DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Malaysia ਦੇ ਪੇਨਾਂਗ ਦਾ 125 ਸਾਲ ਪੁਰਾਣਾ ਇਤਿਹਾਸਕ ਵੱਡਾ ਗੁਰਦੁਆਰਾ ਸਾਹਿਬ ਸੇਵਾ-ਸੰਭਾਲ ਤੋਂ ਬਾਅਦ ਪੁਰਾਤਨ ਦਿੱਖ ਅਨੁਸਾਰ ਮੁੜ ਖੁੱਲ੍ਹਿਆ

ਜਥੇਦਾਰ ਗੜਗੱਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ

  • fb
  • twitter
  • whatsapp
  • whatsapp
featured-img featured-img
Malaysia ਦੇ ਪੇਨਾਂਗ ਦਾ 125 ਸਾਲ ਪੁਰਾਣਾ ਇਤਿਹਾਸਕ ਵੱਡਾ ਗੁਰਦੁਆਰਾ ਸਾਹਿਬ ਸੇਵਾ-ਸੰਭਾਲ ਤੋਂ ਬਾਅਦ ਪੁਰਾਤਨ ਦਿੱਖ ਅਨੁਸਾਰ ਮੁੜ ਖੁੱਲ੍ਹਿਆ
Advertisement

ਮਲੇਸ਼ੀਆ ਦੇ ਪੇਨਾਂਗ ਸੂਬੇ ਵਿੱਚ ਸਥਿਤ ‘ਵੱਡਾ ਗੁਰਦੁਆਰਾ ਸਾਹਿਬ’ ਦੀ ਸਥਾਪਨਾ ਦੀ 125ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਦੌਰਾਨ ਇਸ ਗੁਰੂ ਘਰ ਦੀ ਹੂ-ਬ-ਹੂ ਪੁਰਾਤਨ ਦਿੱਖ ਬਹਾਲ ਰੱਖਦਿਆਂ ਸੇਵਾ-ਸੰਭਾਲ ਮੁਕੰਮਲ ਹੋਣ ਉਪਰੰਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਪੇਨਾਂਗ ਸੂਬੇ ਦੇ ਡਿਪਟੀ ਮੁੱਖ ਮੰਤਰੀ-II ਜਗਦੀਪ ਸਿੰਘ ਦਿਓ ਅਤੇ ਵੱਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸੱਦੇ ਉੱਤੇ ਮਲੇਸ਼ੀਆ ਪੁੱਜੇ ਸਨ। ਜਥੇਦਾਰ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਸੁਖਾਸਨ ਅਸਥਾਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਘਰ ਦੇ ਦਰਬਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੁਭਾਇਮਾਨ ਕਰਨ ਮੌਕੇ ਚੌਰ ਸਾਹਿਬ ਦੀ ਸੇਵਾ ਅਤੇ ਉਪਰੰਤ ਪਾਵਨ ਬੀੜ ਨੂੰ ਪਾਲਕੀ ਸਾਹਿਬ ਵਿਖੇ ਸੁਸ਼ੋਭਿਤ ਕਰਨ ਦੀ ਸੇਵਾ ਨਿਭਾਈ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕਰਕੇ ਦਰਬਾਰ ਦੀ ਮਰਿਆਦਾ ਆਰੰਭ ਕਰਨ ਦੀ ਆਗਿਆ ਲਈ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪ੍ਰਕਾਸ਼ ਕਰਨ ਦੀ ਸੇਵਾ ਨਿਭਾਈ ਅਤੇ ਸੰਗਤ ਨੂੰ ਹੁਕਮਨਾਮਾ ਸਰਵਣ ਕਰਵਾਇਆ।

Advertisement

ਇਸ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੇਨਾਂਗ ਦੀ ਸੂਬਾ ਸਰਕਾਰ ਵੱਲੋਂ ਸਾਂਝੇ ਤੌਰ 'ਤੇ ਗੁਰੂ ਘਰ ਦੇ ਵਿਹੜੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਰਸਮੀ ਤੌਰ ਉੱਤੇ ਮੁੜ-ਆਰੰਭ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜਥੇਦਾਰ ਗੜਗੱਜ ਤੋਂ ਇਲਾਵਾ ਮਲੇਸ਼ੀਆ ਸਰਕਾਰ ਦੇ ਕੇਂਦਰੀ ਮੰਤਰੀ ਵਾਈ.ਬੀ. ਸਟੀਵਨ ਸਿਮ, ਪੇਨਾਂਗ ਦੇ ਉਪ ਮੁੱਖ ਮੰਤਰੀ ਵਾਈ.ਬੀ. ਜਗਦੀਪ ਸਿੰਘ ਦਿਓ, ਮਲੇਸ਼ੀਆ ਦੇ ਸਾਂਸਦ ਰਾਮਕਰਪਾਲ ਸਿੰਘ ਦਿਓ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ, ਮਲੇਸ਼ੀਆ ਅੰਦਰ ਭਾਰਤੀ ਹਾਈ ਕਮਿਸ਼ਨਰ ਸੋਮਨਾਥ ਘੋਸ਼, ਵੱਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਪ੍ਰਮੁੱਖ ਆਗੂ ਬੀਬੀ ਗੁਰਮੀਤ ਕੌਰ ਤੇ ਪ੍ਰਧਾਨ ਸੰਤੋਖ ਸਿੰਘ, ਗੁਰਦੁਆਰਾ ਸੇਵਾ ਸੰਭਾਲ ਕਮੇਟੀ ਦੇ ਚੇਅਰਮੈਨ ਮਹਿੰਦਰ ਸਿੰਘ ਦੁਲਕੂ, ਕੋ-ਚੇਅਰਮੈਨ ਮਲਕੀਤ ਸਿੰਘ, ਵਿਕਰਮ ਸਿੰਘ ਦਿੱਲੀ, ਪੇਨਾਂਗ-ਪੰਜਾਬ ਕੋਰੀਡੋਰ ਦੇ ਸੰਸਥਾਪਕ ਡਾ. ਬੀ.ਐੱਸ. ਬੈਂਸ ਤੇ ਕਈ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।

