Punjab Drug Controversy: ਕੈਮਿਸਟਾਂ ਨੇ ਮਨੋਰੋਗਾਂ ਦੀਆਂ ਦਵਾਈਆਂ ਦੀ ਵਿਕਰੀ ਬੰਦ ਕੀਤੀ
Punjab Medicine Shortage: ਸ਼ੂਗਰ ਅਤੇ ਨਸਾਂ ਦੇ ਦਰਦ ਤੋਂ ਪੀੜਤ ਮਰੀਜ਼ਾਂ ਨੂੰ ਪੇਸ਼ ਆ ਰਹੀ ਹੈ ਮੁਸ਼ਕਲ
Punjab Medicine Shortage: ਪੰਜਾਬ ਭਰ ਵਿੱਚ ਕੈਮਿਸਟਾਂ ਵੱਲੋਂ ਸਾਈਕੋਟਰੌਪਿਕ (ਮਾਨਸਿਕ ਤੌਰ ’ਤੇ ਪ੍ਰਭਾਵਿਤ ਕਰਨ ਵਾਲੀਆਂ) ਦਵਾਈਆਂ ਦੀ ਵਿਕਰੀ ਬੰਦ ਕਰਨ ਦੇ ਫੈਸਲੇ ਕਾਰਨ ਸ਼ੂਗਰ, ਨਸਾਂ ਦੇ ਦਰਦ ਅਤੇ ਹੋਰ ਪੁਰਾਣੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਲੈਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਰੂਪਨਗਰ ਜ਼ਿਲ੍ਹੇ ਵਿੱਚ ਕੈਮਿਸਟ ਆਪਣੇ ਕੋਲ ਮੌਜੂਦ ਸਾਈਕੋਟਰੌਪਿਕ ਦਵਾਈਆਂ ਦੇ ਸਟਾਕ ਨੂੰ ਬਕਸਿਆਂ ਵਿੱਚ ਪੈਕ ਕਰਦੇ ਹੋਏ ਦੇਖੇ ਗਏ। ਉਨ੍ਹਾਂ ਅਜਿਹੇ ਮਰੀਜ਼ਾਂ ਨੂੰ ਵੀ ਦਵਾਈ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਜੋ ਡਾਕਟਰਾਂ ਦੀ ਪਰਚੀ ਲੈ ਕੇ ਦਵਾਈ ਲੈਣ ਆ ਰਹੇ ਸਨ।
ਪਰਵਿੰਦਰ ਕਤਲ ਕਾਂਡ ਤੋਂ ਬਾਅਦ ਨਸ਼ੀਲੀਆਂ ਜਾਂ ਆਦੀ ਬਣਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਖ਼ਿਲਾਫ਼ ਪੁਲੀਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਾਰੇ ਜਾ ਰਹੇ ਛਾਪਿਆਂ ਦੌਰਾਨ ਪੰਜਾਬ ਦੀ ਕੈਮਿਸਟ ਐਸੋਸੀਏਸ਼ਨ ਨੇ ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਨੰਗਲ ਦੇ ਕੈਮਿਸਟ ਅਤੇ ਸਟਾਕਿਸਟ ਕਰਨ ਚੌਧਰੀ ਨੇ ਕਿਹਾ, ‘‘ਪਰਵਿੰਦਰ ਕਤਲ ਕਾਂਡ ਤੋਂ ਬਾਅਦ ਜਿਸ ਦਵਾਈ (ਪ੍ਰੈਗਾਬੋਲਿਨ) ਉੱਤੇ ਸਵਾਲ ਉਠਾਏ ਜਾ ਰਹੇ ਹਨ, ਉਹ ਅਸਲ ਵਿੱਚ ਇੱਕ ਦਵਾਈ ਹੈ ਨਾ ਕਿ ਨਸ਼ਾ। ਇਹ ਸ਼ੂਗਰ ਦੇ ਨਸਾਂ ਦੇ ਦਰਦ ਵਾਲੇ ਮਰੀਜ਼ਾਂ ਲਈ ਸਭ ਤੋਂ ਪ੍ਰਭਾਵਸ਼ਾਲੀ ਦਵਾਈ ਹੈ ਅਤੇ ਡਾਕਟਰ ਇਸ ਦੀ ਵੱਡੇ ਪੱਧਰ ’ਤੇ ਸਿਫਾਰਸ਼ ਕਰ ਰਹੇ ਸਨ; ਹਾਲਾਂਕਿ ਪੰਜਾਬ ਭਰ ਦੇ ਕੈਮਿਸਟਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਅਸੀਂ ਇਸ ਦਵਾਈ ਦੀ ਵਿਕਰੀ ਬੰਦ ਕਰਨ ਦਾ ਫੈਸਲਾ ਕੀਤਾ ਹੈ।’’ ਰਿਪੋਰਟਾਂ ਅਨੁਸਾਰ ਇਹ ਸਥਿਤੀ ਸਿਰਫ ਪ੍ਰੈਗਾਬੋਲਿਨ ਤੱਕ ਸੀਮਤ ਨਹੀਂ ਰਹੀ, ਸਗੋਂ ਕੁਝ ਕੈਮਿਸਟਾਂ ਨੇ ਡਾਕਟਰਾਂ ਦੀ ਪਰਚੀ ਦਿਖਾਉਣ ’ਤੇ ਵੀ ਇਨਸੁਲਿਨ ਦੇ ਟੀਕੇ, ਸਰਿੰਜਾਂ, ਡਿਸਪੋਜ਼ੇਬਲ ਸੂਈਆਂ ਅਤੇ ਹੋਰ ਦਵਾਈਆਂ ਵੇਚਣ ਤੋਂ ਨਾਂਹ ਕਰਨੀ ਸ਼ੁਰੂ ਕਰ ਦਿੱਤੀ ਹੈ।
