DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Gangster Politics: ਪੰਜਾਬ ਵਿੱਚ ਰਾਜਸੀ ਜ਼ਮੀਨ ਤਲਾਸ਼ ਕਰ ਰਹੇ ਗੈਂਗਸਟਰ

Dimpy Chandbhan, ਰੌਕੀ ਫਾਜ਼ਿਲਕਾ ਤੋਂ ਬਾਅਦ Gurpreet Sekhon ਦੀ ਸਿਆਸਤ ਵਿੱਚ ਐਂਟਰੀ

  • fb
  • twitter
  • whatsapp
  • whatsapp
Advertisement

Punjab Gangster Politics: ਗੈਂਗਸਟਰ ਤੋਂ ਸਿਆਸਤਦਾਨ ਬਣਿਆ ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਿਆ ਹੈ। ਉਹ ਪੰਜਾਬ ਦੇ ਅਪਰਾਧਿਕ ਜਗਤ ਤੋਂ ਮੁੱਖ ਧਾਰਾ ਦੀ ਸਿਆਸਤ ਵਿੱਚ ਆਉਣ ਵਾਲਿਆਂ ਦੀ ਲੰਬੀ ਲੜੀ ਵਿੱਚ ਆਖਰੀ ਨਾਂ ਹੈ। ਇਸ ਤੋਂ ਪਹਿਲਾਂ ਡਿੰਪੀ ਚੰਦਭਾਨ ਤੇ ਰੌਕੀ ਫਾਜ਼ਿਲਕਾ ਦੇ ਨਾਂ ਵੀ ਪ੍ਰਮੁੱਖ ਰਹੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਪੰਜਾਬ ਦਾ ਵਿਧਾਇਕ ਨਹੀਂ ਬਣ ਸਕਿਆ।

ਜਾਣਕਾਰੀ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਮੁਦਕੀ ਪਿੰਡ ਦੇ ਰਹਿਣ ਵਾਲੇ ਸੇਖੋਂ ਦਾ ਪਰਿਵਾਰਕ ਪਿਛੋਕੜ ਕਾਂਗਰਸੀ ਰਿਹਾ ਹੈ ਪਰ ਉਸ ਨੇ ਸਿਆਸਤ ਵਿੱਚ ਆਉਣ ਲਈ ਵੱਖ-ਵੱਖ ਪਾਰਟੀਆਂ ਨਾਲ ਮੇਲ-ਜੋਲ ਰੱਖਿਆ।

Advertisement

ਸੇਖੋਂ ਨੇ ਪਹਿਲਾਂ ਆਪਣੇ ਪਰਿਵਾਰ ਜ਼ਰੀਏ ਚੋਣ ਮੈਦਾਨ ਵਿੱਚ ਕਦਮ ਰੱਖਿਆ ਸੀ ਉਸ ਦੀਆਂ ਦੋਵੇਂ ਪਤਨੀਆਂ ਮਨਦੀਪ ਕੌਰ ਸੇਖੋਂ ਅਤੇ ਕੁਲਜੀਤ ਕੌਰ ਸੇਖੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਨਾਲ ਬਾਜ਼ੀਦਪੁਰ ਅਤੇ ਫਿਰੋਜ਼ਸ਼ਾਹ ਜ਼ੋਨਾਂ ਤੋਂ ਜ਼ਿਲ੍ਹਾ ਪਰਿਸ਼ਦ ਚੋਣਾਂ ਜਿੱਤੀਆਂ ਸਨ। ਸੇਖੋਂ ਦਾ ਆਪ ਵਿੱਚ ਸ਼ਾਮਲ ਹੋਣਾ ਉਸਦੇ ਪਰਿਵਾਰ ਦੇ ਕਾਂਗਰਸੀ ਪਿਛੋਕੜ ਤੋਂ ਇੱਕ ਵੱਡਾ ਬਦਲਾਅ ਹੈ। ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਉਸ ਦੀ ਗ੍ਰਿਫ਼ਤਾਰੀ ਹੋਈ ਸੀ, ਜਿਸ ਬਾਰੇ ਉਸ ਦੇ ਸਮਰਥਕਾਂ ਦਾ ਦੋਸ਼ ਸੀ ਕਿ ਇਹ ਤੱਤਕਾਲੀ ਸੱਤਾਧਾਰੀ ਧਿਰ ਵੱਲੋਂ ਉਸ ਦੇ ਵੱਧ ਰਹੇ ਪ੍ਰਭਾਵ ਨੂੰ ਘਟਾਉਣ ਲਈ ਕੀਤਾ ਗਿਆ ਸੀ। ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਇਸ ਘਟਨਾ ਨਾਲ ਉਸ ਨਾਲ ਹਮਦਰਦੀ ਕਰਨ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਇਆ ਸੀ।

