DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਸਰਕਾਰ ਭਾਜਪਾ ਦੇ ਸਮਾਗਮਾਂ ’ਚ ਅੜਿੱਕੇ ਪਾ ਰਹੀ ਹੈ: ਸੈਣੀ

ਸੂਬੇ ’ਚ ਗੈਂਗਸਟਰਾਂ ਦਾ ਬੋਲਬਾਲਾ ਹੋਣ ਦੇ ਦੋਸ਼ ਲਾਏ

  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਂਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ।
Advertisement

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਭਾਜਪਾ ਤਰਫ਼ੋਂ ਪੰਜਾਬ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਡਿਊਟੀ ਪੰਜਾਬ ਵਿੱਚ ਲਾਈ ਗਈ ਹੈ, ਜਿਨ੍ਹਾਂ ਨੇ ਅੱਜ ਸੂਬੇ ਦੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਲ 2022 ਦੀਆਂ ਚੋਣਾਂ ਵਿੱਚ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਪੂਰਾ ਕੋਈ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ‘ਆਪ’ ਦੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਰੱਖ ਰਹੇ ਹਨ ਤਾਂ ਪੰਜਾਬ ਸਰਕਾਰ ਸੂਬੇ ਵਿੱਚ ਉਨ੍ਹਾਂ ਦੇ ਸਮਾਗਮਾਂ ’ਚ ਅੜਿੱਕੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਅੱਜ ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫ਼ਤਰ ’ਚ ਹਿੰਦੁਸਤਾਨ ਸਟੂਡੈਂਟ ਐਸੋਸੀਏਸ਼ਨ ਨਾਲ ਸਬੰਧਤ 200 ਦੇ ਕਰੀਬ ਨੌਜਵਾਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਪੰਜਾਬ ਫੇਰੀ ’ਚ ਅੜਿੱਕੇ ਖੜ੍ਹੇ ਕਰਨ ਦੀ ਥਾਂ ਲੋਕ ਹਿੱਤ ਵਿੱਚ ਕੰਮ ਕਰੇ। ਸੈਣੀ ਨੇ ‘ਆਪ’ ਸਰਕਾਰ ਦਾ ਘਿਰਾਓ ਕਰਦਿਆਂ ਕਿਹਾ ਕਿ ਸੂਬੇ ਵਿੱਚ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਜਦਕਿ ਹਰਿਆਣਾ ਵਿੱਚ ਸਫਾਇਆ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਵੱਲੋਂ ਸਰਕਾਰ ਬਣਨ ਤੋਂ ਬਾਅਦ ਗੈਂਗਸਟਰਾਂ ਅਤੇ ਨਸ਼ਾਂ ਤਸਕਰਾਂ ਦਾ ਜੜ੍ਹ ਤੋਂ ਖਾਤਮਾ ਕੀਤਾ ਜਾਵੇਗਾ। ਨਾਇਬ ਸੈਣੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਚਾਰ ਸਾਲਾ ਮਗਰੋਂ ਵੀ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਨਹੀਂ ਦਿੱਤਾ, ਜਦੋਂ ਕਿ ਹਰਿਆਣਾ ਨੇ 2100 ਰੁਪਏ ਪ੍ਰਤੀ ਮਹੀਨਾ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਹਰਿਆਣਾ ਦੀ ਤਰਜ ’ਤੇ ਪੰਜਾਬ ਦਾ ਹਰ ਪੱਖ ਤੋਂ ਵਿਕਾਸ ਕੀਤਾ ਜਾਵੇਗਾ।

