Rayya firing: ਕਾਰੋਬਾਰੀ ਦੀ ਦੁਕਾਨ ’ਤੇ ਗੋਲੀਆਂ ਚਲਾਈਆਂ
Shiromani Akali Dal ਦੀ ਟਿਕਟ ’ਤੇ ਕੌਂਸਲਰ ਵਜੋਂ ਚੋਣ ਲੜ ਰਿਹਾ ਹੈ ਕਾਰੋਬਾਰੀ
ਰਈਆ ਵਿਚ ਅੱਜ ਸ਼ਾਮੀਂ 7 ਵਜੇ ਜੀ ਟੀ ਰੋਡ ’ਤੇ ਸਥਿਤ ਟਾਈਲਾਂ ਦੇ ਉੱਘੇ ਕਾਰੋਬਾਰੀ ਦੀ ਦੁਕਾਨ ’ਤੇ ਦੋ ਮੋਟਰ ਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ।
ਜਾਣਕਾਰੀ ਅਨੁਸਾਰ ਖ਼ਾਲਸਾ ਟਾਈਲ ਦੇ ਹਰਪ੍ਰੀਤ ਸਿੰਘ ਹੈਪੀ ਨਗਰ ਪੰਚਾਇਤ ਰਈਆ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੌਂਸਲਰ ਦੀ ਚੋਣ ਲੜ ਰਿਹਾ ਹੈ, ਉਸ ਦੀ ਦੁਕਾਨ ’ਤੇ ਦੋ ਮੋਟਰ ਸਾਈਕਲ ਸਵਾਰਾਂ ਨੇ ਕਈ ਗੋਲੀਆਂ ਚਲਾਈਆਂ ਜੋ ਦੁਕਾਨ ਦੇ ਸ਼ਟਰ ਵਿਚ ਲੱਗੀਆਂ। ਮੌਕੇ ਤੇ ਅੱਠ ਖ਼ਾਲੀ ਖੋਲ੍ਹ ਪ੍ਰਾਪਤ ਹੋਏ ਹਨ।
ਹਰਪ੍ਰੀਤ ਸਿੰਘ ਹੈਪੀ ਪਹਿਲਾਂ ਵੀ ਨਗਰ ਪੰਚਾਇਤ ਰਈਆ ਵਿਚ ਕੌਂਸਲਰ ਸੀ ਅਤੇ ਹੁਣ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵੱਖ ਵੱਖ ਵਾਰਡਾਂ ਤੋ ਚੋਣ ਲੜ ਰਹੇ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਇਸ ਘਟਨਾ ਤੋ ਬਾਅਦ ਬਿਆਸ ਥਾਣਾ ਮੁਖੀ ਗੁਰਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਉੱਥੇ ਪੁੱਜ ਗਏ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ, ਕਾਂਗਰਸ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ ਹਰਬਰਿੰਦਰ ਸਿੰਘ ਰੌਬਿਨ ਮਾਨ ਸਮੇਤ ਵੱਡੀ ਗਿਣਤੀ ਵਿਚ ਸਿਆਸੀ ਆਗੂ ਪੁੱਜ ਗਏ ਹਨ ਅਤੇ ਉਨ੍ਹਾਂ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

