜਨਕ ਹੈ।
ਰੰਧਾਵਾ ਨੇ ਕਿਹਾ ਕਿ ਕਾਂਗਰਸ ਪੁਲੀਸ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਪੰਜਾਬ ਦੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਦੇ ਮੁੱਦੇ ’ਤੇ ਸਰਕਾਰ ਨੂੰ ਜਵਾਬਦੇਹ ਠਹਿਰਾਉਂਦੀ ਰਹੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਏ ਐੱਸ ਆਈ ਹਰਜੀਤ ਸਿੰਘ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਪੁਲੀਸ ਮੁਲਾਜ਼ਮਾਂ ’ਤੇ ਹੋਏ ਜਾਨਲੇਵਾ ਹਮਲਿਆਂ ਦੀ ਉੱਚ ਪੱਧਰੀ ਸਮੀਖਿਆ ਕਰਕੇ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਪਟੜੀ ’ਤੇ ਲਿਆਉਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।

