ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਸਖਤ

ਸ਼ਹਿਰ ਦੇ ਲੱਗਭੱਗ 70 ਰਸਤਿਆਂ ’ਤੇ ਨਾਕੇ ਲਾ ਕੇ ਵਾਹਨਾਂ ਦੀ ਜਾਂਚ ਜਾਰੀ ; ਵਾਹਨ ਚਾਲਕਾਂ ਕੋਲੋਂ ਕੀਤੀ ਪੁੱਛਗਿੱਛ

ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਸਖਤ

ਇੰਡੀਆ ਗੇਟ ਨੇੜੇ ਪੁਲੀਸ ਮੁਲਾਜ਼ਮ ਵਾਹਨਾਂ ਦੀ ਜਾਂਚ ਕਰਦੇ ਹੋਏ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਜਨਵਰੀ

ਵਿਧਾਨ ਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲੀਸ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਕਰੜੇ ਕਰਦੇ ਹੋਏ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਸ਼ਹਿਰ ਦੇ ਅੰਦਰ ਅਤੇ ਬਾਹਰ ਆਉਣ ਜਾਣ ਵਾਲੇ ਲਗਪਗ 70 ਰਸਤਿਆਂ ’ਤੇ ਨਾਕਾਬੰਦੀ ਕੀਤੀ ਗਈ ਹੈ। ਸੰਵੇਦਨਸ਼ੀਲ ਥਾਵਾਂ ’ਤੇ ਮੋਰਚੇ ਵੀ ਬਣਾਏ ਗਏ ਹਨ, ਜਿਥੇ ਨੀਮ ਫੌਜੀ ਬਲ, ਕਮਾਂਡੋ, ਸਵੈੱਟ ਟੀਮਾਂ ਅਤੇ ਪੁਲੀਸ ਬਲ ਦੇ ਜਵਾਨਾਂ ਵਲੋਂ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲੀਸ ਦੀ ਜੁਆਇੰਟ ਕਮਿਸ਼ਨਰ ਸ੍ਰੀਮਤੀ ਡੀ ਸੁਡਰਵਿਲੀ ਦੀ ਅਗਵਾਈ ਹੇਠ ਥਾਣਾ ਛੇਹਰਟਾ ਹੇਠ ਆਉਂਦੇ ਇਲਾਕੇ ਇੰਡੀਆ ਗੇਟ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਗਈ, ਜਿਥੇ ਆਉਣ ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਗਈ। ਵਾਹਨ ਚਾਲਕਾਂ ਕੋਲੋਂ ਪੁੱਛਗਿਛ ਵੀ ਕੀਤੀ ਗਈ। ਢੋਆ-ਢੁਆਈ ਕਰਨ ਵਾਲੇ ਵਾਹਨਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਭੀੜੇ ਬਜ਼ਾਰਾਂ ਵਿੱਚ ਪੈਦਲ ਪੈਟਰੋਲਿੰਗ ਪਾਰਟੀਆਂ ਲਾਈਆਂ ਗਈਆਂ ਹਨ। ਕੰਟਰੋਲ ਰੂਮ ਤੋਂ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ ਹੈ। ਪੁਲੀਸ ਵਲੋਂ ਸਰਾਵਾਂ, ਗੈਸਟ ਹਾਊਸ, ਪੀਜੀ ਅਤੇ ਹੋਟਲਾਂ ਵਿੱਚ ਠਹਿਰੇ ਲੋਕਾਂ ਬਾਰੇ ਵੀ ਜਾਂਚ ਕੀਤੀ ਗਈ ਹੈ।

