Shaheedi Pattan Boards: ਹਰੀਕੇ ਪੱਤਣ ਵਿਚ ਭਾਈ ਖਾਲੜਾ ਦੀ ਤਸਵੀਰ ਨਾਲ ਸ਼ਹੀਦੀ ਪੱਤਣ ਲਿਖ ਕੇ ਬੋਰਡ ਲਾਏ
Jaswant Khalra Tribute: ਸਿੱਖ ਯੂਥ ਫੈਡਰੇਸ਼ਨ ਨੇ ਕੀਤੀ ਸ਼ੁਰੂਆਤ
Jaswant Khalra Tribute: ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਹੀਦਾਂ ਦੀ ਯਾਦ ਵਿੱਚ ਹਰੀਕੇ ਪੱਤਣ ਦਾ ਨਾਂ ਸ਼ਹੀਦੀ ਪੱਤਣ ਐਲਾਨੇ ਜਾਣ ਤੋਂ ਬਾਅਦ ਅੱਜ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਉਸ ਸਥਾਨ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਅਤੇ ਸ਼ਹੀਦੀ ਪੱਤਣ ਲਿਖ ਕੇ ਬੋਰਡ ਲਗਾ ਦਿੱਤੇ ਹਨ।
ਇਹ ਕਾਰਵਾਈ ਜਥੇਬੰਦੀ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਵੱਲੋਂ ਕੀਤੀ ਗਈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਰਵਉੱਚ ਹੈ ਜੋ ਲਾਗੂ ਹੋਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਅੱਜ ਸੰਕੇਤਕ ਤੌਰ 'ਤੇ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਇਸ ਦੇ ਆਸ-ਪਾਸ ਸ਼ਹੀਦੀ ਪੱਤਣ ਲਿਖ ਕੇ ਵੱਧ ਤੋਂ ਵੱਧ ਬੋਰਡ ਲਗਾਏ ਜਾਣ ਤਾਂ ਜੋ ਹਰੀਕੇ ਪੱਤਣ ਹੁਣ ਸ਼ਹੀਦੀ ਪੱਤਣ ਦੇ ਨਾਂ ਨਾਲ ਪ੍ਰਚਲਿਤ ਹੋ ਜਾਵੇ ਪਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਇਸ ਨੂੰ ਸ਼ਹੀਦੀ ਪੱਤਣ ਵਜੋਂ ਹੀ ਲਿਖੇ ਅਤੇ ਸਥਾਪਿਤ ਕਰੇ।
ਫੈਡਰੇਸ਼ਨ ਨੇ ਜਥੇਦਾਰ ਗੜਗੱਜ ਨੂੰ ਅਪੀਲ ਕੀਤੀ ਕਿ ਉਹ ਪੰਜ ਸਿੰਘਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਖੁਦ ਵੀ ਇੱਥੇ ਆ ਕੇ ਬੋਰਡ ਸਥਾਪਿਤ ਕਰਕੇ ਜਾਣ।
ਫੈਡਰੇਸ਼ਨ ਆਗੂਆਂ ਨੇ ਕਿਹਾ ਕਿ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਵਾਰਿਸ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੁਲੀਸ ਵੱਲੋਂ ਸ਼ਹੀਦ ਕਰਕੇ ਇਸੇ ਹਰੀਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ। ਉਹਨਾਂ ਨੇ ਦੋਸ਼ ਲਾਇਆ ਕਿ ਹਕੂਮਤਾਂ ਨੇ ਕੇਵਲ ਪੰਜਾਬ ਦੇ ਦਰਿਆਵਾਂ ਵਿੱਚ ਵਗਦੇ ਪਾਣੀਆਂ ਨੂੰ ਹੀ ਨਹੀਂ ਲੁੱਟਿਆ ਬਲਕਿ ਇਹਨਾਂ ਦਰਿਆਵਾਂ ਨੂੰ ਖ਼ੂਨ ਨਾਲ਼ ਲਾਲ ਵੀ ਕੀਤਾ ਹੈ। ਇਹ ਦਰਿਆ ਅਤੇ ਸ਼ਮਸ਼ਾਨਘਾਟ ਸਿੱਖਾਂ ਉੱਤੇ ਵਾਪਰੇ ਘੱਲੂਘਾਰੇ ਤੇ ਨਸਲਕੁਸ਼ੀ ਦੀ ਗਵਾਹੀ ਭਰਦੇ ਹਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਥੇ ਸ਼ਹੀਦਾਂ ਦੀ ਯਾਦਗਾਰ ਵੀ ਜਲਦੀ ਸਥਾਪਿਤ ਕਰੇ। 1982 ਤੋਂ 1995 ਤਕ ਜਿੰਨੇ ਵੀ ਝੂਠੇ ਅਤੇ ਅਸਲ ਪੁਲੀਸ ਮੁਕਾਬਲੇ ਕੀਤੇ ਗਏ ਹਨ, ਜਿਨ੍ਹਾਂ ਨੂੰ ਅਗਵਾ ਕਰਕੇ ਲਾਪਤਾ ਕੀਤਾ ਗਿਆ ਹੈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਾੜ ਦਿੱਤਾ ਗਿਆ, ਜਿਨ੍ਹਾਂ ਦੀਆਂ ਦੇਹਾਂ ਦਰਿਆਵਾਂ ਅਤੇ ਨਹਿਰਾਂ ਵਿੱਚ ਰੋੜ੍ਹ ਦਿੱਤੀਆਂ, ਜਿਨ੍ਹਾਂ ਬਾਰੇ ਕੁਝ ਪਤਾ ਹੀ ਨਾ ਲੱਗ ਸਕਿਆ ਕਿ ਉਹਨਾਂ ਨਾਲ ਕੀ ਬੀਤੀ, ਬਾਰੇ ਲੋਕਾਂ ਦੇ ਪਰਿਵਾਰਾਂ, ਵਾਰਸਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਤਕ ਪਹੁੰਚ ਕਰਕੇ ਤਸਵੀਰਾਂ, ਨਾਮ, ਪਤੇ ਅਤੇ ਹੋਰ ਜਾਣਕਾਰੀ ਨੂੰ ਸਾਂਝਾ ਕੀਤਾ ਜਾਵੇ।

