Punjab News: ਗੈਰਕਾਨੂੰਨੀ ਹਥਿਆਰਾਂ ਅਤੇ 8.5 ਕਿਲੋ ਹੈਰੋਇਨ ਸਮੇਤ 9 ਗ੍ਰਿਫ਼ਤਾਰ
12.95 ਲੱਖ ਰੁਪਏ ਸ਼ੱਕੀ ਨਸ਼ੇ ਦੀ ਰਕਮ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਤਿੰਨ ਕਥਿਤ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨੈੱਟਵਰਕਾਂ ਨੂੰ ਤੋੜ ਦਿੱਤਾ ਹੈ, ਜਿਸ ਵਿੱਚ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਅੱਠ ਗੈਰ-ਕਾਨੂੰਨੀ ਪਿਸਤੌਲ, 8.536 ਕਿਲੋ ਹੈਰੋਇਨ, 12.95 ਲੱਖ ਰੁਪਏ ਸ਼ੱਕੀ ਨਸ਼ੇ ਦੀ ਰਕਮ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਡੀ.ਜੀ.ਪੀ. ਗੌਰਵ ਯਾਦਵ ਨੇ ਐਕਸ 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਸਫਲਤਾਵਾਂ ਕਮਿਸ਼ਨਰੇਟ ਪੁਲੀਸ ਦੀਆਂ ਟੀਮਾਂ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਜਾਂਚਾਂ ਦੌਰਾਨ ਹਾਸਲ ਕੀਤੀਆਂ ਗਈਆਂ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ 'ਤੇ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਰਹੇ ਸਨ ਅਤੇ ਹੋਰ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਨ ਤੋਂ ਪਹਿਲਾਂ ਗੈਰ-ਕਾਨੂੰਨੀ ਹਥਿਆਰਾਂ ਅਤੇ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰ ਰਹੇ ਸਨ।
ਬਰਾਮਦਗੀਆਂ ਨੇ ਜਾਂਚਕਰਤਾਵਾਂ ਨੂੰ ਨਸ਼ਾਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਵੰਡ ਵਿੱਚ ਸ਼ਾਮਲ ਵਿਸ਼ਾਲ ਨੈੱਟਵਰਕ ਦਾ ਪਤਾ ਲਗਾਉਣ ਲਈ ਲੀਡ ਪ੍ਰਦਾਨ ਕੀਤੀ ਹੈ।
ਯਾਦਵ ਨੇ ਕਿਹਾ ਕਿ ਇਸ ਸਬੰਧ ਵਿੱਚ ਛਾਉਣੀ (ਕੈਂਟ) ਅਤੇ ਛੇਹਰਟਾ ਪੁਲੀਸ ਸਟੇਸ਼ਨਾਂ ਵਿੱਚ ਤਿੰਨ ਵੱਖ-ਵੱਖ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਪੁਲੀਸ ਹੁਣ ਸਪਲਾਇਰਾਂ, ਹੈਂਡਲਰਾਂ ਅਤੇ ਕਥਿਤ ਕਾਰਵਾਈਆਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਨੈੱਟਵਰਕਾਂ ਦੇ ਅੱਗੇ ਅਤੇ ਪਿੱਛੇ ਦੇ ਲਿੰਕਾਂ ਦੀ ਜਾਂਚ ਕਰ ਰਹੀ ਹੈ।
ਜਾਂਚਕਰਤਾ ਵਿਦੇਸ਼ੀ ਹੈਂਡਲਰਾਂ ਦੀ ਭੂਮਿਕਾ ਅਤੇ ਪੰਜਾਬ ਵਿੱਚ ਕੰਮ ਕਰ ਰਹੇ ਹੋਰ ਅਪਰਾਧਿਕ ਨੈੱਟਵਰਕਾਂ ਨਾਲ ਉਨ੍ਹਾਂ ਦੇ ਸੰਭਾਵੀ ਸਬੰਧਾਂ ਦੀ ਵੀ ਜਾਂਚ ਕਰ ਰਹੇ ਹਨ। ਅੱਗੇ ਦੀ ਜਾਂਚ ਜਾਰੀ ਹੈ।

