ਪੱਤਰ ਪ੍ਰੇਰਕ
ਅੰਮ੍ਰਿਤਸਰ, 24 ਸਤੰਬਰ
ਇੱਥੇ ਪੰਜਾਬ ਨਾਟਸ਼ਾਲਾ ਵਿੱਚ ਮੰਚ ਰੰਗਮੰਚ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਮਾਹੀ ਮੇਰਾ ਥਾਣੇਦਾਰ’ ਦਾ ਮੰਚਨ ਕੀਤਾ ਗਿਆ। ਇਹ ਨਾਟਕ ਪੇਂਡੂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ ਸ਼ਹਿਰੀ ਦਰਸ਼ਕਾਂ ਲਈ ਤਿਆਰ ਕੀਤਾ ਗਿਆ ਹੈ।
ਨਾਟਕ ਦੀ ਕਹਾਣੀ ਇੱਕ ਰਾਜੇ ਅਤੇ ਉਸ ਦੇ ਚਤੁਰ ਸਾਥੀ ਪ੍ਰਧਾਨ ਮੰਤਰੀ ਦੇ ਆਲੇ-ਦੁਆਲੇ ਘੁੰਮਦੀ ਹੈ। ਪ੍ਰਸ਼ਾਸਨਿਕ ਮੁਖੀ ਕੋਤਵਾਲ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਤੁਰੰਤ ਉਸ ਦੇ ਅਸਫਲ ਅਤੇ ਅਯੋਗ ਜੀਜਾ ਨੂੰ ਵੱਕਾਰੀ ਅਹੁਦੇ ’ਤੇ ਨਿਯੁਕਤ ਕਰਦਾ ਹੈ। ਦਰਜਾਬੰਦੀ ਅਨੁਸਾਰ ਮੌਜੂਦਾ ਹੌਲਦਾਰ ਨੂੰ ਉਸ ਦੀ ਥਾਂ ’ਤੇ ਤਰੱਕੀ ਦਿੱਤੀ ਜਾਣੀ ਚਾਹੀਦੀ ਸੀ। ਨਾਖੁਸ਼ ਹੌਲਦਾਰ ਨੇ ਆਪਣੀ ਪ੍ਰੇਮਿਕਾ ਮੈਨਾਵਤੀ ਨਾਲ ਮਿਲ ਕੇ ਨਵੇਂ ਕੋਤਵਾਲ ਦਾ ਪਰਦਾਫਾਸ਼ ਕਰਨ ਦੀ ਯੋਜਨਾ ਬਣਾਈ। ਮੈਨਾਵਤੀ ਜੋ ਕਿ ਇੱਕ ਨ੍ਰਿਤਕੀ ਹੈ, ਆਪਣੀ ਸੁੰਦਰਤਾ ਤੇ ਸੁਹਜ ਨਾਲ ਨਵੇਂ ਕੋਤਵਾਲ ਨੂੰ ਫਸਾਉਂਦੀ ਹੈ ਅਤੇ ਉਸ ਨੂੰ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਲਈ ਮਨਾ ਲੈਂਦੀ ਹੈ। ਉਹ ਉਸ ਨੂੰ ਰਾਜੇ ਦੀ ਅੰਗੂਠੀ, ਚੇਨ, ਤੇ ਆਖ਼ਰਕਾਰ ਰਾਜੇ ਦਾ ਬਿਸਤਰਾ ਲਿਆਉਣ ਲਈ ਕਹਿੰਦੀ ਹੈ, ਜੋ ਕਿ ਉਹ ਕਰ ਦਿੰਦਾ ਹੈ। ਨਾਟਕ ਦੀ ਕਾਮੇਡੀ ਅੰਦਰਲੇ ਸਿਆਸੀ ਭਾਈ-ਭਤੀਜਾਵਾਦ ਨੂੰ ਨੰਗਾ ਕਰਦੀ ਹੈ।