ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਜੁਲਾਈ
ਸਰਬੱਤ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ’ਚੋਂ ਗੁਜ਼ਰ ਰਹੇ ਅੰਮ੍ਰਿਤਸਰ ਨੇੜਲੇ ਢਪੱਈ ਖੇਤਰ ਦੇ 65 ਸਿਕਲੀਗਰ ਸਿੱਖਾਂ ਅਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਤ 30 ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਹੈ।ਉਨ੍ਹਾਂ ਦੱਸਿਆ ਕਿ ਇਸ ਵਾਰ ਟਰੱਸਟ ਵੱਲੋਂ ਅੰਮ੍ਰਿਤਸਰ ਅਤੇ ਮਜੀਠਾ ਖੇਤਰ ਦੇ 1900 ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮਾਝਾ ਜ਼ੋਨ ਦੇ ਆਗੂਆਂ ਸੁਖਦੀਪ ਸਿੱਧੂ, ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸੰਧੂ ਆਦਿ ਨੇ ਦੱਸਿਆ ਕਿ ਢਪਈ ਖੇਤਰ ਵਿਖੇ ਰਹਿੰਦੇ ਸਿਕਲੀਗਰ ਸਿੱਖਾਂ ਦੇ ਆਗੂ ਹਰਭਜਨ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੇ ਖੇਤਰ ਦੇ ਸਿਕਲੀਗਰ ਬਰਾਦਰੀ ਨਾਲ ਸਬੰਧਤ ਲੋਕ ਜੋ ਕਿਰਪਾਨਾਂ ਬਣਾਉਣ ਜਾਂ ਹੋਰ ਲੁਹਾਰਾ ਕੰਮ ਕਰਦੇ ਹਨ, ਉਹ ਕਰੋਨਾ ਕਾਰਨ ਆਰਥਿਕ ਮੰਦਹਾਲੀ ’ਚੋਂ ਲੰਘ ਰਹੇ ਹਨ। ਕਈ ਪਰਿਵਾਰਾਂ ਨੂੰ ਤਾਂ ਦੋ ਵਕਤ ਦੀ ਰੋਟੀ ਵੀ ਬਹੁਤ ਮੁਸ਼ਕਿਲ ਨਾਲ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ 65 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੌਜੂਦਾ ਹਾਲਾਤ ਕਾਰਨ ਬੇਰੁਜ਼ਗਾਰ ਹੋਏ ਸ਼੍ਰੋਮਣੀ ਕਮੇਟੀ ਨਾਲ ਸਬੰਧਤ 30 ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਵੀ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ।