Punjab Police Transfers: ਅੰਮ੍ਰਿਤਸਰ ਦਿਹਾਤੀ ਦੇ SSP ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ, ਜਲੰਧਰ ਨੂੰ ਮਿਲਿਆ ਨਵਾਂ ਪੁਲੀਸ ਕਮਿਸ਼ਨਰ
ਪੰਜਾਬ ਪੁਲੀਸ ਵਿੱਚ ਇੱਕ ਵੱਡੇ ਫੇਰਬਦਲ ਤਹਿਤ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਅੰਮ੍ਰਿਤਸਰ ਦਿਹਾਤੀ (Rural) ਦੇ ਐੱਸ ਐੱਸ ਪੀ ਸੁਹੈਲ ਕਾਸਿਮ ਮੀਰ ਨੂੰ ਸ਼੍ਰੋਮਣੀ ਅਕਾਲੀ ਦਲ (SAD) ਦੇ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼...
ਪੰਜਾਬ ਪੁਲੀਸ ਵਿੱਚ ਇੱਕ ਵੱਡੇ ਫੇਰਬਦਲ ਤਹਿਤ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਅੰਮ੍ਰਿਤਸਰ ਦਿਹਾਤੀ (Rural) ਦੇ ਐੱਸ ਐੱਸ ਪੀ ਸੁਹੈਲ ਕਾਸਿਮ ਮੀਰ ਨੂੰ ਸ਼੍ਰੋਮਣੀ ਅਕਾਲੀ ਦਲ (SAD) ਦੇ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮਜੀਠਾ ਪੁਲੀਸ ਥਾਣੇ ਵਿੱਚ ਕਥਿਤ ਤੌਰ 'ਤੇ ਭੰਨਤੋੜ ਕਰਨ ਦਾ ਮਾਮਲਾ ਦਰਜ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਚੰਡੀਗੜ੍ਹ ਵਿਖੇ ਏ ਆਈ ਜੀ ਪਰਸੋਨਲ-1 ਪੰਜਾਬ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ।
ਇਹ ਸਾਰਾ ਘਟਨਾਕ੍ਰਮ ਇਸ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪੁਲੀਸ ਥਾਣੇ ਵਿੱਚ ਜ਼ਬਰਦਸਤੀ ਦਾਖਲ ਹੋਣ ਅਤੇ ਕਥਿਤ ਤੌਰ 'ਤੇ ਇੱਕ ਹਿਰਾਸਤ ਵਿੱਚ ਲਏ ਵਿਅਕਤੀ ਨੂੰ ਛੁਡਵਾਉਣ ਦੇ ਦੋਸ਼ ਵਿੱਚ ਮਜੀਠਾ ਪੁਲੀਸ ਥਾਣੇ ਵਿੱਚ ਇੱਕ ਐੱਫ ਆਈ ਆਰ (FIR) ਦਰਜ ਕੀਤੀ ਗਈ ਹੈ, ਜਿਸ ਕਰਕੇ ਅਕਾਲੀ ਦਲ ਦੇ ਆਗੂਆਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।
