ਪੱਤਰ ਪ੍ਰੇਰਕ
ਅੰਮ੍ਰਿਤਸਰ, 22 ਸਤੰਬਰ
ਦੁਬਈ ਦੇ ਕਾਰੋਬਾਰੀ ਅਤੇ ਗੁਰੂ ਨਾਨਕ ਦਰਬਾਰ ਸਿੱਖ ਟੈਂਪਲ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਥਿਤ ਭਾਈ ਗੁਰਦਾਸ ਲਾਇਬ੍ਰੇਰੀ ਵਿੱਚ ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਸਥਾਪਿਤ ਨਾਵਲਕਾਰ ਨਾਨਕ ਸਿੰਘ ਦੀ ਜ਼ਿੰਦਗੀ ਨੂੰ ਪ੍ਰਦਰਸ਼ਿਤ ਕਰਦੇ ਨਾਨਕ ਸਿੰਘ ਸੈਂਟਰ ਦਾ ਦੌਰਾ ਕੀਤਾ। ਇਸ ਸਮੇਂ ਉਨ੍ਹਾਂ ਨਾਲ ਸਾਬਕਾ ਆਈਐੱਫਐੱਸ ਅਫ਼ਸਰ ਅਤੇ ਨਾਵਲਕਾਰ ਨਾਨਕ ਸਿੰਘ ਦੇ ਪੋਤਰੇ ਨਵਦੀਪ ਸਿੰਘ ਸੂਰੀ ਵੀ ਹਾਜ਼ਰ ਸਨ। ਸ੍ਰੀ ਸੂਰੀ ਨੇ ਸ੍ਰੀ ਕੰਧਾਰੀ ਨੂੰ ਨਾਨਕ ਸਿੰਘ ਦੀਆਂ ਦੁਰਲੱਭ ਪੁਸਤਕਾਂ ਦੇ ਮੁੱਢਲੇ ਐਡੀਸ਼ਨ, ਹੱਥ ਲਿਖਤਾਂ, ਉਨ੍ਹਾਂ ਨੂੰ ਮਿਲੇ ਵੱਖ-ਵੱਖ ਸਨਮਾਨ, ਉਨ੍ਹਾਂ ਦਾ ਪੈੱਨ ਤੇ ਤਖ਼ਤੀ, ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਚੀਜ਼ਾਂ-ਵਸਤਾਂ, ਜੀਵਨ ਦਰਸ਼ਨ ਅਤੇ ਵੱਡੀ ਦੀਵਾਰ ਉੱਪਰ ਲਿਖੀ ਗਈ ਉਨ੍ਹਾਂ ਦੀ ਲਾਈਫ਼ ਲਾਈਨ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਤੋਂ ਜਾਣੂ ਕਰਵਾਇਆ।