Sarpanch Murder: ਸਰਪੰਚ ਹਰਬਰਿੰਦਰ ਸਿੰਘ ਕਤਲਕਾਂਡ ਦੇ ਦੋ ਮੁਲਜ਼ਮਾਂ ਦਾ ਐਨਕਾਊਂਟਰ
ਪੁਲੀਸ ਮੁਕਾਬਲੇ ਵਿੱਚ ਦੋਵੇਂ ਮੁਲਜ਼ਮ ਗੰਭੀਰ ਜ਼ਖਮੀ
ਤਰਨ ਤਾਰਨ ਵਿੱਚ ਵਿਆਹ ਸਮਾਗਮ ਦੌਰਾਨ ਸਰਪੰਚ ਹਰਬਰਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇਸ ਕਤਲਕਾਂਡ ਨਾਲ ਸਬੰਧਤ ਦੋ ਮੁਲਜ਼ਮਾਂ ਦਾ ਪੱਟੀ ਇਲਾਕੇ ਦੇ ਪਿੰਡ ਜੱਲੋਕੇ ਅੰਦਰ ਪੁਲੀਸ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ। ਜ਼ਿਲ੍ਹਾ ਤਰਨਤਾਰਨ ਦੇ ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜ਼ਖ਼ਮੀ ਹੋਏ ਮੁਲਜ਼ਮਾਂ ਦੀ ਪਹਿਚਾਣ ਰੋਮਨਦੀਪ ਸਿੰਘ ਵਾਸੀ ਪਿੰਡ ਚੋਹਲਾ ਸਾਹਿਬ ਅਤੇ ਅਰਸ਼ਦੀਪ ਸਿੰਘ ਜਲੰਧਰ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਦੋਵਾਂ ਮੁਲਜਮਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਸਦਰ ਪੱਟੀ ਅਤੇ ਸਰਹਾਲੀ ਦੀ ਪੁਲੀਸ ਟੀਮ ਵੱਲੋਂ ਪਿੰਡ ਜੱਲੋਕੇ ਦੇ ਬੰਨ੍ਹ ਉੱਪਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਮੁਲਜ਼ਮਾਂ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਜਵਾਬੀ ਕਾਰਵਾਈ ਵਿੱਚ ਪੁਲੀਸ ਵੱਲ਼ੋਂ ਕੀਤੀ ਗਈ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ।
ਪੁਲੀਸ ਅਧਿਕਾਰੀ ਮੁਤਾਬਿਕ ਰੋਮਨਦੀਪ ਸਿੰਘ ਸਰਪੰਚ ਹਰਬਰਿੰਦਰ ਸਿੰਘ ਕਤਲਕਾਂਡ ਦਾ ਮੁੱਖ ਸ਼ੂਟਰ ਹੈ ਅਤੇ ਅਰਸ਼ਦੀਪ ਸਿੰਘ ਨੇ ਮੁੱਖ ਮੁਲਜ਼ਮ ਰੋਮਨਦੀਪ ਸਿੰਘ ਨੂੰ ਲੁਕਣ ਲਈ ਰਿਹਾਇਸ਼ ਮੁਹੱਈਆ ਕਰਵਾਉਂਦਾ ਰਿਹਾ ਹੈ। ਦੋਵਾਂ ਮੁਲਜ਼ਮਾਂ ਪਾਸੋਂ ਦੋ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਗਏ ਹਨ।

