Punjab MC Elections: 3 ਨਗਰ ਕੌਂਸਲਾਂ ਜੰਡਿਆਲਾ ਗੁਰੂ, ਮਜੀਠਾ, ਰਮਦਾਸ ਅਤੇ ਇਕ ਨਗਰ ਪੰਚਾਇਤ ਲਈ ਕੁੱਲ 63.5 ਫ਼ੀਸਦ ਵੋਟਿੰਗ
ਵੋਟਾਂ ਦੀ ਗਿਣਤੀ 29 ਮਈ ਨੂੰ
ਜ਼ਿਲ੍ਹਾ ਅੰਮ੍ਰਿਤਸਰ ਦੀਆਂ 3 ਨਗਰ ਕੌਂਸਲਾਂ ਜੰਡਿਆਲਾ ਗੁਰੂ, ਮਜੀਠਾ, ਰਮਦਾਸ ਅਤੇ 1 ਨਗਰ ਪੰਚਾਇਤ ਰਈਆ ਦੀ ਆਮ ਚੋਣ ਅੱਜ ਪੂਰੀ ਤਰ੍ਹਾਂ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਈ ਹੈ। ਇਹਨਾਂ ਵਿੱਚ ਕੁੱਲ 63.5 ਫ਼ੀਸਦੀ ਵੋਟਾਂ ਪਈਆਂ ਹਨ। ਨਗਰ ਕੌਂਸਲ ਰਮਦਾਸ ਵਿੱਚ ਸਭ ਤੋਂ ਵੱਧ 77.33 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ।
ਇਸ ਦੌਰਾਨ ਮਜੀਠਾ ਵਿੱਚ ਕੁਝ ਥਾਵਾਂ 'ਤੇ ਦੋ ਧਿਰਾਂ ਵਿਚਾਲੇ ਆਪਸੀ ਤਕਰਾਰ ਅਤੇ ਝਗੜੇ ਦੀਆਂ ਘਟਨਾਵਾਂ ਵਾਪਰੀਆਂ ਹਨ। ਤੇਜ਼ ਗਰਮੀ ਦੇ ਬਾਵਜੂਦ ਵੀ ਇਨ੍ਹਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੇ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
ਜ਼ਿਲ੍ਹਾ ਚੋਣ ਅਧਿਕਾਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਅਧੀਨ 3 ਨਗਰ ਕੌਂਸਲਾਂ ਜੰਡਿਆਲਾ ਗੁਰੂ, ਮਜੀਠਾ, ਰਮਦਾਸ ਅਤੇ 1 ਨਗਰ ਪੰਚਾਇਤ ਰਈਆ ਵਿੱਚ ਅੱਜ ਸਵੇਰੇ 8:00 ਵਜੇ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ, ਜੋ ਸ਼ਾਮ 5:00 ਵਜੇ ਤੱਕ ਨਿਰਵਿਘਨ ਚੱਲੀ। ਇਸ ਦੌਰਾਨ ਇਨ੍ਹਾਂ 3 ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਵਿੱਚ ਵੋਟਾਂ ਪੈਣ ਦੀ ਕੁੱਲ ਪ੍ਰਤੀਸ਼ਤਤਾ 63.5 ਫ਼ੀਸਦੀ ਰਹੀ ਹੈ।
ਨਗਰ ਕੌਂਸਲ ਅਤੇ ਨਗਰ ਪੰਚਾਇਤ ਵਿੱਚ ਪਈਆਂ ਵੋਟਾਂ ਦੀ ਪ੍ਰਤੀਸ਼ਤਤਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਜੰਡਿਆਲਾ ਗੁਰੂ ਵਿੱਚ ਕੁੱਲ 57.08 ਫ਼ੀਸਦੀ ਵੋਟਾਂ ਪਈਆਂ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਮਜੀਠਾ ਵਿੱਚ 62 ਫ਼ੀਸਦੀ ਅਤੇ ਨਗਰ ਕੌਂਸਲ ਰਮਦਾਸ ਵਿੱਚ 77.33 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਰਈਆ ਵਿੱਚ ਕੁੱਲ ਪੋਲਿੰਗ 53.06 ਫ਼ੀਸਦੀ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੇ ਬੈਲਟ ਬਕਸਿਆਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਜਾਵੇਗਾ ਅਤੇ 29 ਮਈ ਨੂੰ ਨਿਰਧਾਰਿਤ ਗਿਣਤੀ ਸਥਾਨਾਂ ਉੱਪਰ ਵੋਟਾਂ ਦੀ ਗਿਣਤੀ ਹੋਵੇਗੀ ਤੇ ਨਤੀਜੇ ਐਲਾਨੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ ਉੱਪਰ ਵੋਟਰਾਂ ਦੀ ਸਹੂਲਤ ਲਈ ਛਾਂ, ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸਖ਼ਤ ਗਰਮੀ ਦੇ ਬਾਵਜੂਦ ਵੀ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ।
ਦੱਸਣਯੋਗ ਹੈ ਕਿ ਅਜਨਾਲਾ ਨਗਰ ਪੰਚਾਇਤ ਦੀ ਚੋਣ ਕੁਝ ਦਿਨ ਪਹਿਲਾਂ ਕੁਝ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਸੀ।

