Punjab Blast: ਸੰਸਦ ਮੈਂਬਰ ਗੁਰਜੀਤ ਔਜਲਾ ਦੇ ਰਿਸ਼ਤੇਦਾਰ ਦੇ ਘਰ ਗ੍ਰੇਨੇਡ ਹਮਲਾ; ਦੋ ਔਰਤਾਂ ਸਮੇਤ ਤਿੰਨ ਜ਼ਖ਼ਮੀ
ਪਿੰਡ ਜੱਟਾ ਦੇ ਵਸਨੀਕ ਸਾਬਕਾ ਫ਼ੌਜੀ ਨਿਰਮਲ ਸਿੰਘ ਦੇ ਘਰ ਵਾਪਰੀ ਘਟਨਾ
ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਸਰਹੱਦੀ ਪਿੰਡ ਜੱਟਾ ਦੇ ਇੱਕ ਘਰ ਉੱਪਰ ਗ੍ਰੇਨੇਡ ਹਮਲਾ ਕੀਤਾ ਗਿਆ, ਜਿਸ ਵਿੱਚ ਦੋ ਔਰਤਾਂ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਜ਼ੇਰੇ ਇਲਾਜ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪੌਣੇ ਨੌਂ ਵਜੇ ਦੇ ਕਰੀਬ ਪਿੰਡ ਜੱਟਾ ਦੇ ਵਸਨੀਕ ਸਾਬਕਾ ਫ਼ੌਜੀ ਨਿਰਮਲ ਸਿੰਘ ਦੇ ਘਰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਦੋ ਗ੍ਰੇਨੇਡਾਂ ਨਾਲ ਹਮਲਾ ਕੀਤਾ ਗਿਆ। ਹਮਲੇ ਦੌਰਾਨ ਪਹਿਲਾ ਬੰਬ ਘਰ ਵਿੱਚ ਖੜ੍ਹੀ ਸਵਿਫ਼ਟ ਕਾਰ ’ਤੇ ਵੱਜਾ, ਜਿਸ ਨਾਲ ਉਸ ਦਾ ਭਾਰੀ ਨੁਕਸਾਨ ਹੋਇਆ। ਦੋਸ਼ੀਆਂ ਵੱਲੋਂ ਸੁੱਟੇ ਗਏ ਦੂਜੇ ਬੰਬ, ਜੋ ਘਰ ਦੇ ਵਿਹੜੇ ਵਿੱਚ ਡਿੱਗਿਆ, ਨਾਲ ਨਿਰਮਲ ਸਿੰਘ ਦਾ 30 ਸਾਲਾ ਪੁੱਤਰ ਜਸਪਾਲ ਸਿੰਘ, ਜਸਪਾਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਅਤੇ ਨਿਰਮਲ ਸਿੰਘ ਦੀ ਬੇਟੀ (ਜੋ ਪੇਕੇ ਘਰ ਰਹਿ ਰਹੀ ਹੈ) ਗੰਭੀਰ ਜ਼ਖ਼ਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਿੰਡ ਦੇ ਲੋਕਾਂ ਵਿੱਚ ਹਫ਼ੜਾ-ਦਫ਼ੜੀ ਮਚ ਗਈ।
ਇੱਥੇ ਇਹ ਵਰਨਣਯੋਗ ਹੈ ਕਿ ਇਸ ਦੇ ਨਾਲ ਦਾ ਪਿੰਡ ਗੈਂਗਸਟਰ Happy Passia ਦਾ ਹੈ। ਪੁਲੀਸ ਵੱਲੋਂ ਇਸ ਪੱਖ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਨਿਰਮਲ ਸਿੰਘ ਨੇ ਦੱਸਿਆ ਕਿ ਉਸ ਨੂੰ ਕਿਸੇ ਉੱਪਰ ਕੋਈ ਸ਼ੱਕ ਨਹੀਂ ਹੈ ਕਿਉਂਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਸ ਨੇ ਕਿਹਾ ਕਿ ਹਮਲਾਵਰ ਮੋਟਰਸਾਈਕਲ ’ਤੇ ਆਏ ਸਨ ਅਤੇ ਉਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਇਸ ਘਟਨਾ ਬਾਰੇ ਜਾਣਕਾਰੀ ਮਿਲ ਸਕੇ।
ਸੰਸਦ ਮੈਂਬਰ ਔਜਲਾ ਦੇ ਰਿਸ਼ਤੇਦਾਰ ਦੇ ਘਰ ਗ੍ਰੇਨੇਡ ਹਮਲਾ
ਸਰਹੱਦੀ ਪਿੰਡ ਪਿੰਡ ਜੱਟਾ ਵਿੱਚ ਬੀਤੀ ਰਾਤ ਇੱਕ ਪਰਿਵਾਰ ਦੇ ਘਰ ’ਤੇ ਦੋ ਗ੍ਰਨੇਡ ਸੁੱਟ ਕੇ ਕੀਤੇ ਗਏ ਹਮਲੇ ਦੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਖ਼ਤ ਨਿੰੰਦਾ ਕੀਤੀ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੀੜਤ ਪਰਿਵਾਰ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚੋਂ ਹੈ ਅਤੇ ਇਹ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨਾਲ ਉਨ੍ਹਾਂ ਦੇ ਨਿੱਜੀ ਅਤੇ ਪਰਿਵਾਰਕ ਸਬੰਧ ਵੀ ਹਨ, ਇਸ ਲਈ ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ। ਔਜਲਾ ਨੇ ਕਿਹਾ ਕਿ ਇਸ ਘਟਨਾ ਨੂੰ ਸਿਰਫ਼ ਇੱਕ ਪਰਿਵਾਰ ’ਤੇ ਹੋਇਆ ਹਮਲਾ ਸਮਝ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਸਰਹੱਦੀ ਇਲਾਕਿਆਂ ਵਿੱਚ ਵਿਗੜ ਰਹੀ ਕਾਨੂੰਨ-ਵਿਵਸਥਾ ਅਤੇ ਗੈਂਗਸਟਰਵਾਦ ਦੀ ਗੰਭੀਰ ਸਥਿਤੀ ਨੂੰ ਦਰਸਾਉਂਦਾ ਹੈ।
ਔਜਲਾ ਨੇ ਮੰਗ ਕੀਤੀ ਕਿ ਹਮਲੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਜੇਕਰ ਕਿਸੇ ਸਥਾਨਕ ਵਿਅਕਤੀ ਦੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਵੀ ਨਿਰਪੱਖ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਡਰ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਹਰ ਨਾਗਰਿਕ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

