ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਅਗਸਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੱਲ੍ਹਿਆਂਵਾਲੇ ਬਾਗ ਦੇ ਕਤਲੇਆਮ ਦੇ ਮਾਮਲੇ ਵਿਚ ਮਾਈਕਲ ਓਡਵਾਇਰ ਦੀ ਪੋਤਰੀ ਦੇ ਉਸ ਬਿਆਨ ’ਤੇ ਸਖਤ ਪ੍ਰਤੀਕਰਮ ਪ੍ਰਗਟ ਕੀਤਾ ਹੈ ਜਿਸ ਵਿਚ ਉਸ ਨੇ ਜੱਲ੍ਹਿਆਂਵਾਲਾ ਬਾਗ ਕਤਲੇਆਮ ਨੂੰ ਦੰਗਿਆਂ ਨੂੰ ਦਬਾਉਣ ਲਈ ਕੀਤੀ ਗਈ ਕਾਰਵਾਈ ਦੱਸਿਆ ਸੀ। ਉਨ੍ਹਾਂ ਨੇ ਇਸ ਘਟਨਾ ਨੂੰ ਮਨੁੱਖਤਾ ਵਿਰੋਧੀ ਕਾਂਡ ਦੱਸਦਿਆਂ ਕਿਹਾ ਕਿ ਇਸ ਘਟਨਾ ਦੀ ਇਤਿਹਾਸਕ ਮੌਲਿਕਤਾ ਨੂੰ ਵਿਗਾੜ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਉਸੇ ਰੂਪ ਵਿਚ ਹੀ ਸੰਭਾਲੇ ਜਾਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਜੱਲ੍ਹਿਆਂਵਾਲੇ ਬਾਗ ਦਾ ਦੁਖਾਂਤ (1919): ਇਤਿਹਾਸ ਅਤੇ ਸਾਹਿਤ ਵਿਸ਼ੇ ’ਤੇ ਕਰਵਾਏ ਵੈਬਿਨਾਰ ’ਚ ਸੰਬੋਧਨ ਕੀਤਾ। ਇਸ ਵੈਬਿਨਾਰ ਵਿਚ ਇਤਿਹਾਸਕਾਰਾਂ ਅਤੇ ਵਿਦਵਾਨਾਂ ਨੇ ਆਪਣੇ ਪਰਚੇ ਪੜ੍ਹੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.ਜਸਪਾਲ ਸਿੰਘ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੈਬਿਨਾਰ ਵਿਚ ਹਿੱਸਾ ਲੈਣ ਲਈ ਧੰਨਵਾਦ ਕੀਤਾ। ਇਤਿਹਾਸ ਵਿਭਾਗ ਦੀ ਮੁਖੀ ਡਾ.ਅਮਨਦੀਪ ਬੱਲ ਨੇ ਹਿੱਸਾ ਲੈਣ ਵਾਲੇ ਵਿਦਵਾਨਾਂ ਅਤੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਨੇ ਅਜਿਹੇ ਵੈਬਿਨਾਰ ਨੂੰ ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਕਰਵਾਏ ਜਾਣ ਦੀ ਪ੍ਰਸੰਸਾ ਕੀਤੀ। ਉਨ੍ਹਾਂ ਜੱਲ੍ਹਿਆਂਵਾਲਾ ਬਾਗ ਦੁਖਾਂਤ ਬਾਰੇ ਮਾਈਕਲ ਓਡਵਾਇਰ ਦੀ ਪੋਤਰੀ ਦੇ ਸ਼ਬਦਾਂ ਦੀ ਨਿਖੇਧੀ ਕੀਤੀ ਜਿਸ ਵਿਚ ਉਸ ਨੇ ਇਸ ਘਟਨਾ ਨੂੰ ਸਿਰਫ ਦੰਗਿਆਂ ਨੂੰ ਦਬਾਉਣ ਲਈ ਕੀਤੀ ਛੋਟੀ ਕਾਰਵਾਈ ਕਰਾਰ ਦਿੱਤਾ ਸੀ। ਉਸ ਨੇ ਇਹ ਸ਼ਬਦ ਆਪਣੀ ਇਕ ਇੰਟਰਵਿਊ ਵਿਚ ਆਖੇ ਹਨ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲੇ ਬਾਗ ਦੀ ਇਤਿਹਾਸਕ ਘਟਨਾ ਦੇਸ਼ ਵਾਸੀਆਂ ਦੀ ਮਾਨਸਿਕਤਾ ਵਿਚ ਅਹਿਮ ਸਥਾਨ ਰੱਖਦੀ ਹੈ ਅਤੇ ਇਸ ਨੂੰ ਸਿਰਫ ਦੰਗਿਆਂ ਨੂੰ ਦਬਾਉਣ ਵਾਲੀ ਛੋਟੀ ਜਿਹੀ ਘਟਨਾ ਕਹਿਣਾ ਠੀਕ ਨਹੀਂ ਹੈ। ਇਸ ਕਰ ਕੇ ਜੱਲ੍ਹਿਆਂਵਾਲਾ ਬਾਗ ਘਟਨਾ ਪ੍ਰਤੀ ਅਜਿਹੀ ਸੋਚ ਬਦਲਣ ਦੀ ਲੋੜ ਹੈ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਤੇ ਪ੍ਰੋ. ਅਮਨਦੀਪ ਬੱਲ ਵੱਲੋਂ ਸੰਪਾਦਤ ਪੁਸਤਕ ‘ਰੀਇਮੇਜਿੰਗ ਜੱਲ੍ਹਿਆਂਵਾਲਾ ਬਾਗ ਮਾਸਏਕਰ (1919-2019) ਨੂੰ ਰਿਲੀਜ਼ ਕੀਤਾ ਗਿਆ। ਅੰਬੇਦਕਰ ਯੂਨੀਵਰਸਿਟੀ ਦਿੱਲੀ ਦੇ ਪ੍ਰੋ. ਸਲਿਲ ਮਿਸ਼ਰਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਪ੍ਰੋ. ਸੁਚੇਤਾ ਮਹਾਜਨ ਅਤੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਪੋਤਰੇ ਤੇ ਸੇਵਾਮੁਕਤ ਭਾਰਤੀ ਰਾਜਦੂਤ ਨਵਦੀਪ ਸਿੰਘ ਸੂਰੀ ਮੁੱਖ ਬੁਲਾਰੇ ਸਨ। ਉਨ੍ਹਾਂ ਨੇ ਹਾਲ ਹੀ ਵਿਚ ‘ਖੂਨੀ ਵੈਸਾਖੀ’ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ। ਉਨ੍ਹਾਂ ਨੇ ਪੁਸਤਕ ਦੇ ਕੁਝ ਅੰਸ਼ ਅਤੇ ਅੰਗਰੇਜ਼ੀ ਅਨੁਵਾਦ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਸਰਮਿਸ਼ਠਾ ਦੱਤਾ ਗੁਪਤਾ ਨੇ ਰਬਿੰਦਰ ਨਾਥ ਟੈਗੋਰ ਦੀਆਂ ਕੁਝ ਦੁਰਲੱਭ ਫੋਟੋਆਂ ਵੀ ਸਾਂਝੀਆਂ ਕੀਤੀਆਂ।
ਦੂਜੇ ਸੈਸ਼ਨ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਸੁਖਦੇਵ ਸਿੰਘ ਅਤੇ ਡਾ. ਰਖਸ਼ੰਦਾ ਜਲਿਲ ਨੇ ਵਿਚਾਰ ਪੇਸ਼ ਕੀਤੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ.ਚਮਨ ਲਾਲ ਨੇ ਰਜਨੀਸ਼ ਵਾਟਸ ਦੇ ਹਿੰਦੀ ਨਾਵਲ ਅੰਮ੍ਰਿਤਸਰ 1919 ਅਤੇ ਅੰਬੇਦਕਰ ਯੂਨੀਵਸਿਟੀ ਦੇ ਪ੍ਰੋ. ਬੋਧ ਪ੍ਰਕਾਸ਼ ਨੇ ਜੱਲ੍ਹਿਆਂਵਾਲਾ ਬਾਗ ਬਾਰੇ ਵਿਚਾਰ ਪੇਸ਼ ਕੀਤੇ।