ਮੁਸਲਿਮ ਭਾਈਚਾਰੇ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਖ਼ਿਲਾਫ਼ ਪ੍ਰਦਰਸ਼ਨ

ਮੁਸਲਿਮ ਭਾਈਚਾਰੇ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਖ਼ਿਲਾਫ਼ ਪ੍ਰਦਰਸ਼ਨ

ਫਰਾਂਸ ਦਾ ਝੰਡਾ ਸਾੜਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ।

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਅਕਤੂਬਰ

ਮੁਸਲਿਮ ਧਰਮ ਦੇ ਪੈਗ਼ੰਬਰ ਦੇ ਅਪਮਾਨ ਖ਼ਿਲਾਫ਼ ਅੱਜ ਇੱਥੇ ਮੁਸਲਿਮ ਜਥੇਬੰਦੀ ਮਜਲਿਸ ਅਹਿਰਾਰ ਇਸਲਾਮ-ਏ- ਹਿੰਦ ਨੇ ਫਰਾਂਸ ਦਾ ਝੰਡਾ ਸਾੜਿਆ ਅਤੇ ਫਰਾਂਸ ਦੇ ਸਾਮਾਨ ਦੇ ਬਾਈਕਾਟ ਦਾ ਸੱਦਾ ਦਿੱਤਾ। 

ਅੱਜ ਇੱਥੇ ਸਬਜ਼ੀ ਮੰਡੀ ਮਸਜਿਦ ਵਿਚ ਮੁਸਲਿਮ ਭਾਈਚਾਰੇ ਵੱਲੋਂ ਮਜਲਿਸ ਅਹਿਰਾਰ ਜਥੇਬੰਦੀ ਦੇ ਪ੍ਰਧਾਨ ਅਬਦੁਲ ਨੂਰ ਦੀ ਅਗਵਾਈ ਹੇਠ ਫਰਾਂਸ ਦੇ ਰਾਸ਼ਟਰਪਤੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਫਰਾਂਸ ਦੀ ਕੀਤੀ ਹਮਾਇਤ ਵਾਪਸ ਲਈ ਜਾਵੇ ਅਤੇ ਉੱਥੋਂ ਆਪਣਾ ਸਫ਼ੀਰ ਵਾਪਸ ਸੱਦਿਆ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਫਰਾਂਸ ਦੇ ਸਾਮਾਨ ਦੇ ਬਾਈਕਾਟ ਦਾ ਸੱਦਾ ਦਿੱਤਾ ਤਾਂ ਜੋ ਉਸ ਨੂੰ ਸਬਕ ਮਿਲੇ ਅਤੇ ਮੁੜ ਅਜਿਹੀ ਘਟਨਾ ਨਾ ਵਾਪਰੇ। 

ਅਬਦੁਲ ਨੂਰ ਨੇ  ਦੱਸਿਆ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਵੱਲੋਂ ਮੁਸਲਿਮ ਧਰਮ ਦੇ ਪੈਗ਼ੰਬਰ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਦੀ ਇਤਰਾਜ਼ਯੋਗ ਤਸਵੀਰ ਕਾਰਨ ਸਮੁੱਚੇ ਵਿਸ਼ਵ ਦੇ ਮੁਸਲਿਮ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ, ਜਿਸ ਕਾਰਨ ਮੁਸਲਿਮ ਦੇਸ਼ਾਂ ਅਤੇ ਫਰਾਂਸ ਵਿਚਾਲੇ ਤਣਾਅ ਵਧ ਗਿਆ ਹੈ। ਤੁਰਕੀ ਵੱਲੋਂ ਫਰਾਂਸ ਦੇ ਰਾਜਦੂਤ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਭਾਰਤ ਦੇ ਕਈ ਸੂਬਿਆਂ ਵਿਚ ਫਰਾਂਸ ਖ਼ਿਲਾਫ਼ ਰੋੋਸ ਵਿਖਾਵੇ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਪੈਗ਼ੰਬਰ ਦੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 

ਉਨ੍ਹਾਂ ਦੋਸ਼ ਲਾਇਆ ਕਿ ਫਰਾਂਸ ਦੇ ਰਾਸ਼ਟਰਪਤੀ ਨੂੰ ਇਸਲਾਮ ਤੋਂ ਡਰ ਲੱਗਦਾ ਹੈ ਅਤੇ ਇਸੇ ਤਹਿਤ ਉਸ ਨੇ ਅਪਮਾਨ ਕਰਨ ਵਾਲਿਆਂ  ਨੂੰ ਸਜ਼ਾ ਦੇਣ ਦੀ ਥਾਂ ਉਨ੍ਹਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਮੋਦੀ ਸਰਕਾਰ ’ਤੇ ਦੇਸ਼ ਦੇ ਮੁਸਲਿਮ ਨਾਗਰਿਕਾਂ ਦੀਆਂ ਭਾਵਨਾਵਾਂ ਨੂੰ ਅਣਦੇਖਿਆਂ ਕਰ ਕੇ ਇਸ ਘਟਨਾ ਦੀ ਨਿੰਦਾ ਕਰਨ ਦੀ ਥਾਂ ਫਰਾਂਸ ਦੀ ਹਮਾਇਤ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਮਸਜਿਦ ਦੇ ਇਮਾਮ  ਮੌਲਾਨਾ ਹਿਫਜ਼ੁਰ ਰਹਿਮਾਨ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਲੋਕਾਂ ਨੂੰ ਫਰਾਂਸ ਦਾ ਬਣਿਆ ਸਾਮਾਨ ਨਾ ਵਰਤਣ ਦੀ ਅਪੀਲ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All