ਆਈ ਪੀ ਐੱਸ ਸੁਹੈਲ ਕਾਸਿਮ ਮੀਰ ਤੋਂ ਇਲਾਵਾ ਇਸ ਤਬਾਦਲਾ ਸੂਚੀ ਵਿੱਚ 10 ਹੋਰ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹਨ। ਇਸ ਦੇ ਤਹਿਤ ਫਿਲੌਰ ਵਿਖੇ ਐੱਮ ਆਰ ਐੱਸ ਪੀ ਪੀ ਏ (MRS PPA) ਦੇ ਡਾਇਰੈਕਟਰ (Special DG-cum-Director) ਵਜੋਂ ਤਾਇਨਾਤ ਅਨੀਤਾ ਪੁੰਜ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਅਨੀਤਾ ਪੁੰਜ ਨੂੰ ਸਪੈਸ਼ਲ DGP HRD ਅਤੇ ਵੈਲਫੇਅਰ, ਪੰਜਾਬ (ਚੰਡੀਗੜ੍ਹ) ਲਗਾਇਆ ਗਿਆ ਹੈ।
ਆਈ ਪੀ ਐੱਸ ਪ੍ਰਦੀਪ ਕੁਮਾਰ ਯਾਦਵ ਕੋਲ ਪਹਿਲਾਂ ਆਈ ਜੀ ਪੀ ਟੈਕਨੀਕਲ ਸਰਵਿਸਿਜ਼ ਦੇ ਨਾਲ-ਨਾਲ ਨਵੀਂ ਦਿੱਲੀ ਸਥਿਤ ਪੰਜਾਬ ਭਵਨ ਦੇ ਰੈਜ਼ੀਡੈਂਟ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੀ, ਪਰ ਹੁਣ ਉਨ੍ਹਾਂ ਨੂੰ ਸਿਰਫ਼ ਆਈ ਜੀ ਪੀ ਟੈਕਨੀਕਲ ਸਰਵਿਸਿਜ਼ ਪੰਜਾਬ ਲਗਾਇਆ ਗਿਆ ਹੈ। ਆਈ ਪੀ ਐੱਸ ਧਨਪ੍ਰੀਤ ਕੌਰ ਦੀ ਜਗ੍ਹਾ ਸਤਿੰਦਰ ਸਿੰਘ ਨੂੰ ਜਲੰਧਰ ਦਾ ਪੁਲੀਸ ਕਮਿਸ਼ਨਰ (CP) ਲਗਾਇਆ ਗਿਆ ਹੈ।
ਉੱਥੇ ਹੀ ਆਈ ਪੀ ਐੱਸ ਵਿਵੇਕ ਸ਼ੀਲ ਸੋਨੀ ਡੀ ਆਈ ਜੀ ਬਾਰਡਰ ਰੇਂਜ ਅੰਮ੍ਰਿਤਸਰ ਦਾ ਕੰਮਕਾਜ ਦੇਖਣਗੇ। ਆਈ ਪੀ ਐੱਸ ਸੁਰਿੰਦਰਜੀਤ ਸਿੰਘ ਮੰਡ ਡੀ ਆਈ ਜੀ ਜੇਲ੍ਹਾਂ ਪੰਜਾਬ ਬਣ ਗਏ ਹਨ। ਆਈ ਪੀ ਐੱਸ ਕੰਵਲਦੀਪ ਸਿੰਘ ਨੂੰ ਡੀ ਆਈ ਜੀ ਲਾਅ ਐਂਡ ਆਰਡਰ ਪੰਜਾਬ ਦਾ ਚਾਰਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਆਈ ਪੀ ਐੱਸ ਸੰਦੀਪ ਕੁਮਾਰ ਸ਼ਰਮਾ ਨੂੰ ਡੀ ਆਈ ਜੀ ਪੀ ਏ ਪੀ- II (PAP-II) ਜਲੰਧਰ ਬਣਾਇਆ ਗਿਆ ਹੈ। ਆਈ ਪੀ ਐੱਸ ਸੰਦੀਪ ਗੋਇਲ ਨੂੰ ਡੀ ਆਈ ਜੀ ਲੁਧਿਆਣਾ ਰੇਂਜ ਲਗਾਇਆ ਗਿਆ ਹੈ। ਜਦਕਿ ਆਈ ਪੀ ਐੱਸ ਪ੍ਰਗਿਆ ਜੈਨ ਨੂੰ ਐੱਸ ਐੱਸ ਪੀ ਫਰੀਦਕੋਟ ਤੋਂ ਬਦਲ ਕੇ ਏ ਆਈ ਜੀ ਲਾਅ ਐਂਡ ਆਰਡਰ ਪੰਜਾਬ ਲਗਾਇਆ ਗਿਆ ਹੈ।