Advertisement

ਇਸ ਦੌਰਾਨ ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਮਲੇਸ਼ੀਆ ਦੇ ਪੇਨਾਂਗ ਵਿੱਚ ਸਥਿਤ ਸਿੱਖ ਵਿਰਾਸਤ ‘ਵੱਡਾ ਗੁਰਦੁਆਰਾ ਸਾਹਿਬ’ ਨੂੰ ਹੂ-ਬ-ਹੂ ਸੰਭਾਲਣ ਦਾ ਕਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਜਿੱਥੇ-ਜਿੱਥੇ ਵੀ ਸਿੱਖ ਵਿਰਾਸਤ ਮੌਜੂਦ ਹੈ, ਉਸ ਨੂੰ ਉੱਥੇ ਮਾਹਰਾਂ ਦੀ ਦੇਖ-ਰੇਖ ਵਿੱਚ ਸੰਭਾਲਣ ਦਾ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਸਿੱਖ ਜਿੱਥੇ ਵੀ ਗਏ, ਉੱਥੇ ਗੁਰੂ ਨਾਲ ਜੁੜੇ ਰਹੇ। ਮਲੇਸ਼ੀਆ ਦੀ ਆਜ਼ਾਦੀ ਵਿੱਚ ਵੀ ਸਿੱਖਾਂ ਦਾ ਵੱਡਾ ਯੋਗਦਾਨ ਹੈ।

ਉਨ੍ਹਾਂ ਕਿਹਾ ਕਿ ਸਿੱਖ ਜਿੱਥੇ-ਜਿੱਥੇ ਗਏ, ਉੱਥੇ ਉਨ੍ਹਾਂ ਨੇ ਮਿਹਨਤ, ਇਮਾਨਦਾਰੀ ਤੇ ਲਿਆਕਤ ਨਾਲ ਆਪਣੀ ਥਾਂ ਬਣਾਈ ਹੈ ਤੇ ਕੌਮ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੇਨਾਂਗ ਸਥਿਤ ਵੱਡਾ ਗੁਰਦੁਆਰਾ ਸਾਹਿਬ ਨੂੰ ਮਲੇਸ਼ੀਆ ਅੰਦਰ ਸਿੱਖ ਵਿਰਾਸਤ ਦਾ ਦਰਜਾ ਪ੍ਰਾਪਤ ਹੈ। ਇਹ ਗੁਰੂ ਘਰ 125 ਸਾਲ ਪਹਿਲਾਂ ਸੰਨ 1901 ਵਿੱਚ ਸਥਾਪਤ ਕੀਤਾ ਗਿਆ ਸੀ, ਜੋ ਦਰਸਾਉਂਦਾ ਹੈ ਕਿ ਸਿੱਖਾਂ ਨੇ ਕਿੰਨਾ ਚਿਰ ਪਹਿਲਾਂ ਮਲੇਸ਼ੀਆ ਆ ਕੇ ਮਿਹਨਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਨਵੀਂ ਪੀੜ੍ਹੀ ਤੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਸਿਖਾਉਣ ਲਈ ਉਪਰਾਲੇ ਕਰਨ ਲਈ ਆਖਿਆ ਤਾਂ ਜੋ ਉਹ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਸੁਖਾਲੇ ਜੁੜ ਸਕਣ। ਉਨ੍ਹਾਂ ਮਲੇਸ਼ੀਆ ਦੀ ਸਿੱਖ ਸੰਗਤ ਨੂੰ ਆਪਣੇ ਮੂਲ ਪੰਜਾਬ ਨਾਲ ਜੁੜੇ ਰਹਿਣ ਅਤੇ ਬੱਚਿਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਵਾਉਣ ਲਈ ਪ੍ਰੇਰਿਤ ਕੀਤਾ।

Advertisement
×