DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਤੇ ਹਵਾਵਾਂ ਨੇੇ ਮੌਸਮ ਦਾ ਮਿਜ਼ਾਜ ਬਦਲਿਆ

ਸੀਤ ਲਹਿਰ ਨੇ ਮੁੜ ਜ਼ੋਰ ਫੜਿਆ; ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ; ਹੋਰ ਮੀਂਹ ਦੀ ਪੇਸ਼ੀਨਗੋਈ

  • fb
  • twitter
  • whatsapp
  • whatsapp
featured-img featured-img
ਜਲੰਧਰ ਵਿੱਚ ਸ਼ੁੱਕਰਵਾਰ ਨੂੰ ਪਏ ਮੀਂਹ ਦੌਰਾਨ ਲਾਈਟਾਂ ਜਗਾ ਕੇ ਸੜਕ ਤੋਂ ਲੰਘਦੇ ਹੋਏ ਵਾਹਨ। -ਫੋਟੋ: ਸਰਬਜੀਤ ਸਿੰਘ
Advertisement

ਲਗਾਤਾਰ ਪਏ ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਦੇ ਕਾਰਨ ਮੌਸਮ ਨੇ ਮਿਜ਼ਾਜ ਬਦਲ ਦਿੱਤਾ, ਜਿਸ ਨਾਲ ਮੁੜ ਸੀਤ ਲਹਿਰ ਤੇਜ਼ ਹੋ ਗਈ ਹੈ। ਇਸ ਦੌਰਾਨ ਦੁਪਹਿਰ ਵੇਲੇ ਮੌਸਮ ਸਾਫ਼ ਹੋ ਗਿਆ ਸੀ ਅਤੇ ਕੁਝ ਦੇਰ ਧੁੱਪ ਨਿਕਲੀ।

ਪਹਾੜਾਂ ’ਤੇ ਹੋਈ ਬਰਫਬਾਰੀ ਅਤੇ ਮੈਦਾਨਾਂ ਵਿੱਚ ਮੀਹ ਤੇ ਗੜੇਮਾਰੀ ਨੇ ਮੌਸਮ ਦੇ ਮਿਜ਼ਾਜ ਨੂੰ ਮੁੜ ਬਦਲ ਦਿੱਤਾ ਹੈ, ਜਿਸ ਨਾਲ ਸੀਤ ਲਹਿਰ ਨੇ ਫਿਰ ਜ਼ੋਰ ਫੜ ਲਿਆ ਹੈ। ਇਸ ਦੇ ਚੱਲਦਿਆਂ ਲੰਘੀ ਰਾਤ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਵੀ ਮੋਹਲੇਧਾਰ ਮੀਂਹ ਪਿਆ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਦੇ ਅਨੁਸਾਰ ਲੰਘੀ ਦਿਨ ਦੁਪਹਿਰ ਵੇਲੇ ਤੇਜ਼ ਹਵਾਵਾਂ ਦੇ ਨਾਲ ਬੱਦਲਵਾਈ ਹੋਈ ਅਤੇ ਦੇਰ ਸ਼ਾਮ ਨੂੰ ਮੀਂਹ ਪੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ਸਾਰੀ ਰਾਤ ਜਾਰੀ ਰਿਹਾ ਅਤੇ ਅੱਜ ਸਵੇਰ ਵੇਲੇ ਵੀ ਬਾਰਿਸ਼ ਹੁੰਦੀ ਰਹੀ ਹੈ। ਬਾਰਿਸ਼ ਦੇ ਕਾਰਨ ਨੀਵੀਆਂ ਥਾਵਾਂ ’ਤੇ ਪਾਣੀ ਵੀ ਇਕੱਠਾ ਹੋ ਗਿਆ ਸੀ, ਜਿਸ ਦੀ ਨਿਕਾਸੀ ਨੂੰ ਸਮਾਂ ਲੱਗਾ ਹੈ। ਬਾਰਿਸ਼ ਅਤੇ ਤੇਜ਼ ਹਵਾਵਾਂ ਦੇ ਕਾਰਨ ਪਾਰਾ ਮੁੜ ਹੇਠਾਂ ਆ ਗਿਆ ਹੈ ਅਤੇ ਸੀਤ ਲਹਿਰ ਨੇ ਫਿਰ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਵਿੱਚ ਵੀ ਬਾਰਿਸ਼ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਪਿਛਲੇ ਕੁਝ ਦਿਨ ਪਹਿਲਾਂ ਸੰਘਣੀ ਧੁੰਦ ਅਤੇ ਸੀਤ ਲਹਿਰ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਸੀ। ਪਿਛਲੇ ਦੋ ਦਿਨਾਂ ਤੋਂ ਮੌਸਮ ਸਾਫ ਹੋ ਗਿਆ ਸੀ ਤੇ ਧੁੱਪ ਨਾਲ ਮੌਸਮ ਨੇ ਕਰਵਟ ਬਦਲੀ ਸੀ।