ਕੈਮਿਸਟਾਂ ਨੇ ਪੁਲੀਸ ਕਾਰਵਾਈ ਦੇ ਡਰ ਦਾ ਹਵਾਲਾ ਦਿੱਤਾ
ਪਟਿਆਲਾ ਵਿੱਚ ਜਦੋਂ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੀ ਟੀਮ ਨੇ ਸ਼ੂਗਰ ਦੇ ਇੱਕ ਮਰੀਜ਼ ਦੀ ਪਰਚੀ ਦਿਖਾ ਕੇ ਸੂਈਆਂ ਅਤੇ ਸਰਿੰਜਾਂ ਖਰੀਦਣ ਦੀ ਕੋਸ਼ਿਸ਼ ਕੀਤੀ, ਤਾਂ ਜ਼ਿਆਦਾਤਰ ਕੈਮਿਸਟਾਂ ਨੇ ਪੁਲੀਸ ਜਾਂਚ ਦੇ ਡਰ ਦਾ ਹਵਾਲਾ ਦਿੰਦੇ ਹੋਏ, ਇਹ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਜਲੰਧਰ ਵਿੱਚ ਮਰੀਜ਼ਾਂ ਨੂੰ ਅਜਿਹੇ ਮੈਡੀਕਲ ਸਟੋਰਾਂ ਦੀ ਭਾਲ ਕਰਨੀ ਪਈ ਜਿੱਥੇ ਸਾਈਕੋਟਰੌਪਿਕ ਦਵਾਈਆਂ ਦਾ ਸਟਾਕ ਅਜੇ ਵੀ ਉਪਲਬਧ ਹੈ। ਜਿਨ੍ਹਾਂ ਕੈਮਿਸਟਾਂ ਕੋਲ ਸਟਾਕ ਹੈ, ਉਹ ਡਾਕਟਰਾਂ ਦੀਆਂ ਪਰਚੀਆਂ ’ਤੇ ਦਵਾਈਆਂ ਦੇ ਰਹੇ ਹਨ, ਪਰ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਡਰੱਗ ਅਥਾਰਿਟੀਜ਼ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ, ਤਾਂ ਉਹ ਵਿਕਰੀ ਨੂੰ ਪੂਰੀ ਤਰ੍ਹਾਂ ਬੰਦ ਕਰ ਸਕਦੇ ਹਨ। ਅੰਮ੍ਰਿਤਸਰ ’ਚ ਕੈਮਿਸਟਾਂ ਨੇ ਸੂਬੇ ਦੇ ਡਰੱਗ ਕੰਟਰੋਲ ਵਿਭਾਗ ਵੱਲੋਂ ਕਥਿਤ ਪਰੇਸ਼ਾਨੀ ਦੇ ਵਿਰੋਧ ’ਚ ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦ ਕਰਨ ਦੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਫੈਸਲੇ ਤੋਂ ਬਾਅਦ ਆਪਣੀਆਂ ਦੁਕਾਨਾਂ ’ਤੇ ਪ੍ਰੈਗਾਬੋਲਿਨ ਅਤੇ ਹੋਰ ਲਤ ਲਾਉਣ ਵਾਲੀਆਂ ਦਵਾਈਆਂ ਨਾ ਹੋਣ ਦੇ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ; ਹਾਲਾਂਕਿ ਇੱਕ ਸਥਾਨਕ ਕੈਮਿਸਟ ਐਸੋਸੀਏਸ਼ਨ ਨੇ ਇਸ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੇ ਮੈਡੀਕਲ ਸਟੋਰਾਂ ’ਤੇ ਦਵਾਈਆਂ ਮਿਲਦੀਆਂ ਰਹਿਣਗੀਆਂ।
(ਖ਼ਬਰ ਵਿੱਚ ਅਮਨ ਸੂਦ, ਰਿਸ਼ਿਕਾ ਕ੍ਰਿਤੀ ਤੇ ਪੀ ਕੇ ਜੈਸਵਾਰ ਨੇ ਵੀ ਜਾਣਕਾਰੀ ਮੁਹੱਈਆ ਕੀਤੀ ਹੈ)

