ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਆਪਣੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਬੇਅਦਬੀ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਜ਼ਮਾਨਤ ਰੱਦ ਕਰਵਾਉਣ ਲਈ ਹੁਣ ਤੱਕ ਅਦਾਲਤ ਵਿੱਚ ਵਿਸ਼ੇਸ਼ ਲੀਵ ਪਟੀਸ਼ਨ (ਐੱਸਐੱਲਪੀ) ਦਾਇਰ ਕਿਉਂ ਨਹੀਂ ਕੀਤੀ ਗਈ। ਇਸ ਮਾਮਲੇ ਦੀ ਜਾਂਚ ਮੁਕੰਮਲ ਕਰਨ ਲਈ ਸੁਮੇਧ ਸੈਣੀ ਦੀ ਜ਼ਮਾਨਤ ਰੱਦ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਇਹ ਮੁੱਦੇ ਜਨਤਕ ਤੌਰ ’ਤੇ ਕਿਉਂ ਨਹੀਂ ਉਭਾਰੇ। ਉਹ ਅੱਜ ਇੱਥੇ ਆਪਣੇ ਹਲਕੇ ਦੇ ਇਕ ਵਾਰਡ ਵਿੱਚ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਨ ਲਈ ਆਏ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਸੂਬੇ ਦੀ ਪਿਛਲੀ ਅਤੇ ਮੌਜੂਦਾ ਕਾਂਗਰਸ ਸਰਕਾਰ ਨੇ ਮੁੱਖ ਮੁਲਜ਼ਮ ਦੀ ਜ਼ਮਾਨਤ ਰੱਦ ਕਰਵਾਉਣ ਲਈ ਕੋਈ ਯਤਨ ਨਹੀਂ ਕੀਤਾ ਜਦੋਂਕਿ ਜ਼ਮਾਨਤ ਰੱਦ ਕਰਵਾਏ ਬਿਨਾ ਇਹ ਜਾਂਚ ਮੁਕੰਮਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਰੋਜ਼ ਮੀਡੀਆ ਰਾਹੀਂ ਉਭਾਰ ਕੇ ਸਰਕਾਰ ਨੂੰ ਕਾਰਵਾਈ ਕਰਨ ਦੀ ਯਾਦ ਦਿਵਾ ਰਹੇ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਹੁਣ ਇਕ ਪਾਸੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਹਨ ਅਤੇ ਦੂਜੇ ਪਾਸੇ ਗ੍ਰਹਿ ਮੰਤਰੀ ਵਜੋਂ ਉਨ੍ਹਾਂ ਦੇ ਵੱਡੇ ਭਰਾ (ਸੁਖਜਿੰਦਰ ਸਿੰਘ ਰੰਧਾਵਾ) ਹਨ। ਦੋਹਾਂ ਨੂੰ ਰਲ ਕੇ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੇ ਪੋਤੜੇ ਫਰੋਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੇ ਹੱਲ ਲਈ ਯਤਨ ਜਾਰੀ ਰੱਖਣਗੇ। ਅੱਜ ਉਨ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ’ਤੇ ਵੀ ਨਿਸ਼ਾਨਾ ਸੇਧਿਆ। ਸ੍ਰੀ ਜਾਖੜ ਦਾ ਨਾਂ ਲਏ ਬਿਨਾ ਸ੍ਰੀ ਸਿੱਧੂ ਨੇ ਕਿਹਾ ਕਿ ਕਦੇ ਸਾਬਕਾ ਪ੍ਰਧਾਨ ਨੇ ਇਹ ਲੋਕ ਮੁੱਦੇ ਕਿਉਂ ਨਹੀਂ ਉਭਾਰੇ। ਉਨ੍ਹਾਂ ਕਿਹਾ ਕਿ ਉਂਜ ਤਾਂ ਉਹ ਬੜੇ ਟਵੀਟ ਕਰਦੇ ਹਨ ਪਰ ਇਨ੍ਹਾਂ ਮਾਮਲਿਆਂ ’ਤੇ ਲੋਕਾਂ ਦੀ ਗੱਲ ਕਿਉਂ ਨਹੀਂ ਕੀਤੀ। ਕਿਸਾਨ ਸੰਘਰਸ਼ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਨਮਨ ਕਰਦਿਆਂ ਸਿੱਧੂ ਨੇ ਕਿਹਾ ਕਿ ਕਿਸਾਨਾਂ ਦਾ ਇਹ ਸੰਘਰਸ਼ ਇਕ ਸਮਾਜਿਕ ਸੰਘਰਸ਼ ਬਣ ਗਿਆ ਹੈ, ਜੋ ਆਉਣ ਵਾਲੇ ਸਮੇਂ ਵਿਚ ਆਰਥਿਕਤਾ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੇ 60 ਫੀਸਦ ਤੋਂ ਵੱਧ ਕਿਸਾਨ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤਾਂ ਦੇਸ਼ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਲਾਗਤ ਵਧ ਰਹੀ ਹੈ ਪਰ ਘੱਟੋ-ਘੱਟ ਸਮਰਥਨ ਮੁੱਲ ਵਿਚ ਇਸ ਦੇ ਬਦਲੇ ਮਾਮੂਲੀ ਵਾਧਾ ਹੁੰਦਾ ਹੈ।
ਨਸ਼ਿਆਂ ਦੇ ਮਾਮਲੇ ’ਤੇ ਵੀ ਸਰਕਾਰ ਨੂੰ ਘੇਰਿਆ
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਨਸ਼ਿਆਂ ਦੇ ਮਾਮਲੇ ’ਤੇ ਵੀ ਸਰਕਾਰ ਨੂੰ ਘੇਰਿਆ ਅਤੇ ਆਖਿਆ ਕਿ ਉੱਚ ਅਦਾਲਤ ਦੇ ਦਿਸ਼ਾ-ਨਿਰਦੇਸ਼ ਦੇ ਬਾਵਜੂਦ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਇਸ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਵਾਰ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਆਖਿਆ ਗਿਆ ਸੀ। ਅਦਾਲਤ ਨੇ ਹੁਣ ਮੁੜ ਤੋਂ ਸਰਕਾਰ ਦੀ ਇਸ ਸਬੰਧੀ ਕਾਰਗੁਜ਼ਾਰੀ ’ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐੱਨਡੀਪੀਐੱਸ ਦੀ ਰਿਪੋਰਟ ਵਿਚ ਵੀ ਸੂੂਬੇ ਦੀ ਨਸ਼ਿਆਂ ਬਾਰੇ ਸਥਿਤੀ ’ਤੇ ਤਿੱਖੀ ਟਿੱਪਣੀ ਕੀਤੀ ਗਈ ਹੈ। ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਪਤਾ ਨਹੀਂ ਕਿਸ ਦਾ ਡਰ ਹੈ ਅਤੇ ਕੌਣ ਰੋਕ ਰਿਹਾ ਹੈ, ਜੋ ਇਸ ਮਾਮਲੇ ’ਤੇ ਸਰਕਾਰ ਵੱਲੋਂ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲੇ ਵਿਧਾਨ ਸਭਾ ਅਤੇ ਲੋਕਾਂ ਦੀ ਅਦਾਲਤ ਵਿੱਚ ਇਸ ਲਈ ਉਭਾਰਦੇ ਹਨ ਕਿਉਂਕਿ ਲੋਕ ਜਨਤਕ ਤੌਰ ’ਤੇ ਉਨ੍ਹਾਂ ਕੋਲੋਂ ਇਸ ਬਾਰੇ ਪੁੱਛਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ ਪਰ ਲੋਕਾਂ ਦੀ ਆਵਾਜ਼ ਨੂੰ ਸਰਕਾਰ ਅੱਗੇ ਰੱਖਣਾ ਉਨ੍ਹਾਂ ਦਾ ਫ਼ਰਜ਼ ਹੈ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਉਨ੍ਹਾਂ ਇਸ ਸਬੰਧ ਵਿਚ ਮਰਨ ਵਰਤ ਰੱਖਣ ਦੀ ਚਿਤਾਵਨੀ ਵੀ ਦਿੱਤੀ ਸੀ।
ਸਿੱਧੂ ਖ਼ਿਲਾਫ਼ ਉਠਣ ਲੱਗੀਆਂ ਬਾਗੀ ਸੁਰਾਂ
ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਤਿੱਖੀ ਬੋਲਬਾਣੀ ਖ਼ਿਲਾਫ਼ ਪਾਰਟੀ ਅੰਦਰੋਂ ਸੁਰਾਂ ਉਠਣ ਲੱਗ ਪਈਆਂ ਹਨ| ਕਿਸੇ ਵੇਲੇ ਅੰਗ-ਸੰਗ ਰਹੇ ਵਿਧਾਇਕਾਂ ਨੂੰ ਵੀ ਨਵਜੋਤ ਸਿੱਧੂ ਦੀ ਨਿੱਤ ਦੀ ਧਮਕੀਨੁਮਾ ਸੁਰ ਪਸੰਦ ਨਹੀਂ ਆ ਰਹੀ ਹੈ| ਚੇਤੇ ਰਹੇ ਕਿ ਨਵਜੋਤ ਸਿੱਧੂ ਵੱਲੋਂ ਬੀਤੇ ਦਿਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ’ਤੇ ਸ਼ਬਦੀ ਹਮਲਾ ਕੀਤਾ ਗਿਆ ਸੀ| ਨਵਜੋਤ ਸਿੱਧੂ ਨੇ ਬਿਨਾ ਨਾਮ ਲਏ ਕਿਹਾ ਸੀ, ‘‘ਜੋ ਪਹਿਲਾਂ ਪ੍ਰਧਾਨ ਸਨ, ਉਨ੍ਹਾਂ ਨੇ ਕੋਈ ਮੁੱਦਾ ਨਹੀਂ ਚੁੱਕਿਆ|’’ ਪਾਰਟੀ ਦੇ ਕੁਝ ਵਿਧਾਇਕ ਅੰਦਰੋਂ-ਅੰਦਰੀ ਨਵਜੋਤ ਸਿੱਧੂ ਦੇ ਇਸ ਬਿਆਨ ਤੋਂ ਖ਼ਫ਼ਾ ਹਨ ਕਿਉਂਕਿ ਹਿੰਦੂ ਭਾਈਚਾਰਾ ਤਾਂ ਪਹਿਲਾਂ ਹੀ ਕਾਂਗਰਸ ਤੋਂ ਦੂਰ ਹੁੰਦਾ ਜਾਪਦਾ ਹੈ| ਉੱਧਰ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਨਵਜੋਤ ਸਿੱਧੂ ’ਤੇ ਕੋਈ ਸਿੱਧਾ ਹੱਲਾ ਬੋਲਣ ਦੀ ਥਾਂ ਸ਼ਾਇਰਾਨਾ ਢੰਗ ਨਾਲ ਹੀ ਉਨ੍ਹਾਂ ਦੀ ਗੱਲ ਦਾ ਜਵਾਬ ਦਿੱਤਾ| ਜਾਖੜ ਨੇ ਨਵਜੋਤ ਸਿੱਧੂ ਵੱਲੋਂ ਬੋਲੇ ਹੱਲੇ ਵਾਲੀ ਸੰਖੇਪ ਵੀਡੀਓ ਟਵਿੱਟਰ ’ਤੇ ਸਾਂਝੀ ਕਰਦਿਆਂ ਲਿਖਿਆ ਹੈ, ‘‘ਬੁੱਤ ਹਮਕੋ ਕਹੇ ਕਾਫ਼ਿਰ ਅੱਲ੍ਹਾ ਕੀ ਮਰਜ਼ੀ ਹੈ, ਸੂਰਜ ਮੇਂ ਲਗੇ ਧੱਬੇ ਫਿਤਰਤ ਕੇ ਕਰਿਸ਼ਮੇ ਹੈਂ, ਬਰਕਤ ਜੋ ਨਹੀਂ ਹੋਤੀ, ਨੀਅਤ ਕੀ ਖਰਾਬੀ ਹੈ|’’ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਅੱਜ ਪ੍ਰਤੀਕਰਮ ਦਿੱਤਾ ਹੈ ਕਿ ਨਵਜੋਤ ਸਿੱਧੂ ਵੱਲੋਂ ਜੋ ਮੁੱਦੇ ਉਠਾਏ ਜਾ ਰਹੇ ਹਨ ਉਹ ਠੀਕ ਹਨ ਪ੍ਰੰਤੂ ਇਨ੍ਹਾਂ ਮੁੱਦਿਆਂ ਨੂੰ ਉਠਾਉਣ ਦਾ ਤਰੀਕਾ ਗਲਤ ਹੈ| ਉਨ੍ਹਾਂ ਕਿਹਾ ਕਿ ਇਹ ਸਾਰੇ ਮੁੱਦੇ ਨਵਜੋਤ ਸਿੱਧੂ ਨੂੰ ਪਾਰਟੀ ਪਲੇਟਫਾਰਮ ’ਤੇ ਉਠਾਉਣੇ ਚਾਹੀਦੇ ਹਨ| ਉਨ੍ਹਾਂ ਕਿਹਾ ਕਿ ਜਨਤਕ ਤੌਰ ’ਤੇ ਮੁੱਦੇ ਉਠਾਉਣ ਨਾਲ ਪਾਰਟੀ ਦੀ ਸਾਖ ਖਰਾਬ ਹੁੰਦੀ ਹੈ|
ਸੇਖੜੀ ਨੇ ਬਾਜਵਾ ਖ਼ਿਲਾਫ਼ ਮੋਰਚਾ ਖੋਲ੍ਹਿਆ
ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ| ਉਨ੍ਹਾਂ ਕਿਹਾ ਕਿ ‘ਸਿੱਖ ਫਾਰ ਜਸਟਿਸ’ ਵਾਲੇ ਪੰਨੂ ਦੇ ਸਕੇ ਭਰਾ ਨੂੰ ਸੀਨੀਅਰ ਚੇਅਰਮੈਨ ਬਣਾਉਣਾ ਖਤਰੇ ਦੀ ਘੰਟੀ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ਖਾਲਿਸਤਾਨ ਦੇ ਨਾਅਰੇ ਲੱਗੇ ਪਰ ਸਰਕਾਰ ਦੀ ਜਾਗ ਨਹੀਂ ਖੁੱਲ੍ਹੀ| ਸੇਖੜੀ ਨੇ ਕਿਹਾ ਕਿ ਅਕਾਲੀ ਦਲ ਨਾਲ ਮਿਲੀਭੁਗਤ ਕਰ ਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਇਹ ਕੰਮ ਕਰ ਰਹੇ ਹਨ| ਸ੍ਰੀ ਸੇਖੜੀ ਨੇ ਅਜਿਹੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਦਫ਼ਤਰ ਵਿੱਚ ਸੱਤਿਆਗ੍ਰਹਿ ’ਤੇ ਬੈਠਣ ਦੀ ਗੱਲ ਵੀ ਆਖੀ।