ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਅਪਰੈਲ
ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਹਰਿਆਣਾ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਲੜਕੇ ਗੌਰਵ ਟਿਕੈਤ ਨੇ ਆਖਿਆ ਕਿ ਕਿਸਾਨ ਸੰਘਰਸ਼ ਉਸ ਵੇਲੇ ਤੱਕ ਜਾਰੀ ਰਹੇਗਾ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਐਮਐਸਪੀ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਨਹੀਂ ਬਣਾਇਆ ਜਾਂਦਾ। ਉਹ ਅੱਜ ਇੱਥੇ ਕਿਸਾਨ ਸੰਘਰਸ਼ ਦੀ ਸਫਲਤਾ ਲਈ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਨ। ਉਨ੍ਹਾਂ ਨਾਲ ਅਦਾਕਾਰਾ ਸੋਨੀਆ ਮਾਨ ਤੇ ਹੋਰ ਕਿਸਾਨ ਆਗੂ ਵੀ ਸਨ। ਸੋਨੀਆ ਮਾਨ ਵੱਲੋਂ ਪਿੰਡ ਕੁੱਕੜਾਂਵਾਲਾ ਵਿਚ ਕਿਸਾਨ ਮਹਾਸਭਾ ਕੀਤੀ ਜਾ ਰਹੀ ਹੈ ਜਿਸ ਵਿਚ ਸ੍ਰੀ ਟਿਕੈਤ ਤੇ ਉਨ੍ਹਾਂ ਦੇ ਹੋਰ ਸਾਥੀ ਸ਼ਾਮਲ ਹੋਣ ਪੁੱਜੇ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਕਿਸਾਨ ਸੰਘਰਸ਼ ਦੀ ਸਫਲਤਾ ਲਈ ਅਰਦਾਸ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਹੁਣ ਕਰੋਨਾ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਡਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਮੋਦੀ ਦੂਜਿਆਂ ਨੂੰ ਨਸੀਹਤਾਂ ਦੇਣ ਤੋਂ ਪਹਿਲਾਂ ਆਪ ਇਸ ਉਪਰ ਅਮਲ ਕਰਨ।