ਪੰਜਾਬ ਪੁਲੀਸ ਵੱਲੋਂ ਦੋ ਦਿਨਾਂ ’ਚ 96 ਕਿੱਲੋ ਹੈਰੋਇਨ ਬਰਾਮਦ
ਐਂਟੀ-ਡਰੋਨ ਸਿਸਟਮ ਨੂੰ ਮਾਤ ਦੇ ਕੇ ਤਸਕਰ ਪਹੁੰਚਾ ਰਹੇ ਨੇ ਨਸ਼ੇ ਦੀਆਂ ਖੇਪਾਂ
ਪੰਜਾਬ ਵਿੱਚ ਸਿਰਫ਼ ਦੋ ਦਿਨਾਂ ਦੇ ਅੰਦਰ 96 ਕਿੱਲੋ ਹੈਰੋਇਨ ਦੀ ਬਰਾਮਦਗੀ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਆਧੁਨਿਕ ਨਿਗਰਾਨੀ ਪ੍ਰਣਾਲੀ ਅਤੇ ਐਂਟੀ-ਡਰੋਨ ਤਕਨਾਲੋਜੀ ’ਤੇ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ, ਪਾਕਿਸਤਾਨੀ ਡਰੱਗ ਸਿੰਡੀਕੇਟ ਬੜੀ ਆਸਾਨੀ ਨਾਲ ਸਰਹੱਦ ਪਾਰ ਨਸ਼ਾ ਭੇਜਣ ਵਿੱਚ ਸਫ਼ਲ ਹੋ ਰਹੇ ਹਨ।
ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਰਾਤ ਦੇ ਹਨ੍ਹੇਰੇ ਵਿੱਚ ਘੱਟ ਉਚਾਈ ’ਤੇ ਉੱਡਣ ਵਾਲੇ ਡਰੋਨ ਫੈਂਸਿੰਗ (ਕੰਡਿਆਲੀ ਤਾਰ) ਅਤੇ ਗਸ਼ਤ ਕਰਨ ਵਾਲੀਆਂ ਟੀਮਾਂ ਨੂੰ ਚਕਮਾ ਦੇ ਕੇ ਮਿੰਟਾਂ ਵਿੱਚ ਖੇਪ ਸੁੱਟ ਕੇ ਵਾਪਸ ਚਲੇ ਜਾਂਦੇ ਹਨ। ਡੀ.ਆਈ.ਜੀ. ਬਾਰਡਰ ਰੇਂਜ ਸੰਦੀਪ ਗੋਇਲ ਨੇ ਵੀ ਸਵੀਕਾਰ ਕੀਤਾ ਹੈ ਕਿ ਡਰੋਨਾਂ ਨੂੰ ਰੋਕਣਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਜਾਂਚ ਅਧਿਕਾਰੀਆਂ ਅਨੁਸਾਰ, ਪਾਕਿਸਤਾਨੀ ਤਸਕਰ ਹੁਣ ਪਹਿਲਾਂ ਤੋਂ ਪ੍ਰੋਗਰਾਮ ਕੀਤੇ ਜੀ.ਪੀ.ਐੱਸ. (GPS) ਰੂਟਾਂ ਅਤੇ ਘੱਟ ਸ਼ੋਰ ਵਾਲੇ ਡਰੋਨਾਂ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਨੂੰ ਫੜਨਾ ਬੇਹੱਦ ਮੁਸ਼ਕਲ ਹੈ।
ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਅਤੇ ਸਾਬਕਾ ਬੀ.ਐੱਸ.ਐੱਫ. ਅਧਿਕਾਰੀਆਂ ਅਨੁਸਾਰ, ਇਹ ਸਿਰਫ਼ ਅਪਰਾਧ ਨਹੀਂ ਬਲਕਿ ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. (ISI) ਵੱਲੋਂ ਭਾਰਤ ਵਿਰੁੱਧ ਛੇੜੀ ਗਈ ਇੱਕ ‘ਪ੍ਰੌਕਸੀ ਵਾਰ’ ਹੈ, ਜਿਸਦਾ ਮਕਸਦ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨਾ ਅਤੇ ਅਤਿਵਾਦ ਲਈ ਫੰਡ ਜੁਟਾਉਣਾ ਹੈ।
ਪਿਛਲੇ ਸਾਲ ਪੰਜਾਬ ਪੁਲੀਸ ਨੇ ਰਿਕਾਰਡ 2,021 ਕਿੱਲੋ ਹੈਰੋਇਨ ਜ਼ਬਤ ਕੀਤੀ ਸੀ ਪਰ ਨਸ਼ੇ ਦੀ ਨਿਰੰਤਰ ਸਪਲਾਈ ਦੱਸਦੀ ਹੈ ਕਿ ਸਰਹੱਦੀ ਨਿਗਰਾਨੀ ਵਿੱਚ ਅਜੇ ਵੀ ਵੱਡੀਆਂ ਪਾੜਾਂ ਬਾਕੀ ਹਨ।