Advertisement

ਪੰਜਾਬ ਦੀ ਸਿਆਸਤ ਵਿੱਚ ਗੈਂਗਸਟਰਾਂ ਦਾ ਪੁਰਾਣਾ ਇਤਿਹਾਸ ਅਤੇ ਪ੍ਰਮੁੱਖ ਚਿਹਰੇ

ਪੰਜਾਬ ਵਿੱਚ ਗੈਂਗਸਟਰਾਂ ਤੋਂ ਸਿਆਸਤਦਾਨ ਬਣਨ ਦਾ ਇਹ ਰੁਝਾਨ ਬਹੁਤ ਪੁਰਾਣਾ ਹੈ। ਫਰੀਦਕੋਟ ਦੇ ਚੰਦ ਭਾਨ ਪਿੰਡ ਦੇ ਪ੍ਰਭਜਿੰਦਰ ਸਿੰਘ ਬਰਾੜ ਉਰਫ਼ ਡਿੰਪੀ ਚੰਦਭਾਨ, ਜਿਨ੍ਹਾਂ ਨੂੰ ਪੰਜਾਬ ਦਾ ਪਹਿਲਾ ਵੱਡਾ ਗੈਂਗਸਟਰ ਮੰਨਿਆ ਜਾਂਦਾ ਹੈ, ਦੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਨੇੜਲੇ ਸਬੰਧ ਸਨ ਪਰ ਪੰਜਾਬ ਵਿੱਚ ਚੋਣਾਂ ਰੱਦ ਹੋਣ ਅਤੇ ਦਹਿਸ਼ਤਵਾਦ ਖਿਲਾਫ ਪੁਲੀਸ ਕਾਰਵਾਈ ਕਾਰਨ ਡਿੰਪੀ ਦੀਆਂ ਸਿਆਸੀ ਇੱਛਾਵਾਂ ਅਧੂਰੀਆਂ ਰਹਿ ਗਈਆਂ ਅਤੇ ਉਸ ਨੂੰ ਉੱਤਰ ਪ੍ਰਦੇਸ਼ ਭੱਜਣਾ ਪਿਆ, ਜਿੱਥੇ ਉਸ ਨੇ ਮੁਖਤਾਰ ਅੰਸਾਰੀ ਵਰਗਿਆਂ ਨਾਲ ਸਬੰਧ ਬਣਾ ਲਏ। ਸਾਲ 2006 ਵਿੱਚ ਚੰਡੀਗੜ੍ਹ ਦੇ ਲੇਕ ਕਲੱਬ ਦੇ ਬਾਹਰ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਡਿੰਪੀ ਚੰਦਭਾਨ ਦਾ ਸਾਥੀ ਰਹੇ ਜਸਵਿੰਦਰ ਸਿੰਘ ਭੁੱਲਰ ਉਰਫ਼ ਰੌਕੀ ਫਾਜ਼ਿਲਕਾ ਨੇ ਵੀ ਬਾਅਦ ਵਿੱਚ ਚੋਣ ਰਾਜਨੀਤੀ ਵਿੱਚ ਹੱਥ ਅਜ਼ਮਾਇਆ। ਉਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਸਿੱਧੇ ਸਮਰਥਨ ਨਾਲ 2012 ਦੀਆਂ ਵਿਧਾਨ ਸਭਾ ਚੋਣਾਂ ਫਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੀਆਂ ਅਤੇ ਬੀਜੇਪੀ ਦੇ ਸੁਰਜੀਤ ਕੁਮਾਰ ਜਿਆਣੀ ਤੋਂ 1,700 ਤੋਂ ਵੀ ਘੱਟ ਵੋਟਾਂ ਨਾਲ ਹਾਰ ਗਏ। ਸਾਲ 2016 ਵਿੱਚ ਹਿਮਾਚਲ ਪ੍ਰਦੇਸ਼ ਦੇ ਪਰਵਾਣੂ ਨੇੜੇ ਰੌਕੀ ਦੀ ਕਿਸੇ ਹੋਰ ਗੈਂਗਸਟਰ ਜੈਪਾਲ ਭੁੱਲਰ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਭੈਣ ਰਾਜਦੀਪ ਕੌਰ ਨੇ ਪਰਿਵਾਰ ਦੀ ਸਿਆਸੀ ਇੱਛਾ ਨੂੰ ਅੱਗੇ ਵਧਾਇਆ ਅਤੇ ਕਾਂਗਰਸ ਦੀ ਟਿਕਟ ਨਾ ਮਿਲਣ 'ਤੇ 2017 ਦੀਆਂ ਵਿਧਾਨ ਸਭਾ ਚੋਣਾਂ ਫਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੀਆਂ। ਉਸ ਨੂੰ 38,000 ਤੋਂ ਵੱਧ ਵੋਟਾਂ ਮਿਲੀਆਂ ਪਰ ਉਹ ਹਾਰ ਗਈ। ਉਹ 2018 ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਰੈਲੀ ਵਿੱਚ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਸੀ।

