Punjab Congress Crisis: ਸਮਝੌਤਾ ਕਰਨ ਵਾਲੇ ਆਗੂਆਂ ਬਾਰੇ ਸੁਖਜਿੰਦਰ ਰੰਧਾਵਾ ਕੋਲੋਂ ਪੁੱਛਾਂਗਾ: Raja Warring
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ Sukhjinder Randhawa ਦੀ ਟਿੱਪਣੀ ਦਾ ਦਿੱਤਾ ਜਵਾਬ
Raja Warring Randhawa: ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪਾਰਟੀ ਵਿੱਚ 'ਕੰਪਰੋਮਾਈਜ਼ਡ ਆਗੂਆਂ' (ਸਮਝੌਤਾਵਾਦੀ ਲੀਡਰਾਂ) ਬਾਰੇ ਬਿਆਨ ਦਿੱਤੇ ਜਾਣ ਦੇ ਇੱਕ ਦਿਨ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਉਹ ਰੰਧਾਵਾ ਕੋਲੋਂ ਖੁਦ ਪੁੱਛਣਗੇ ਕਿ ਉਹ ਅਸਲ ਵਿੱਚ ਕਿਸ ਦੀ ਗੱਲ ਕਰ ਰਹੇ ਹਨ।
ਜਦੋਂ ਵੜਿੰਗ ਤੋਂ ਸੀਨੀਅਰ ਆਗੂ ਰੰਧਾਵਾ ਵੱਲੋਂ ਕਾਂਗਰਸ ਵਿੱਚ 'ਸਲੀਪਰ ਸੈੱਲਾਂ' ਅਤੇ 'ਕੰਪਰੋਮਾਈਜ਼ਡ ਨੇਤਾਵਾਂ' ਦਾ ਜ਼ਿਕਰ ਕਰਨ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, "ਰੰਧਾਵਾ ਸਾਹਿਬ ਸਾਡੇ ਸੀਨੀਅਰ ਲੀਡਰ ਹਨ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਹਨ। ਜਦੋਂ ਅਸੀਂ ਸਟੇਜ ਸਾਂਝੀ ਕਰਦੇ ਹਾਂ ਤਾਂ ਉਨ੍ਹਾਂ ਕਈ ਵਾਰ ਸਮਝੌਤਾਵਾਦੀ ਨੇਤਾਵਾਂ ਅਤੇ ਸਲੀਪਰ ਸੈੱਲਾਂ ਬਾਰੇ ਗੱਲ ਕੀਤੀ ਹੈ।" ਵੜਿੰਗ ਨੇ ਰੰਧਾਵਾ ਨਾਲ ਸਹਿਮਤੀ ਜਤਾਈ ਕਿ ਸਾਰੀਆਂ ਪਾਰਟੀਆਂ ਵਿੱਚ ਅਜਿਹੇ 'ਸਲੀਪਰ ਸੈੱਲ' ਮੌਜੂਦ ਹੁੰਦੇ ਹਨ।
ਉਨ੍ਹਾਂ ਰਵਨੀਤ ਸਿੰਘ ਬਿੱਟੂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦੇ ਸਨ ਅਤੇ ਬਾਅਦ ਵਿੱਚ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਵੜਿੰਗ ਨੇ ਸਪਸ਼ਟ ਕੀਤਾ ਕਿ ਉਹ ਰੰਧਾਵਾ ਤੋਂ ਪੁੱਛਣਗੇ ਕਿ ਕੀ ਉਹ ਉਨ੍ਹਾਂ ਆਗੂਆਂ ਬਾਰੇ ਗੱਲ ਕਰ ਰਹੇ ਹਨ ਜਿਹੜੇ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦੇ ਹਨ।
ਬਾਬਾ ਬਕਾਲਾ ਵਿਚ ਪਾਰਟੀ ਦੇ ਰੱਖੜ ਪੁੰਨਿਆ ਸੰਮੇਲਨ ਵਿੱਚ ਹਾਜ਼ਰ ਨਾ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵੜਿੰਗ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਸਾਰੇ ਸੀਨੀਅਰ ਲੀਡਰ ਹਰ ਸਮੇਂ ਹਰ ਥਾਂ ਮੌਜੂਦ ਰਹਿਣ। ਉਨ੍ਹਾਂ ਦੱਸਿਆ ਕਿ ਕਈ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋਏ ਸਨ।
ਸਾਨੂੰ ਲੜਨ ਵਾਲੇ ਜੁਝਾਰੂ ਲੀਡਰਾਂ ਦੀ ਲੋੜ ਹੈ, ਉਨ੍ਹਾਂ ਦੀ ਲੋੜ ਨਹੀਂ ਹੈ ਜਿਨ੍ਹਾਂ ਨੇ ਸਮਝੌਤੇ ਕੀਤੇ ਹੋਏ ਹਨ: ਰੰਧਾਵਾ
