ਅੰਮ੍ਰਿਤਸਰ ਦੇ ਵਿਕਾਸ ਲਈ 13 ਕਰੋੜ ਰੁਪਏ ਮਨਜ਼ੂਰ

ਅੰਮ੍ਰਿਤਸਰ ਦੇ ਵਿਕਾਸ ਲਈ 13 ਕਰੋੜ ਰੁਪਏ ਮਨਜ਼ੂਰ

ਮੀਟਿੰਗ ਵਿੱਚ ਹਾਜ਼ਰ ਮੇਅਰ ਕਰਮਜੀਤ ਸਿੰਘ ਰਿੰਟੂ, ਨਿਗਮ ਕਮਿਸ਼ਨਰ ਕੋਮਲ ਮਿੱਤਲ ਤੇ ਹੋਰ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 7 ਅਗਸਤ

ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਅੱਜ ਮੇਅਰ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਨਿਗਮ ਕਮਿਸ਼ਨਰ ਕੋਮਲ ਮਿੱਤਲ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਡਿਪਟੀ ਮੇਅਰ ਯਨੂਸ ਕੁਮਾਰ, ਕੌਂਸਲਰ ਗੁਰਜੀਤ ਕੌਰ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿੱਚ ਲਗਭਗ 13 ਕਰੋੜ ਰੁਪਏ ਦੀ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਮਨੂਜ਼ਰੀ ਦਿੱਤੀ ਗਈ।

ਇਨ੍ਹਾਂ ਵਿਕਾਸ ਕਾਰਜਾਂ ਵਿੱਚ ਮੁੱਖ ਤੌਰ ’ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪੱਕੀਆਂ ਸੜਕਾਂ, ਗਲੀਆਂ ਵਿਚ ਪੱਕੇ ਫਰਸ਼, ਇੰਟਰਲਾਕਿੰਗ ਟਾਈਲਾਂ ਲਗਾਉਣ, ਵਾਟਰ ਸਪਲਾਈ ਲਾਈਨਾਂ ਦਾ ਕੰਮ, ਪੁਰਾਣੀਆਂ ਸੀਵਰੇਜ ਲਾਈਨਾਂ ਨੂੰ ਬਦਲਣਾ, ਮੈਨਹੋਲ ਚੈਂਬਰਾਂ ਅਤੇ ਢੱਕਣਾਂ ਦਾ ਨਿਰਮਾਣ, ਝਬਾਲ ਰੋਡ ਵਿਖੇ ਕੰਮਪੋਸਟ ਯੂਨਿਟ ਦਾ ਨਿਰਮਾਣ, ਭਗਤਾਂਵਾਲਾ ਡੰਪ ਵਿਚ ਬਾਉਂਡਰੀ ਦੀਵਾਰ, 2 ਸਵੀਪਿੰਗ ਮਸ਼ੀਨਾਂ ਦੀ ਖਰੀਦ, ਸੀਵਰਮੈਨਾਂ ਲਈ ਉਪਕਰਣਾਂ ਦੀ ਖਰੀਦ, ਕੈਟਲ ਕੈਚਰ ਵਹੀਕਲ ਦੀ ਖਰੀਦ, ਪਸ਼ੂ ਅਹਾਤੇ ਵਿੱਚ ਰੱਖੇ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਲਈ ਇਕ ਲੱਖ ਰੁਪਏ ਪ੍ਰਤੀ ਮਹੀਨਾ ਖਰਚਾ ਕਰਨ ਦੀ ਆਗਿਆ, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਵਿੱਚ ਕਮਰਿਆਂ, ਵਰ੍ਹਾਂਡਿਆਂ ਆਦਿ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਹੈ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਸਾਫ਼-ਸਫਾਈ ਲਈ ਕਿਰਾਏ ’ਤੇ ਲਈਆਂ ਜਾਣ ਵਾਲੀਆਂ ਟ੍ਰੈਕਟਰ-ਟਰਾਲੀਆਂ ਦਾ ਮਤਾ ਅੱਗੇ ਪਾਉਣ ਤੋਂ ਇਲਾਵਾ ਪਾਰਕਿੰਗਾਂ ਤੇ ਸਕੂਟਰ ਸਟੈਂਡਾਂ ਬਾਰੇ ਮਤੇ ’ਤੇ ਕਾਨੂੰਨੀ ਰਾਏ ਲੈ ਕੇ ਪਾਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਦੇ ਆਦੇਸ਼

ਮੇਅਰ ਕਰਮਜੀਤ ਸਿੰਘ ਰਿੰਟੂ ਨੇ ਬਿਲਡਿੰਗ ਸਟਾਫ਼ ਨੂੰ ਕਿਹਾ ਕਿ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਦਾ ਵੇਰਵਾ ਤਿਆਰ ਕੀਤਾ ਜਾਵੇ ਅਤੇ ਇਨ੍ਹਾਂ ਊਸਾਰੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਇਮਾਰਤਾਂ ਦੀ ਉਸਾਰੀ ਤੋਂ ਪਹਿਲਾਂ ਨਕਸ਼ਾ ਪਾਸ ਕਰਵਾਊਣ ਲਈ ਪ੍ਰੇਰਿਤ ਕਰਨ। ਅਜਿਹਾ ਕਰਨ ਨਾਲ ਜਿਥੇ ਉਸਾਰੀਆਂ ਨਕਸ਼ੇ ਅਨੁਸਾਰ ਹੋਣਗੀਆਂ ਉਥੇ ਨਗਰ ਨਿਗਮ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਮੀਟਿੰਗ ਵਿਚ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All