ਤਰੁਣ ਚੁੱਘ ਵੱਲੋਂ ਅੰਮ੍ਰਿਤਸਰ ’ਚ ਕੇਂਦਰੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ
ਅੰਮ੍ਰਿਤਸਰ ਦੇ 450ਵੇਂ ਸਥਾਪਨਾ ਦਿਵਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਕੀਤੀ ਮੁਲਾਕਾਤ
ਰਾਜ ਸਭਾ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਨੇ ਕੇਂਦਰੀ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਦਿਵਸ ’ਤੇ ਅੰਮ੍ਰਿਤਸਰ ਵਿੱਚ ਕੇਂਦਰੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ ਰੱਖੀ ਹੈ।
ਭਾਜਪਾ ਆਗੂ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਐਕਸ' (ਟਵਿੱਟਰ) ’ਤੇ ਇਸ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਉਹ ਹਮੇਸ਼ਾ ਗੁਰੂਆਂ ਦੀ ਨਗਰੀ ਅੰਮ੍ਰਿਤਸਰ ਦੇ ਵਿਕਾਸ ਲਈ ਵਚਨਬੱਧ ਹਨ। ਅੰਮ੍ਰਿਤਸਰ ਦੇ 450ਵੇਂ ਸਥਾਪਨਾ ਦਿਵਸ ਦੇ ਇਤਿਹਾਸਕ ਮੌਕੇ ਦੇ ਸਬੰਧ ਵਿੱਚ ਉਨ੍ਹਾਂ ਕੇਂਦਰੀ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਅਤੇ ਅੰਮ੍ਰਿਤਸਰ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਦੀ ਸਥਾਪਨਾ ਦੀ ਮੰਗ ਰੱਖੀ।
ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਸਿੱਖਿਆ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਵਧ ਰਹੇ ਹਨ। ਇਸ ਦਿਸ਼ਾ ਵਿੱਚ ਉਹ ਅੰਮ੍ਰਿਤਸਰ ਨੂੰ ਉੱਚ ਸਿੱਖਿਆ ਅਤੇ ਖੋਜ ਲਈ ਇੱਕ ਪ੍ਰਮੁੱਖ ਕੇਂਦਰ ਬਣਾਉਣ ਲਈ ਯਤਨਸ਼ੀਲ ਹਨ।
ਉਨ੍ਹਾਂ ਦੱਸਿਆ ਕਿ ਪ੍ਰਹਲਾਦ ਜੋਸ਼ੀ ਨੇ ਮੰਗ ਪ੍ਰਤੀ ਸਕਾਰਾਤਮਕ ਹੁੰਗਾਰਾ ਦਿੱਤਾ ਅਤੇ ਪ੍ਰਸਤਾਵ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਤੇ ਲੋੜੀਂਦੀ ਪ੍ਰਕਿਰਿਆ ਨਾਲ ਅੱਗੇ ਵਧਣ ਦਾ ਭਰੋਸਾ ਦਿੱਤਾ।
ਇੱਕ ਕੇਂਦਰੀ ਯੂਨੀਵਰਸਿਟੀ ਅੰਮ੍ਰਿਤਸਰ ਸਮੇਤ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ, ਆਧੁਨਿਕ ਖੋਜ ਸਹੂਲਤਾਂ ਅਤੇ ਸ਼ਾਨਦਾਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ। ਉਨ੍ਹਾਂ ਆਖਿਆ ਕਿ ਉਹ ਹਮੇਸ਼ਾ ਇਹ ਯਕੀਨੀ ਬਣਾਉਣ ਲਈ ਯਤਨਸ਼ੀਲ ਰਹਿਣਗੇ ਕਿ ਗੁਰੂ ਨਗਰੀ ਸਿਰਫ਼ ਅਧਿਆਤਮਿਕਤਾ ਹੀ ਨਹੀਂ, ਸਗੋਂ ਸਿੱਖਿਆ ਦਾ ਇੱਕ ਪ੍ਰਮੁੱਖ ਅਤੇ ਆਧੁਨਿਕ ਕੇਂਦਰ ਬਣੇ।