Advertisement

ਸੈਣੀ ਪੰਜਾਬੀਆਂ ਨੂੰ ਗੁਮਰਾਹ ਕਰਨਾ ਬੰਦ ਕਰਨ: ਨੀਲ ਗਰਗ

‘ਆਪ’ ਦੇ ਸੀਨੀਅਰ ਆਗੂ ਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਵਿੱਚ ਪ੍ਰਚਾਰ ਕਰਨ ਲਈ ਜਦੋਂ ਮਰਜ਼ੀ ਆ ਸਕਦੇ ਹਨ ਪਰ ਉਹ ਪੰਜਾਬੀਆਂ ਨੂੰ ਗੁਮਰਾਹ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਅਪਰਾਧਕ ਘਟਨਾਵਾਂ ਪੰਜਾਬ ਦੇ ਮੁਕਾਬਲੇ ਦੁੱਗਣੀਆਂ ਹਨ ਅਤੇ ਇਹ ਕੇਂਦਰੀ ਅੰਕੜੇ ਦੱਸਦੇ ਹਨ। ਨੀਲ ਗਰਗ ਨੇ ਕਿਹਾ ਕਿ ਹਰਿਆਣਾ ਵਿੱਚ ਸਾਲ 2023 ’ਚ ਇਕ ਹਜ਼ਾਰ ਤੋਂ ਵੱਧ ਅਤੇ 2024 ’ਚ 900 ਦੇ ਕਰੀਬ ਕਤਲ ਦੇ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਹਰਿਆਣਾ ਵਿੱਚ ਔਰਤਾਂ ਤੇ ਦਲਿਤਾਂ ਖ਼ਿਲਾਫ਼ ਅਪਰਾਧ ਬਹੁਤ ਵੱਧ ਹਨ। ਉਨ੍ਹਾਂ ਕਿਹਾ ਕਿ ਸੈਣੀ ਪੰਜਾਬ ਦੇ ਕਿਸਾਨਾਂ ਦੇ ਕਰਜ਼ਈ ਹੋਣ ਦੀ ਗੱਲ ਕਰਦੇ ਹਨ, ਜਦੋਂ ਕਿ ਕਿਸਾਨਾਂ ਸਿਰ ਇਹ ਕਰਜ਼ਾ ਭਾਜਪਾ ਦੇ ਰਾਜ ਵਿੱਚ ਹੀ ਚੜ੍ਹਿਆ ਸੀ।

Advertisement

ਹਰਿਆਣਾ ਪੰਜਾਬ ਦਾ ਛੋਟਾ ਭਰਾ: ਸੈਣੀ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਅੰਮ੍ਰਿਤਸਰ ਵਿੱਚ ਸੈਣੀ ਸਮਾਜ ਸੇਵਾ ਟਰੱਸਟ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸੈਣੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਹਰਿਆਣਾ ਨੂੰ ਪੰਜਾਬ ਦਾ ਛੋਟਾ ਭਰਾ ਦੱਸਦਿਆਂ ਕਿਹਾ ਕਿ ਦੋਵੇਂ ਸੂਬਿਆਂ ਵਿੱਚ ਸਾਂਝਾ ਸੱਭਿਆਚਾਰ, ਸਾਂਝੀ ਬੋਲੀ ਅਤੇ ਸਾਂਝੀਆਂ ਪਰੰਪਰਾਵਾਂ ਹਨ। ਉਨ੍ਹਾਂ ਕਿਹਾ, ‘‘ਅਸੀਂ ਦੋ ਭਰਾ ਹਾਂ ਅਤੇ ਅਸੀਂ ਇੱਕੋ ਵਿਹੜਾ ਸਾਂਝਾ ਕੀਤਾ ਹੈ।’’ ਸੈਣੀ ਨੇ ਪੰਜਾਬੀ ਵਿੱਚ ਬੋਲਦਿਆਂ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਰਿਆਣਾ ਵਿੱਚ ਜ਼ਿਆਦਾਤਰ ਚੋਣ ਵਾਅਦੇ ਪੂਰੇ ਕੀਤੇ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਵਿਚਲੀ ਅਮਨ ਅਤੇ ਕਾਨੂੰਨ ਦੀ ਸਥਿਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਜਿੱਥੇ ‘ਆਪ’ ਦੇ ਸਰਪੰਚ ਸੁਰੱਖਿਅਤ ਨਹੀਂ, ਉੱਥੇ ਹੋਰ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਹਨ। ਯੁੱਧ ਨਸ਼ਿਆਂ ਵਿਰੁੱਧ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਨਸ਼ਿਆਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਪੰਜਾਬੀਆਂ ਨੂੰ ਜ਼ਿੰਮੇਵਾਰੀ ਨਾਲ ਫ਼ੈਸਲਾ ਲੈਣਾ ਪਵੇਗਾ। ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਦੇ ਉਦਯੋਗਪਤੀਆਂ ਦੇ ਇੱਕ ਵਫ਼ਦ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ, ਜੋ ਰਾਜ ਵਿੱਚ ਉਦਯੋਗ ਦੀ ਸਹਾਇਤਾ ਅਤੇ ਪੁਨਰ ਸੁਰਜੀਤੀ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚੋਂ ਉਦਯੋਗ ਪੂਰੀ ਤਰ੍ਹਾਂ ਜੜ੍ਹੋਂ ਉਖਾੜ ਗਿਆ ਸੀ। ਹੁਣ ਵਪਾਰੀਆਂ ਦੇ ਵਫ਼ਦ ਨੇ ਪੰਜਾਬ ਵਿੱਚ ਹਰਿਆਣਾ ਵਰਗੇ ਵਿਸ਼ੇਸ਼ ਆਰਥਿਕ ਜ਼ੋਨ ਸਥਾਪਤ ਕਰਨ ਲਈ ਸਮਰਥਨ ਮੰਗ ਰਹੇ ਹਨ।

Advertisement
×