DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: ਬਾਬਾ ਬਕਾਲਾ ਰੱਖੜ ਪੁੰਨਿਆ ’ਚ ਸਿਆਸੀ ਕਾਨਫ਼ਰੰਸਾਂ ਦੂਸ਼ਣਬਾਜ਼ੀ ਤੱਕ ਸੀਮਤ: ਲੋਕ ਮੁੱਦੇ ਗਾਇਬ !

ਭਾਜਪਾ ਵੱਲੋਂ ਕਿਸਾਨਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਉਣ ਦੀ ਕੋਸ਼ਿਸ਼

  • fb
  • twitter
  • whatsapp
  • whatsapp
featured-img featured-img
ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ। -ਫੋਟੋ: ਵਿਸ਼ਾਲ ਕੁਮਾਰ
Advertisement

ਇਸ ਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਬਾ ਬਕਾਲਾ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਸਿਆਸੀ ਕਾਨਫ਼ਰੰਸਾਂ ਵਿੱਚ ਲੀਡਰਾਂ ਨੇ ਆਪਣਾ ਪੂਰਾ ਧਿਆਨ ਆਪਸੀ ਪਰਿਵਾਰਕ ਦੂਸ਼ਣਬਾਜ਼ੀ ਅਤੇ ਨਸ਼ੇ ਦੇ ਮੁੱਦੇ ’ਤੇ ਹੀ ਕੇਂਦਰਿਤ ਰੱਖਿਆ, ਜਦੋਂਕਿ ਲੋਕਾਂ ਲਈ ਆਉਣ ਵਾਲੇ ਸਮੇਂ ਸਬੰਧੀ ਕੋਈ ਠੋਸ ਪ੍ਰੋਗਰਾਮ ਨਹੀਂ ਉਲੀਕਿਆ ਗਿਆ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪਹਿਲੀ ਵਾਰ ਕਾਨਫ਼ਰੰਸ ਕਰਕੇ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕੀਤੀ ਗਈ ਅਤੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਮਲ੍ਹਮ-ਪੱਟੀ ਲਾਉਣ ਦੀ ਸ਼ੁਰੂਆਤ ਕੀਤੀ ਗਈ।

ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਕਸਬਾ ਰਈਆ ਦੀ ਦਾਣਾ ਮੰਡੀ ਵਿੱਚ ਕੀਤੀ ਸਿਆਸੀ ਕਾਨਫ਼ਰੰਸ ਦੇ ਮੁੱਖ ਬੁਲਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਹੇ। ਉਨ੍ਹਾਂ ਬਾਦਲ ਪਰਿਵਾਰ ਵਿਰੁੱਧ ਦੂਸ਼ਣਬਾਜ਼ੀ ਤੋਂ ਇਲਾਵਾ ਪੰਜਾਬ ਦੇ ਲੋਕਾਂ ਲਈ ਕੋਈ ਠੋਸ ਮੁੱਦਾ ਨਹੀਂ ਐਲਾਨਿਆ। ਰੈਲੀ ਵਿੱਚ ਕੇਂਦਰੀ ਲੀਡਰਸ਼ਿਪ ਨਜ਼ਰ ਨਹੀਂ ਆਈ ਅਤੇ ਇਕੱਠ ਦਿਖਾਉਣ ਲਈ ਦੂਸਰੇ ਹਲਕਿਆਂ ਤੋਂ ਲੋਕਾਂ ਦੀ ਭਾਰੀ ਸ਼ਮੂਲੀਅਤ ਕਰਵਾਈ ਗਈ। ਸਰਕਾਰੀ ਕਰਮਚਾਰੀਆਂ ਦੇ ਵਿਰੋਧ ਦੇ ਡਰੋਂ ਉਨ੍ਹਾਂ ਤਪ ਅਸਥਾਨ ਗੁਰੂ ਤੇਗ ਬਹਾਦਰ ਜੀ, ਬਾਬਾ ਬਕਾਲਾ ਵਿਖੇ ਵੀ ਹਾਜ਼ਰੀ ਨਹੀਂ ਲਵਾਈ।