ਰੱਖੜ ਪੁੰਨਿਆ ਦੇ ਮੌਕੇ 'ਤੇ ਵੜਿੰਗ ਦੇ ਇਸ ਸਮਾਗਮ ਵਿੱਚ ਨਾ ਪਹੁੰਚਣ ਕਾਰਨ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਇੱਕ ਵਾਰ ਫਿਰ ਸਾਹਮਣੇ ਆ ਗਈ ਸੀ। ਇਸ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਰਾਣਾ ਗੁਰਜੀਤ ਸਿੰਘ ਸ਼ਾਮਲ ਹੋਏ ਸਨ। ਆਪਣੇ ਸੰਬੋਧਨ ਦੌਰਾਨ ਰੰਧਾਵਾ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਸੀ, ‘ਸਾਨੂੰ ਜੁਝਾਰੂ ਲੀਡਰਾਂ ਦੀ ਲੋੜ ਹੈ, ਜੋ ਲੜ ਸਕਣ। ਸਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ ਜਿਨ੍ਹਾਂ ਨੇ ਸਮਝੌਤੇ ਕੀਤੇ ਹੋਏ ਹਨ।’
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਥੇਬੰਦਕ ਏਕਤਾ ਨੂੰ ਮਜ਼ਬੂਤ ਕਰਨ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਕਾਂਗਰਸ ਲਗਾਤਾਰ ਧੜੇਬੰਦੀ ਦਾ ਸ਼ਿਕਾਰ ਹੋ ਰਹੀ ਹੈ। ਪਹਿਲੀ ਜੁਲਾਈ ਨੂੰ ਜਦੋਂ ਹਾਈਕਮਾਨ ਨੇ ਵੜਿੰਗ ਨੂੰ ਸੂਬਾ ਪ੍ਰਧਾਨ ਵਜੋਂ ਬਰਕਰਾਰ ਰੱਖਣ ਅਤੇ ਚੰਨੀ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਇਹ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਗਿਆ ਸੀ। ਚੰਨੀ ਦੀ ਅਗਵਾਈ ਵਾਲੇ ਧੜੇ ਨੇ ਵੜਿੰਗ ਨੂੰ ਪ੍ਰਧਾਨ ਰੱਖਣ ਦਾ ਵਿਰੋਧ ਕੀਤਾ ਸੀ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਚੰਨੀ ਦੇ ਸਮਰਥਕ ਉਨ੍ਹਾਂ ਨੂੰ 2027 ਦੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਕਰ ਰਹੇ ਹਨ।
ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ’ਤੇ ਸਰਕਾਰ ਨੂੰ ਚਿਤਾਵਨੀ
ਇਸ ਦੌਰਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 27 ਅਗਸਤ ਨੂੰ ਹੜਤਾਲ ’ਤੇ ਗਏ ਸਰਕਾਰੀ ਮੁਲਾਜ਼ਮਾਂ ਵਿਰੁੱਧ ਕੋਈ ਵੀ ਸਖ਼ਤ ਕਾਰਵਾਈ ਨਾ ਕਰਨ ਦੀ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਮੁਲਾਜ਼ਮ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਪ੍ਰਦਰਸ਼ਨ ਕਰ ਰਹੇ ਹਨ, ਵਿਰੋਧ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ। ਉਨ੍ਹਾਂ ਕਿਹਾ, "ਤੁਸੀਂ ਕਾਰਵਾਈ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਡਰਾ ਨਹੀਂ ਸਕਦੇ।" ਉਨ੍ਹਾਂ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਤਾਕਤ ਅਜ਼ਮਾ ਕੇ ਦੇਖ ਲੈਣ, ਜਿਸ ਦੇ ਮਾਨ ਨੂੰ ਅਜਿਹੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਜਿਨ੍ਹਾਂ ਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।

