ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਅਗਸਤ
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗੁਰੂ ਨਾਨਕ ਦੇਵ ਦੇ ਕਿਰਤੀ ਸਿੱਖ ਭਾਈ ਲਾਲੋ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਸਬੰਧ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਹਜ਼ੂਰੀ ਰਾਗੀ ਭਾਈ ਜਗਰੂਪ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਅਰਦਾਸ ਭਾਈ ਸੁਖਦੇਵ ਸਿੰਘ ਨੇ ਕੀਤੀ।
ਹੁਕਮਨਾਮੇ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਨੇ ਭਾਈ ਲਾਲੋ ਦੇ ਜੀਵਨ ਤੇ ਘਾਲਣਾ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਮਾਜ ਲਈ ਇਕ ਸੁਚੱਜਾ ਮਾਰਗ ਦਰਸ਼ਨ ਹੈ, ਜਿਸ ਤੋਂ ਅਗਵਾਈ ਲੈ ਕੇ ਧਰਮ ਦੀ ਕਿਰਤ ਕਰਦਿਆਂ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਨੇ ਭਾਈ ਲਾਲੋ ਨੂੰ ਬੇਹੱਦ ਸਨਮਾਨ ਦੇ ਕੇ ਮਨੁੱਖਤਾ ਨੂੰ ਸੱਚੀ ਕਿਰਤ ਕਰਨ ਦਾ ਉਪਦੇਸ਼ ਕੀਤਾ ਹੈ। ਉਨ੍ਹਾਂ ਸੰਗਤ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ। ਇਸ ਮੌਕੇ ਮੈਨੇਜਰ ਬਘੇਲ ਸਿੰਘ, ਪ੍ਰਚਾਰਕ ਭਾਈ ਤਰਸੇਮ ਸਿੰਘ ਅਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।