ਬੀਐੱਸਐੱਫ ਸਿੱਖ ਜਵਾਨ ਦੀ ਹਿਰਾਸਤੀ ਮੌਤ ਮਾਮਲੇ ’ਚ ਦੋਸ਼ੀ ਅਧਿਕਾਰੀਆਂ ’ਤੇ ਹੋਵੇ ਸਖ਼ਤ ਕਾਰਵਾਈ: ਗੜਗੱਜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੇ ਦਿਨੀਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਹਿਰਾਸਤ ਵਿੱਚ ਅੰਮ੍ਰਿਤਸਰ ਵਿਖੇ ਕਥਿਤ ਤਸ਼ੱਦਦ ਕਾਰਨ ਮਾਰੇ ਗਏ ਬੀ.ਐੱਸ.ਐੱਫ ਦੇ ਸਿੱਖ ਜਵਾਨ ਜਸਵਿੰਦਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ...
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੇ ਦਿਨੀਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਹਿਰਾਸਤ ਵਿੱਚ ਅੰਮ੍ਰਿਤਸਰ ਵਿਖੇ ਕਥਿਤ ਤਸ਼ੱਦਦ ਕਾਰਨ ਮਾਰੇ ਗਏ ਬੀ.ਐੱਸ.ਐੱਫ ਦੇ ਸਿੱਖ ਜਵਾਨ ਜਸਵਿੰਦਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਜਥੇਦਾਰ ਗੜਗੱਜ ਅੱਜ ਆਪਣੇ ਜੰਮੂ ਦੌਰੇ ਮੌਕੇ ਪੀੜਤ ਪਰਿਵਾਰ ਦੇ ਘਰ ਪਹੁੰਚੇ। ਉਨ੍ਹਾਂ ਦੇ ਪਰਿਵਾਰ ਦੀ ਗੱਲਬਾਤ ਸੁਣੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ ਕਿ ਸਮੁੱਚਾ ਖ਼ਾਲਸਾ ਪੰਥ ਇਨਸਾਫ਼ ਦੀ ਲੜਾਈ ਵਿੱਚ ਉਨ੍ਹਾਂ ਨਾਲ ਹੈ।
ਜੰਮੂ ਦੇ ਆਰ.ਐੱਸ. ਪੁਰਾ ਖੇਤਰ ਵਿੱਚ ਮਹਲੋਵਾਲ ਵਿਚ ਇੱਕ ਗੁਰਮਤਿ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਨੂੰ ਜਸਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਆਖਿਆ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਨੌਜਵਾਨ ਉੱਤੇ ਐੱਨ.ਸੀ.ਬੀ ਦੀ ਹਿਰਾਸਤ ਵਿੱਚ ਬਹੁਤ ਭਾਰੀ ਤਸ਼ੱਦਦ ਕਰਕੇ ਉਸ ਦਾ ਕਥਿਤ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਦੇ ਸਰੀਰ ਉੱਤੇ ਪਰਿਵਾਰ ਵੱਲੋਂ ਤਸ਼ੱਦਦ ਦੇ ਨਿਸ਼ਾਨ ਦੇਖੇ ਗਏ ਹਨ, ਜਿਸ ਦੇ ਸਬੂਤ ਵੀ ਮੌਜੂਦ ਹਨ, ਇਸ ਲਈ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਲਈ ਐੱਨ.ਸੀ.ਬੀ ਦੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬੀਐਸਐਫ ਜਵਾਨ ਨੇ ਕੋਈ ਗਲਤ ਕੰਮ ਕੀਤਾ ਸੀ ਤਾਂ ਉਸ ਲਈ ਦੇਸ਼ ਅੰਦਰ ਕਾਨੂੰਨ ਅਤੇ ਅਦਾਲਤਾਂ ਹਨ, ਉਸ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾਂਦੀ, ਨਾ ਕਿ ਇਸ ਤਰ੍ਹਾਂ ਤਸ਼ੱਦਦ ਕਰਕੇ ਕਤਲ ਕੀਤਾ ਜਾਂਦਾ।