ਜੈਪਾਲ ਭੁੱਲਰ ਖ਼ੁਦ ਇੱਕ ਮੋਸਟ ਵਾਂਟੇਡ ਗੈਂਗਸਟਰ ਸੀ ਜਿਸ ਉੱਤੇ 40 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਸ ਨੂੰ 2021 ਵਿੱਚ ਕੋਲਕਾਤਾ ਵਿੱਚ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਉਸ ਦੇ ਪਿਤਾ ਸੇਵਾਮੁਕਤ ਪੰਜਾਬ ਪੁਲੀਸ ਇੰਸਪੈਕਟਰ ਹਰਪਾਲ ਭੁੱਲਰ ਨੇ ਵੀ ਇੱਕ ਸਮੇਂ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਉਹ ਪਿੱਛੇ ਹਟ ਗਏ ਸਨ। ਇਸੇ ਤਰ੍ਹਾਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ, ਜਿਸ ਨੂੰ "ਮਾਸੀ" ਵਜੋਂ ਜਾਣਿਆ ਜਾਂਦਾ ਹੈ, ਇੱਕ ਪ੍ਰਭਾਵਸ਼ਾਲੀ ਸਿਆਸੀ ਸ਼ਕਤੀ ਵਜੋਂ ਉਭਰੀ ਹੈ। ਉਹ ਪਹਿਲਾਂ ਹੀ ਡੇਰਾ ਬਾਬਾ ਨਾਨਕ ਬਲਾਕ ਸਮਿਤੀ ਦੀ ਚੇਅਰਪਰਸਨ ਹੈ ਅਤੇ ਉਸ ਨੇ ਇਸ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ।

ਸਬੰਧਤ ਖਬਰ: ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸੇਖੋਂ ਦੀਆਂ ਦੋਵੇਂ ਪਤਨੀਆਂ ਵੱਡੀ ਲੀਡ ਨਾਲ ਜੇਤੂ

Advertisement
×