ਪੁਲੀਸ ਤੇ ਆਬਕਾਰੀ ਵਿਭਾਗ ਨੇ ਨਜਾਇਜ਼ ਸ਼ਰਾਬ ਖਿਲਾਫ ਵਿੱਢੀ ਮੁਹਿੰਮ

ਜਲੰਧਰ(ਪਾਲ ਸਿੰਘ ਨੌਲੀ): ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿਹਾਤੀ ਪੁਲੀਸ ਅਤੇ ਆਬਕਾਰੀ ਟੀਮਾਂ ਨੇ ਅੱਜ ਸਾਂਝੇ ਤੌਰ ’ਤੇ ਸਮਾਜ ਵਿਰੋਧੀ ਅਨਸਰਾਂ ਅਤੇ ਨਜਾਇਜ਼ ਸ਼ਰਾਬ ਬਣਾਉਣ ਵਾਲੇ ਲੋਕਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਮਹਿਤਪੁਰ ਅਤੇ ਸ਼ਾਹਕੋਟ ਦੇ ਮੰਡ ਖੇਤਰ ਵਿੱਚ ਜਿਥੇ 20 ਲੱਖ ਮਿਲੀ ਲਿਟਰ ਲਾਹਣ ਜ਼ਬਤ ਕੀਤੀ ਉਥੇ 43 ਲੱਖ ਮਿਲੀ ਲਿਟਰ ਲਾਹਣ ਨਸ਼ਟ ਕਰਵਾਈ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੀਐੱਸਪੀ ਹਰਿੰਦਰ ਸਿੰਘ ਗਿੱਲ ਤੇ ਜਸਬਿੰਦਰ ਸਿੰਘ, ਈਟੀਓ ਹਰਜੋਤ ਸਿੰਘ, ਜਸਪ੍ਰੀਤ ਸਿੰਘ ਸਮੇਤ ਡਰੋਨ ਟੀਮ ਅਤੇ ਸਥਾਨਕ ਪੁਲੀਸ ਥਾਣਿਆਂ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਡਰੋਨ ਦੀ ਮੱਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਟੀਮਾਂ ਨੇ ਮਹਿਤਪੁਰ ਦੇ ਪਿੰਡ ਬਾਓਪੁਰ ਵਿੱਚ ਪੰਜ ਡਰੰਮਾਂ ਵਿੱਚੋਂ 10 ਲੱਖ ਮਿਲੀ ਲਿਟਰ ਲਾਹਣ ਬਰਾਮਦ ਕਰਕੇ ਟਿਊਬਾਂ ਵਿੱਚ ਪਾਈ 43 ਲੱਖ ਮਿਲੀ ਲਿਟਰ ਲਾਹਣ ਨੂੰ ਨਸ਼ਟ ਕਰ ਦਿੱਤਾ।ਇਸੇ ਤਰ੍ਹਾਂ ਟੀਮ ਵੱਲੋਂ ਸ਼ਾਹਕੋਟ ਦੇ ਮੰਡ ਖੇਤਰ ਵਿੱਚ 10 ਲੱਖ ਮਿਲੀ ਲਿਟਰ ਲਾਹਣ ਵਾਲੇ ਚਾਰ ਪੋਲੀਥੀਨ ਬੈਗ ਵੀ ਜ਼ਬਤ ਕੀਤੇ ਗਏ ਹਨ। ਇਸ ਮਾਮਲੇ ਵਿੱਚ ਪਿੰਡ ਬਾਓਪੁਰ ਦੇ ਜਿੰਦਰ ਸਿੰਘ, ਜੱਜੂ, ਬਗੀਚਾ ਅਤੇ ਸਤਪਾਲ ਨਾਮੀ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਬਕਾਰੀ ਐਕਟ ਦੀਆਂ ਧਾਰਾਵਾਂ 61,1 ਅਤੇ 14 ਤਹਿਤ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।