Advertisement

ਪਠਾਨਕੋਟ ਜ਼ਿਲ੍ਹੇ ’ਚ ਮੀਂਹ ਤੇ ਹਨੇਰੀ ਕਾਰਨ ਜਨਜੀਵਨ ਅਸਰਅੰਦਾਜ਼

ਪਠਾਨਕੋਟ (ਐਨ ਪੀ ਧਵਨ): ਜ਼ਿਲ੍ਹੇ ਵਿੱਚ ਲੰਘੀ ਰਾਤ ਤੋਂ ਤੇਜ਼ ਹਵਾਵਾਂ ਅਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅੱਜ ਸਵੇਰੇ ਢਾਕੀ ਦੇ ਫਲਾਈਓਵਰ ਨੇੜੇ ਜਮ੍ਹਾਂ ਹੋਏ ਬਰਸਾਤੀ ਪਾਣੀ ਵਿੱਚ ਇੱਕ ਕਾਰ ਫਸ ਗਈ। ਹਾਲਾਂਕਿ, ਡਰਾਈਵਰ ਬਹੁਤ ਮੁਸ਼ਕਲ ਨਾਲ ਨਿਕਲਣ ਵਿੱਚ ਕਾਮਯਾਬ ਹੋ ਗਿਆ ਪਰ ਕਾਰ ਦੇਰ ਦੁਪਹਿਰ ਤੱਕ ਪਾਣੀ ਵਿੱਚ ਫਸੀ ਰਹੀ। ਇਸ ਤੋਂ ਬਾਅਦ ਸੜਕ ਸੁਰੱਖਿਆ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਡਰਾਈਵਰ ਦੀ ਕਾਰ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਹਨੇਰੀ ਅਤੇ ਝੱਖੜ ਕਾਰਨ ਵੱਖ-ਵੱਖ ਥਾਵਾਂ ਤੇ ਬਿਜਲੀ ਦੀਆਂ ਤਾਰਾਂ ਤੇ ਦਰੱਖਤ ਡਿੱਗਣ ਕਾਰਨ ਬਿਜਲੀ ਸਪਲਾਈ ਰਾਤ ਤੋਂ ਹੀ ਠੱਪ ਰਹੀ। ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਿਜਲੀ ਤੋਂ ਬਿਨਾਂ ਹੀ ਰਹਿਣਾ ਪਿਆ ਉਥੇ ਟਿਊਬਵੈਲ ਨਾ ਚੱਲਣ ਕਾਰਨ ਸ਼ਾਮ ਤੱਕ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਨਾ ਮਿਲ ਸਕੀ। ਲਗਭਗ ਅੱਧਾ ਸ਼ਹਿਰ 12 ਤੋਂ 16 ਘੰਟਿਆਂ ਤੱਕ ਬਿਜਲੀ ਤੋਂ ਬਿਨਾਂ ਰਿਹਾ। ਰਾਮਲੀਲਾ ਮੈਦਾਨ ਦੇ ਨੇੜੇ ਚਿਲਡਰਨ ਪਾਰਕ ਖੇਤਰ ਵਿੱਚ, ਵੀਰਵਾਰ ਰਾਤ 1 ਵਜੇ ਬਿਜਲੀ ਕੱਟ ਦਿੱਤੀ ਗਈ ਅਤੇ ਸ਼ੁੱਕਰਵਾਰ ਦੁਪਹਿਰ ਨੂੰ ਹੀ ਬਹਾਲ ਕੀਤੀ ਗਈ। ਭਦਰੋਆ ਖੇਤਰ ਵਿੱਚ 12 ਵਜੇ ਬਿਜਲੀ ਕੱਟ ਦੇ ਨਤੀਜੇ ਵਜੋਂ ਡਲਹੌਜ਼ੀ ਰੋਡ, ਰਾਮਪੁਰਾ ਮੁਹੱਲਾ, ਨਹਿਰੂ ਨਗਰ, ਏ ਪੀ ਕੇ ਰੋਡ, ਸ਼ੰਕਰ ਨਗਰ, ਰਾਮ ਨਗਰ, ਰਾਮ ਸ਼ਰਣਮ ਕਲੋਨੀ ਅਤੇ ਸਵਾਸਤਿਕ ਹਸਪਤਾਲ ਖੇਤਰ ਵਿੱਚ ਵੀ ਬਿਜਲੀ ਕੱਟ ਲੱਗ ਗਿਆ ਜੋ ਸ਼ਾਮ 5.30 ਵਜੇ ਤੱਕ ਜਾ ਕੇ ਸਾਢੇ 17 ਘੰਟੇ ਬਾਅਦ ਬਹਾਲ ਹੋਇਆ। ਇਸ ਤੋਂ ਇਲਾਵਾ ਘਰਥੋਲੀ ਮੁਹੱਲਾ ਖੇਤਰ ਵਿੱਚ ਵੀ ਰਾਤ 2 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਬਿਜਲੀ ਬੰਦ ਰਹੀ। ਜਦ ਕਿ ਬਸੰਤ ਕਲੋਨੀ ਖੇਤਰ ਵਿੱਚ 14 ਘੰਟੇ ਤੱਕ ਬਿਜਲੀ ਬੰਦ ਰਹੀ। ਸਿਟੀ-2 ਮਨਵਾਲ ਫੀਡਰ ਦੇ ਅਧੀਨ ਆਉਣ ਵਾਲੇ ਖੇਤਰ ਵੀ ਰਾਤ ਭਰ ਬਿਜਲੀ ਤੋਂ ਬਿਨਾਂ ਰਹੇ।

Advertisement

ਫਲਾਈਓਵਰ ਨੇੜੇ ਬਰਸਾਤੀ ਪਾਣੀ ਵਿੱਚ ਫਸੀ ਕਾਰ।
ਫਲਾਈਓਵਰ ਨੇੜੇ ਬਰਸਾਤੀ ਪਾਣੀ ਵਿੱਚ ਫਸੀ ਕਾਰ।
Advertisement
×