ਟ੍ਰਿਬਿਉੂਨ ਨਿਉੂਜ ਸਰਵਿਸ
ਅੰਮ੍ਰਿਤਸਰ, 21 ਸਤੰਬਰ
ਸ਼੍ਰੋਮਣੀ ਕਮੇਟੀ ਵੱਲੋਂ ਸਥਾਨਕ ਖਾਲਸਾ ਕਾਲਜ ਵਿੱਚ ਸਿੰਘ ਸਭਾ ਲਹਿਰ ਦੇ 150 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸਿੰਘ ਸਭਾ ਲਹਿਰ ਸਬੰਧੀ ਹਰ ਪੱਖ ਤੋਂ ਮੌਲਿਕ ਖੋਜ ਕਾਰਜ ਕਰਵਾ ਕੇ ਇਸ ਦੇ ਇਤਿਹਾਸ ਬਾਰੇ ਇਕ ਪੁਸਤਕ ਛਾਪੇਗੀ, ਜਿਸ ਵਿੱਚ ਲਹਿਰ ਨਾਲ ਸਬੰਧਤ ਹਰ ਕੌਮੀ ਨਾਇਕ ਬਾਰੇ ਵਿਸਥਾਰਤ ਜਾਣਕਾਰੀ ਅਤੇ ਸਿੰਘ ਸਭਾ ਦੇ ਪਿਛੋਕੜ, ਇਤਿਹਾਸ, ਕਾਰਜ ਅਤੇ ਪ੍ਰਾਪਤੀਆਂ ਦਾ ਜ਼ਿਕਰ ਸ਼ਾਮਲ ਹੋਵੇਗਾ।
ਵਿਸ਼ੇਸ਼ ਸੈਮੀਨਾਰ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਫੈਸਲੇ ਬਾਰੇ ਐਲਾਨ ਕੀਤਾ। ਇਸ ਸੈਮੀਨਾਰ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸੰਬੋਧਨ ਕੀਤਾ, ਜਦਕਿ ਸਿੱਖ ਵਿਦਵਾਨ ਡਾ. ਹਰਭਜਨ ਸਿੰਘ ਦੇਹਰਾਦੂਨ ਅਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਖੋਜ ਪਰਚੇ ਪੜ੍ਹੇ ਗਏ। ਸ੍ਰੀ ਧਾਮੀ ਨੇ ਕਿਹਾ ਕਿ ਸਿੰਘ ਸਭਾ ਲਹਿਰ ਦੇ ਆਗੂਆਂ ਨੇ ਉਸ ਵੇਲੇ ਦੀਆਂ ਸਿੱਖ ਚੁਣੌਤੀਆਂ ਨੂੰ ਵੇਖਦਿਆਂ ਆਪਣੀ ਤਾਕਤ ਦਾ ਅਹਿਸਾਸ ਕੀਤਾ ਅਤੇ ਇਕ ਰਣਨੀਤੀ ਤਹਿਤ ਹਾਲਾਤਾਂ ਦਾ ਮੁਕਾਬਲਾ ਕਰ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਪਰ ਅੱਜ ਸਿੱਖ ਸਮਾਜ ਆਪਣੀ ਪਛਾਣ ਅਤੇ ਸਿਧਾਂਤਕ ਪਰਪੱਖਤਾ ਤੋਂ ਪਾਸੇ ਜਾ ਰਿਹਾ ਹੈ। ਇਕ ਸਾਜ਼ਿਸ਼ ਤਹਿਤ ਸਿੱਖਾਂ ਨੂੰ ਇਤਿਹਾਸ, ਮਰਿਯਾਦਾ ਅਤੇ ਸਿਧਾਂਤਾਂ ਤੋਂ ਦੂਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਵਾਂਗ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਇਕਜੁੱਟਤਾ ਨਾਲ ਮੁਕਾਬਲਾ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ 1 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਤਾਬਦੀ ਦੇ ਮੁੱਖ ਸਮਾਗਮ ਮੌਕੇ ਦੇਸ਼ ਭਰ ਦੀਆਂ ਸਿੰਘ ਸਭਾਵਾਂ ਨੂੰ ਸੱਦੇ ਭੇਜ ਕੇ ਇਕੱਠਾ ਕੀਤਾ ਜਾਵੇਗਾ ਤਾਂ ਜੋ ਕੌਮ ਅੰਦਰ ਕ੍ਰਾਂਤੀ ਲਿਆਉਣ ਵਾਲੀ ਇਸ ਲਹਿਰ ਦੀ ਸ਼ਤਾਬਦੀ ਇਤਿਹਾਸਕ ਹੋ ਨਿਬੜੇ। ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।