ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਮਿਲੇ ਸੁਖਬੀਰ

ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਮਿਲੇ ਸੁਖਬੀਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਨਵੰਬਰ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ 27 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਚੋਣ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਝੇ ਅਤੇ ਦੁਆਬੇ ਦੇ ਜ਼ਿਲ੍ਹਿਆਂ ਵਿਚਲੇ ਆਪਣੀ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਸ਼੍ਰੋਮਣੀ ਕਮੇਟੀ ਦੇ ਹਾਲਾਤ ਅਤੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਲਈ। ਮਿਲੇ ਵੇਰਵਿਆਂ ਮੁਤਾਬਕ ਲੱਗਪਗ ਤਿੰਨ ਦਰਜਨ ਮੈਂਬਰਾਂ ਨੇ ਅੱਜ ਸੁਖਬੀਰ ਨਾਲ ਇਕੱਲੇ ਇਕੱਲੇ ਮੁਲਾਕਾਤ ਕੀਤੀ ਹੈ। ਮੁਲਾਕਾਤ ਦੌਰਾਨ ਵਧੇਰੇ ਮੈਂਬਰਾਂ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਹਾਲਾਤ, ਜਿਨ੍ਹਾਂ ਵਿੱਚ ਵਧੇਰੇ ਦਫ਼ਤਰੀ ਕਾਰਗੁਜ਼ਾਰੀ ਸ਼ਾਮਲ ਹੈ, ਚੰਗੇ ਨਹੀਂ ਹਨ ਅਤੇ ਇਨ੍ਹਾਂ ’ਚ ਸੁਧਾਰ ਦੀ ਵੱਡੀ ਲੋੜ ਹੈ। ਜੇਕਰ ਸੁਧਾਰ ਨਾ ਕੀਤਾ ਗਿਆ ਤਾਂ ਭਵਿੱਖ ’ਚ ਸ਼੍ਰੋਮਣੀ ਕਮੇਟੀ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਤੇ ਉਮੀਦਵਾਰਾਂ ਨੂੰ ਲੋਕਾਂ ਅੱਗੇ ਜਵਾਬਦੇਹ ਹੋਣਾ ਪਵੇਗਾ। ਇਸੇ ਤਰ੍ਹਾਂ ਪ੍ਰਧਾਨ ਦੀ ਕਾਰਗੁਜ਼ਾਰੀ ਬਾਰੇ ਵੀ ਰਲਿਆ ਮਿਲਿਆ ਪ੍ਰਭਾਵ ਦਿੱਤਾ ਗਿਆ ਹੈ। ਮੈਂਬਰਾਂ ਨੇ ਆਖਿਆ ਕਿ ਉਹ ਇਮਾਨਦਾਰ ਸ਼ਖਸੀਅਤ ਹਨ ਪਰ ਸੰਸਥਾ ਦੇ ਪ੍ਰਸ਼ਾਸਕੀ ਕੰਮਾਂ ’ਤੇ ਉਨ੍ਹਾਂ ਦੀ ਪਕੜ ਕਮਜ਼ੋਰ ਹੈ। ਸੁਖਬੀਰ ਬਾਦਲ ਵੀਰਵਾਰ ਨੂੰ ਫਿਰ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਮੈਂਬਰਾਂ ਵਲੋਂ ਦਿੱਤੇ ਗਏ ਪ੍ਰਭਾਵ ਦੇ ਮੁਤਾਬਕ ਪ੍ਰਧਾਨ, ਸੀਨੀਅਰ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਮੀਟਿੰਗ ਮਗਰੋਂ ਅੱਜ ਬਾਦਲ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All