ਬਿਨਾਂ ਲਾਇਸੈਂਸ ਹਥਿਆਰ ਰੱਖਣ ’ਤੇ ਦੋ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਚੋਣਾਂ ਦੇ ਮੱਦੇਨਜ਼ਰ ਹਥਿਆਰਾਂ ’ਤੇ ਲਾਈ ਗਈ ਪਾਬੰਦੀ ਅਤੇ ਹਥਿਆਰ ਜਮ੍ਹਾਂ ਕਰਾਉਣ ਦੇ ਦਿੱਤੇ ਗਏ ਆਦੇਸ਼ਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਦੇ ਹਥਿਆਰ ਦਾ ਲਾਇਸੈਂਸ ਦਾ ਸਮਾਂ ਖਤਮ ਹੋ ਚੁੱਕਾ ਸੀ ਅਤੇ ਦੂਜਾ ਵਿਅਕਤੀ ਬਿਨਾਂ ਲਾਇਸੈਂਸ ਦੇ ਹਥਿਆਰ ਰੱਖ ਰਿਹਾ ਸੀ। ਇਸ ਸਬੰਧੀ ਦੋ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ। ਥਾਣਾ ਸੀ ਡਿਵੀਜਨ ਦੀ ਪੁਲੀਸ ਨੇ ਇਸ ਸਬੰਧ ਵਿਚ ਇਕ ਕੇਸ ਵਿਚ ਪ੍ਰਭਜੀਤ ਸਿੰਘ ਵਾਸੀ ਤਰਨਤਾਰਨ ਰੋਡ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਖਿਲਾਫ ਆਈਪੀਸੀ ਦੀ ਧਾਰਾ 188 ਅਤੇ ਅਸਲਾ ਐਕਟ ਦੀ ਧਾਰਾ 25, 54, 59 ਏ ਹੇਠ ਕੇਸ ਦਰਜ ਕੀਤਾ ਹੈ। ਐੱਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਕੋਲ 32 ਬੋਰ ਦੀ ਪਿਸਤੌਲ ਅਤੇ 20 ਗੋਲੀਆਂ ਹਨ। ਦੂਜੇ ਮਾਮਲੇ ਵਿੱਚ ਥਾਣਾ ਸੀ ਡਿਵੀਜਨ ਵਿਖੇ ਹੀ ਜਤਿਨ ਅਰੋੜਾ ਵਾਸੀ ਹਿੰਮਤਪੁਰਾ ਖਿਲਾਫ਼ ਅਸਲਾ ਐਕਟ ਦੀ ਧਾਰਾ 25, 54, 59 ਹੇਠ ਕੇਸ ਦਰਜ ਕੀਤਾ ਹੈ। ਏਐੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਪੁਲੀਸ ਨੇ ਇੱਕ ਪਿਸਤੌਲ ਅਤੇ ਚਾਰ ਗੋਲੀਆਂ ਸਮੇਤ ਕਾਬੂ ਕੀਤਾ ਹੈ। ਇਹ ਪਿਸਤੌਲ ਇਟਲੀ ਦੀ ਬਣੀ ਹੋਈ ਹੈ ਅਤੇ ਇਸ ਸਬੰਧੀ ਇਸ ਵਿਅਕਤੀ ਕੋਲ ਕੋਈ ਲਾਇਸੈਂਸ ਵੀ ਨਹੀਂ ਹੈ।

ਐੱਸਐੱਸਪੀ ਵੱਲੋ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ

ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਅੱਜ ਜ਼ਿਲ੍ਹੇ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਵੱਲੋ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਵੱਖ-ਵੱਖ ਇਲਾਕਿਆ ਦਾ ਸੁਰੱਖਿਆ ਪ੍ਰਬੰਧਾਂ ਵਜੋਂ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਅਤੇ ਅਕਾਊਂਟੈਂਟ ਸੁਖਦੇਵ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰ ਸਨਮਾਨਿਤ ਕੀਤਾ। ਇਸ ਉਪਰੰਤ ਉਨ੍ਹਾਂ ਡੀਐੱਸਪੀ ਪ੍ਰੀਤਇੰਦਰ ਸਿੰਘ ਕੋਲੋਂ ਸਮੁੱਚੀ ਸਬ ਡਿਵੀਜ਼ਨ ਦੇ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਲਈ ਅਤੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦੇ ਹੋਏ ਪੁਲੀਸ ਪ੍ਰਸ਼ਾਸਨ ਵੱਲੋ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਕੀਤੇ ਸੁਰੱਖਿਆ ਪ੍ਰਬੰਧਾ ਦੀ ਚੈਕਿੰਗ ਕਰਦਿਆ ਆਖਿਆ ਕਿ ਜਿਲ੍ਹੇ ਵਿੱਚ ਵਿਧਾਨ ਸਭਾ ਚੋਣਾ ਪੂਰੇ ਅਮਨ ਅਮਾਨ ਨਾਲ ਕਰਵਾਈਆ ਜਾਣਗੀਆ।ਚੋਣਾ ਦੌਰਾਨ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ।ਪੁਲੀਸ ਪ੍ਰਸ਼ਾਸਨ ਦੀ ਚੱਪੇ ਚੱਪੇ ਤੇ ਨਜ਼ਰ ਹੋਵੇਗੀ।ਕਿਸੇ ਹੁੱਲੜਬਾਜ਼ੀ ਕਰਨ ਵਾਲੇ ਨੂੰ ਬਖਸ਼ਿਆ ਨਹੀ ਜਾਵੇਗਾ।ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਆਖਿਆ ਕਿ ਲੋਕ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋ ਬਿੰਨ੍ਹਾ ਕਿਸੇ ਡਰ ਭੈਅ ਦੇ ਕਰਨ।ਇਸ ਮੌਕੇ ਐਸਐਚਓ ਜੋਗਾ ਸਿੰਘ ਤੋ ਇਲਾਵਾ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਪੁਲੀਸ ਅਧਿਕਾਰੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All