Harike Pattan Ardaas: ਹਰੀਕੇ ਪੱਤਣ ਵਿਖੇ ਬਣੇਗਾ ਸ਼ਹੀਦੀ ਸਮਾਰਕ: ਜਥੇਦਾਰ ਕੁਲਦੀਪ ਸਿੰਘ ਗੜਗੱਜ
Satluj Film Controversy: ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕਾਲੇ ਦੌਰ ਦੌਰਾਨ ਲਾਪਤਾ ਹੋਏ ਸਿੱਖਾਂ ਤੇ ਹਿੰਦੂਆਂ ਦੀ ਯਾਦ ਵਿੱਚ ਸਾਂਝੀ ਅਰਦਾਸ; ਸ਼੍ਰੋਮਣੀ ਕਮੇਟੀ ਨੂੰ 1982 ਤੋਂ 1995 ਤੱਕ ਦੇ ਇਤਿਹਾਸ ਦੇ ਦਸਤਾਵੇਜ਼ ਤਿਆਰ ਕਰਨ ਦੇ ਹੁਕਮ; ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਅਤੇ ਫ਼ਿਲਮ 'ਸਤਲੁਜ' ਦੇ ਵਿਵਾਦ ਦਰਮਿਆਨ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਪਹਿਲਕਦਮੀ
Satluj Film Controversy: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੰਗਲਵਾਰ ਨੂੰ ਹਰੀਕੇ ਪੱਤਣ ਵਿਖੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਯਾਦ ਵਿੱਚ ਉੱਥੇ ਇੱਕ ਸ਼ਹੀਦੀ ਸਮਾਰਕ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਨੇ ਹਰੀਕੇ ਪੱਤਣ ਵਿਖੇ ਉਨ੍ਹਾਂ ਸਾਰੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਕਰਵਾਈ ਗਈ ਸਾਂਝੀ ਅਰਦਾਸ ਦੀ ਅਗਵਾਈ ਕੀਤੀ, ਜਿਨ੍ਹਾਂ ਨੂੰ ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ ਲਾਪਤਾ ਕਰਾਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਲਾਵਾਰਿਸ ਦੱਸ ਕੇ ਸਸਕਾਰ ਕਰ ਦਿੱਤਾ ਗਿਆ ਸੀ ਜਾਂ ਦਰਿਆਵਾਂ ਵਿੱਚ ਵਹਾ ਦਿੱਤਾ ਗਿਆ ਸੀ।
ਜਥੇਦਾਰ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਵੀ ਦਿੱਤਾ ਕਿ ਉਹ ਸਾਲ 1982 ਤੋਂ 1995 ਦੇ ਦਰਮਿਆਨ ਹੋਏ ਸਾਰੇ ਵੱਡੇ ਹਾਦਸਿਆਂ ਅਤੇ ਕਤਲੇਆਮ ਦੀ ਰਿਪੋਰਟ ਤੇ ਦਸਤਾਵੇਜ਼ ਤਿਆਰ ਕਰੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਰਿਕਾਰਡਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਹ ਧਾਰਮਿਕ ਸਮਾਗਮ ਉਸ ਵੇਲੇ ਕਰਵਾਇਆ ਗਿਆ ਹੈ ਜਦੋਂ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ 'ਸਤਲੁਜ' ਦੇ ਰਿਲੀਜ਼ ਹੋਣ ਅਤੇ ਫਿਰ ਹਟਾਏ ਜਾਣ ਤੋਂ ਬਾਅਦ ਪੰਜਾਬ ਦੇ ਦਰਦਨਾਕ ਇਤਿਹਾਸ ’ਤੇ ਜਨਤਕ ਬਹਿਸ ਮੁੜ ਤੇਜ਼ ਹੋ ਗਈ ਹੈ।
ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਂਚ ਦੌਰਾਨ ਹਜ਼ਾਰਾਂ ਹੀ ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਸੀ ਜਿੱਥੇ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਦਾ ਸਸਕਾਰ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਲਾਪਤਾ ਕਰਾਰ ਦਿੱਤਾ ਗਿਆ ਸੀ।