Advertisement

ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਹਿਲੀ ਵਾਰ ਇਸ ਕਾਨਫ਼ਰੰਸ ਵਿੱਚ ਪੁੱਜ ਕੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਅਜਿਹਾ ਬਿਆਨ ਦਿੱਤਾ, ਜੋ ਕਿਸਾਨਾਂ ਦੇ ਜ਼ਖ਼ਮਾਂ ’ਤੇ ਮਲ੍ਹਮ-ਪੱਟੀ ਲਾਉਣ ਦਾ ਕੰਮ ਕਰ ਸਕਦਾ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ (ਜਾਂ ਕੇਵਲ ਸਿੰਘ ਢਿੱਲੋਂ), ਇਕਬਾਲ ਸਿੰਘ ਲਾਲਪੁਰਾ ਸਮੇਤ ਵੱਡੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ ਅਤੇ ਨਸ਼ੇ ਤੇ ਗੈਂਗਸਟਰ ਖ਼ਤਮ ਕਰਨ ਸਬੰਧੀ ਲੋਕਾਂ ਨਾਲ ਵਾਅਦੇ ਕੀਤੇ। ਹਾਜ਼ਰੀ ਪੱਖੋਂ ਇਕੱਠ ਭਾਵੇਂ ਘੱਟ ਸੀ, ਪਰ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਜ਼ਰੂਰ ਕੀਤੀ ਗਈ।

Advertisement

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕਾਨਫ਼ਰੰਸ ਵਿੱਚ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਇਸੇ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਭਗਵੰਤ ਮਾਨ ਦਾ ਨਾਂ ਲੈ ਕੇ ਸਿੱਧਾ ਉਨ੍ਹਾਂ ’ਤੇ ਨਿਸ਼ਾਨੇ ਸੇਧਦੇ ਰਹੇ। ਇਸ ਮੌਕੇ ਉਨ੍ਹਾਂ ਪੁਰਾਣੀ ਅਕਾਲੀ ਸਰਕਾਰ ਸਮੇਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਹੀ ਕੀਤਾ, ਕੋਈ ਨਵਾਂ ਮੁੱਦਾ ਲੋਕਾਂ ਸਾਹਮਣੇ ਨਹੀਂ ਲਿਆ ਸਕੇ। ਹਾਲਾਂਕਿ ਵਰਕਰਾਂ ਦੀ ਹਾਜ਼ਰੀ ਪੱਖੋਂ ਦੂਸਰੀਆਂ ਕਾਨਫ਼ਰੰਸਾਂ ਦੇ ਮੁਕਾਬਲੇ ਇੱਥੇ ਇਕੱਠ ਜ਼ਿਆਦਾ ਨਜ਼ਰ ਆ ਰਿਹਾ ਸੀ।

ਕਾਂਗਰਸ ਪਾਰਟੀ ਦੀ ਕਾਨਫ਼ਰੰਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਰੇਤ ਅਤੇ ਨਸ਼ੇ ਦੇ ਮੁੱਦੇ ’ਤੇ ਘੇਰਿਆ ਅਤੇ ਲੋਕਾਂ ਨੂੰ ਸਹੂਲਤਾਂ ਨਾ ਦੇਣ ਲਈ ਨੁਕਤਾਚੀਨੀ ਕੀਤੀ। ਇਸ ਵਿੱਚ ਪਾਰਟੀ ਪ੍ਰਧਾਨ, ਵਿਰੋਧੀ ਧਿਰ ਦੇ ਕਾਂਗਰਸੀ ਲੀਡਰ ਅਤੇ ਇਲਾਕੇ ਦੇ ਲੋਕਲ ਲੀਡਰਾਂ ਦੀ ਗ਼ੈਰ-ਹਾਜ਼ਰੀ ਰੜਕਦੀ ਰਹੀ। ਪਿਛਲੇ ਪਾਸੇ ਵੱਡੀ ਗਿਣਤੀ ਵਿੱਚ ਕੁਰਸੀਆਂ ਖ਼ਾਲੀ ਰਹਿਣ ਕਾਰਨ ਇਹ ਰੈਲੀ ਕੋਈ ਚੰਗਾ ਪ੍ਰਭਾਵ ਨਹੀਂ ਛੱਡ ਸਕੀ।

ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਕਾਨਫ਼ਰੰਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪ ਮੁਹਾਰੇ ਸ਼ਮੂਲੀਅਤ ਕੀਤੀ, ਪਰ ਉੱਥੇ ਵੀ ਲੀਡਰਸ਼ਿਪ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਸਬੰਧੀ ਮੁੱਦੇ ਤੋਂ ਇਲਾਵਾ ਪੰਜਾਬ ਦੇ ਲੋਕਾਂ ਲਈ ਕੋਈ ਖ਼ਾਸ ਪ੍ਰੋਗਰਾਮ ਨਹੀਂ ਉਲੀਕਿਆ ਗਿਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ ਦੀ ਤਰ੍ਹਾਂ ਸਿੱਖਾਂ ਅਤੇ ਵਿਦੇਸ਼ਾਂ ਵਿੱਚ ਹੋ ਰਹੇ ਹਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ।

Advertisement
×