Punjab Weather Update: ਪੰਜਾਬ ਵਿਚ ਜਨਵਰੀ ਵਿੱਚ ਆਮ ਨਾਲੋਂ 69 ਫ਼ੀਸਦ ਵੱਧ ਪਿਆ ਮੀਂਹ
ਪਹਿਲੀ ਫਰਵਰੀ ਨੂੰ ਕਈ ਥਾਈਂ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ
ਪੰਜਾਬ ਵਿੱਚ ਜਨਵਰੀ ਮਹੀਨੇ ਦੌਰਾਨ ਦੋ ਵਾਰ ਹੀ ਮੀਂਹ ਪਿਆ ਹੈ ਪਰ ਇਹ ਮੀਂਹ ਭਰਵਾਂ ਪਿਆ। ਇਸੇ ਕਰਕੇ ਜਨਵਰੀ ਮਹੀਨੇ ਵਿੱਚ ਆਮ ਨਾਲੋਂ ਔਸਤਨ 69 ਫ਼ੀਸਦ ਵੱਧ ਮੀਂਹ ਪਿਆ। ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਮ ਤੌਰ ’ਤੇ ਜਨਵਰੀ ਮਹੀਨੇ ਦੌਰਾਨ 20.3 ਐੱਮਐੱਮ ਮੀਂਹ ਪੈਂਦਾ ਹੈ ਪਰ ਇਸ ਵਾਰ 34.4 ਐੱਮਐੱਮ ਮੀਂਹ ਪਿਆ। ਇਸੇ ਦੌਰਾਨ ਗੁਰਦਾਸਪੁਰ ਸ਼ਹਿਰ ਵਿੱਚ ਆਮ ਨਾਲੋਂ 199 ਫ਼ੀਸਦ ਵਧ ਮੀਂਹ ਪਿਆ। ਉੱਥੇ ਆਮ ਤੌਰ ’ਤੇ 33.2 ਐੱਮਐੱਮ ਮੀਂਹ ਪੈਂਦਾ, ਪਰ ਇਸ ਵਾਰ 99.3 ਐੱਮਐੱਮ ਮੀਂਹ ਪਿਆ। ਜਦੋਂ ਕਿ ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਅਤੇ ਮੁਹਾਲੀ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ।
ਅੰਮ੍ਰਿਤਸਰ ਵਿੱਚ 25.7 ਐੱਮਐੱਮ, ਬਰਨਾਲਾ ਵਿੱਚ 28.4 ਐੱਮਐੱਮ, ਫਤਿਹਗੜ੍ਹ ਸਹਿਬ ਵਿੱਚ 66.5 ਐੱਮਐੱਮ, ਹੁਸ਼ਿਆਰਪੁਰ ਵਿੱਚ 42.9 ਐੱਮਐੱਮ, ਜਲੰਧਰ ਵਿੱਚ 33.7 ਐੱਮਐੱਮ, ਕਪੂਰਥਲਾ ਵਿੱਚ 35.2 ਐੱਮਐੱਮ, ਲੁਧਿਆਣਾ ਵਿੱਚ 52.2 ਐੱਮਐੱਮ, ਮਾਨਸਾ ਵਿੱਚ 17.5 ਐੱਮਐੱਮ, ਮੋਗਾ ਵਿੱਚ 25 ਐੱਮਐੱਮ, ਪਠਾਨਕੋਟ ਵਿੱਚ 83.4 ਐੱਮਐੱਮ, ਪਟਿਆਲਾ ਵਿੱਚ 54.3 ਐੱਮਐੱਮ, ਰੋਪੜ ਵਿੱਚ 66 ਐੱਮਐੱਮ, ਸੰਗਰੂਰ ਵਿੱਚ 35.6 ਐੱਮਐੱਮ, ਨਵਾਂ ਸ਼ਹਿਰ ਵਿੱਚ 31.1 ਐੱਮਐੱਮ ਅਤੇ ਤਰਨ ਤਾਰਨ ਵਿੱਚ 20.8 ਐੱਮਐੱਮ ਮੀਂਹ ਪਿਆ। ਇਸ ਤੋਂ ਇਲਾਵਾ ਬਠਿੰਡਾ ਵਿੱਚ 5.2 ਐੱਮਐੱਮ, ਫਰੀਦਕੋਟ ਵਿੱਚ 7.1 ਐੱਮਐੱਮ, ਫਾਜ਼ਿਲਕਾ ਵਿੱਚ 3.3 ਐੱਮਐੱਮ, ਫਿਰੋਜ਼ਪੁਰ ਵਿੱਚ 3.7 ਐੱਮਐੱਮ, ਮੁਕਤਸਰ ’ਚ 4 ਐੱਮਐੱਮ ਅਤੇ ਮੁਹਾਲੀ ਵਿੱਚ 31.1 ਐੱਮਐੱਮ ਮੀਂਹ ਪਿਆ।
ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪਹਿਲੀ ਫਰਵਰੀ ਨੂੰ ਹਲਕਾ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਮੀਂਹ ਦੇ ਨਾਲ-ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਗਿਆਨੀਆਂ ਨੇ 1 ਫਰਵਰੀ ਨੂੂੰ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 1 ਫਰਵਰੀ ਨੂੰ ਮੀਂਹ ਪੈਣ ਤੋਂ ਬਾਅਦ ਠੰਢ ਜ਼ੋਰ ਫੜੇਗੀ।