ਇਸ ਅਰਦਾਸ ਸਮਾਗਮ ਦੀ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਗਈ ਇਸ ਅਰਦਾਸ ਵਿੱਚ ਸਿਰਫ਼ ਸਿੱਖਾਂ ਨੂੰ ਹੀ ਨਹੀਂ, ਸਗੋਂ ਉਸ ਦੌਰ ਦੌਰਾਨ ਮਾਰੇ ਗਏ ਅਤੇ ਲਾਪਤਾ ਹੋਏ ਹਿੰਦੂ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਯਾਦ ਕੀਤਾ ਗਿਆ। ਇਸ ਸਮਾਗਮ ਨੂੰ ਸਾਰੇ ਪੰਜਾਬੀਆਂ ਦੀ ਸਾਂਝੀ ਅਰਦਾਸ ਦੱਸਦਿਆਂ ਗਿਆਨੀ ਗੜਗੱਜ ਨੇ ਕਿਹਾ ਕਿ ਇਹ ਇਕੱਠ ਧਰਮ ਦੀਆਂ ਦੀਵਾਰਾਂ ਤੋਂ ਉੱਪਰ ਉੱਠ ਕੇ ਹਰ ਉਸ ਬੇਗੁਨਾਹ ਪੀੜਤ ਨੂੰ ਯਾਦ ਕਰਨ ਲਈ ਸੀ ਜਿਸ ਨੇ ਉਸ ਦੌਰ ਵਿੱਚ ਆਪਣੀ ਜਾਨ ਗਵਾਈ ਸੀ।
ਇਸ ਤੋਂ ਪਹਿਲਾਂ ਹਰੀਕੇ ਪੱਤਣ (ਤਰਨ ਤਾਰਨ) ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਦੇ ’ਤੇ ਸਮੂਹ ਸਿੱਖ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਵਿਸ਼ੇਸ਼ ਅਰਦਾਸ ਸਮਾਗਮ ਹਰੀਕੇ ਹੈੱਡ ਵਰਕਸ ਦੇ ਕੰਢੇ ਹੋਇਆ।
ਸਮਾਗਮ ਦੀ ਸ਼ੁਰੂਆਤ ਮੁੱਖ ਵਾਕ ਲੈਣ ਤੋਂ ਬਾਅਦ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਧਾਰਮਿਕ ਇਕੱਠ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਉਹ ਪੀੜਤ ਪਰਿਵਾਰ ਪੁੱਜੇ ਜਿਨ੍ਹਾਂ ਦੇ ਬੱਚੇ ਜਾਂ ਪਰਿਵਾਰਕ ਮੈਂਬਰ 80 ਅਤੇ 90 ਦੇ ਦਹਾਕੇ ਦੌਰਾਨ ਲਾਪਤਾ ਹੋ ਗਏ ਸਨ। ਇਹ ਪਰਿਵਾਰ ਆਪਣੇ ਲਾਪਤਾ ਹੋਏ ਜੀਆਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ ਕੇ ਬਹੁਤ ਹੀ ਭਾਵੁਕ ਮਾਹੌਲ ਵਿੱਚ ਇਨਸਾਫ਼ ਦੀ ਉਮੀਦ ਨਾਲ ਇੱਥੇ ਇਕੱਠੇ ਹੋਏ।
ਸਰਕਾਰ ਅਤੇ ਪੁਲੀਸ ਨੇ ਗੁਨਾਹ ਛੁਪਾਉਣ ਲਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ: ਖਾਲੜਾ ਕੇਸ ਦਾ ਮੁੱਖ ਗਵਾਹ
ਹਰੀਕੇ ਪੱਤਣ ਵਿਖੇ ਸ਼ਹੀਦੀ ਅਰਦਾਸ ਸਮਾਗਮ ਦੌਰਾਨ ਖਾਲੜਾ ਕੇਸ ਦੇ ਮੁੱਖ ਗਵਾਹ ਰਾਜੀਵ ਸਿੰਘ ਰੰਧਾਵਾ ਨੇ ਕਿਹਾ ਕਿ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਜਾਨ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਉਸ ਵਕਤ ਹਰੇਕ ਨਿਰਦੋਸ਼ ਵਿਅਕਤੀ ਦੀ ਹੱਤਿਆ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਖਾਲੜਾ ਦਾ ਮਿਸ਼ਨ ਹੀ ਨਿਰਦੋਸ਼ ਵਿਅਕਤੀਆਂ ਦੀਆਂ ਮੌਤਾਂ ਖਿਲਾਫ਼ ਆਵਾਜ਼ ਚੁੱਕਣਾ ਸੀ ਜਿਸ ਕਰਕੇ ਉਸ ਵਕਤ ਦੀ ਹਕੂਮਤ ਅਤੇ ਪੁਲੀਸ ਅਫ਼ਸਰਾਂ ਨੇ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਭਾਈ ਜਸਵੰਤ ਸਿੰਘ ਖਾਲੜਾ ਉਪਰ ਅਣਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਉਹਨਾਂ ਕਿਹਾ ਕਿ ਖਾਲੜਾ ਮਿਸ਼ਨ ਕਮੇਟੀ ਅਤੇ ਗਵਾਹਾਂ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੋਚ ’ਤੇ ਪਹਿਰਾ ਦਿੰਦਿਆਂ ਦੋਸ਼ੀ ਪੁਲੀਸ ਅਫਸਰਾਂ ਨੂੰ ਸਜ਼ਾਵਾਂ ਦਿਵਾ ਕੇ ਮਨੁੱਖੀ ਹੱਕਾਂ ਦੀ ਰਖਵਾਲੀ ਕੀਤੀ ਹੈ। ਅਰਦਾਸ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਮਾਨ ਸਿੰਘ ਮਾਨ, ਜਥੇਦਾਰ ਹਰਪਾਲ ਸਿੰਘ ਬਲੇਰ, ਦਲਜੀਤ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਜਥੇਦਾਰ ਵਿਰਸਾ ਸਿੰਘ ਵਲਟੋਹਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਅਕਾਲੀ ਵਾਰਸ ਪੰਜਾਬ ਜਥੇਬੰਦੀ ਵੱਲੋਂ ਤਰਸੇਮ ਸਿੰਘ, ਪਰਮਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਪੱਧਰੀ ਸਮੇਤ ਕਈ ਸਿੱਖ ਸੰਸਥਾਵਾਂ ਦੇ ਆਗੂ ਹਾਜ਼ਰ ਸਨ। ਸ਼ਹੀਦੀ ਅਰਦਾਸ ਸਮੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਖਾਲੜਾ ਮਿਸ਼ਨ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਝਬਾਲ, ਐਡਵੋਕੇਟ ਸੁਰਿੰਦਰਪਾਲ ਸਿੰਘ ਘਰਿਆਲਾ, ਬਲਜਿੰਦਰ ਸਿੰਘ ਸੈਕਟਰੀ, ਸਤਨਾਮ ਸਿੰਘ ਅਮੀਸਾਹ, ਖਾਲੜਾ ਕੇਸ ਦੇ ਮੁੱਖ ਗਵਾਹ ਕਵਲਜੀਤ ਕੌਰ ਬਚੜੇ ਪਤਨੀ ਕੁਲਦੀਪ ਸਿੰਘ ਬਚੜੇ, ਰਾਜੀਵ ਸਿੰਘ ਰੰਧਾਵਾ, ਲਖਵਿੰਦਰ ਕੌਰ ਪਤਨੀ ਕਿਰਪਾਲ ਸਿੰਘ ਰੰਧਾਵਾ ਆਦਿ ਹੋਰ ਪਰਿਵਾਰਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ।
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਯਾਦ ਅਤੇ ਫ਼ਿਲਮ 'ਸਤਲੁਜ' ਦਾ ਵਿਵਾਦ
ਇਹ ਸਮਾਗਮ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਉਸ ਵੇਲੇ ਸੱਦਿਆ ਗਿਆ ਹੈ ਜਦੋਂ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਸਤਲੁਜ' (ਪਹਿਲਾ ਨਾਂ ਪੰਜਾਬ 95) ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਇਹ ਫ਼ਿਲਮ ਉੱਘੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ, ਜਿਨ੍ਹਾਂ ਨੇ 90 ਦੇ ਦਹਾਕੇ ਵਿੱਚ ਪੰਜਾਬ ਅੰਦਰ ਹੋਏ ਝੂਠੇ ਪੁਲੀਸ ਮੁਕਾਬਲਿਆਂ ਅਤੇ ਲਾਵਾਰਿਸ ਲਾਸ਼ਾਂ ਦੇ ਸੱਚ ਨੂੰ ਦੁਨੀਆ ਸਾਹਮਣੇ ਲਿਆਂਦਾ ਸੀ। ਜਸਵੰਤ ਸਿੰਘ ਖਾਲੜਾ ਨੂੰ ਵੀ ਸਤੰਬਰ 1995 ਵਿੱਚ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਜਥੇਦਾਰ ਸਾਹਿਬ ਨੇ ਕਿਹਾ ਕਿ ਅੱਜ ਤੱਕ ਉਨ੍ਹਾਂ ਬੇਗੁਨਾਹ ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਲਈ ਕੋਈ ਸਾਂਝੀ ਅਰਦਾਸ ਨਹੀਂ ਹੋਈ ਸੀ ਜੋ ਸਰਕਾਰੀ ਅਤੇ ਪੁਲੀਸ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋਏ, ਇਸ ਲਈ ਸਤਲੁਜ ਦਰਿਆ ਦੇ ਕੰਢੇ ਇਹ ਇਤਿਹਾਸਕ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਵੀ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ ਕਿ ਲਾਪਤਾ ਲੋਕਾਂ ਦੀ ਅਸਲ ਗਿਣਤੀ ਦਾ ਪਤਾ ਲਗਾਉਣ ਲਈ ਇੱਕ ਲੋਕ ਕਮਿਸ਼ਨ ਬਣਾਇਆ ਜਾਵੇ।

