
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਮਾਰਚ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੋਸ਼ ਲਾਇਆ ਕਿ ਲੁਧਿਆਣਾ ਦੇ ਸਾਹਨੇਵਾਲ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਵੱਲੋਂ ਹਾਈਵੇਅ ਦੀ ਨਵੀਂ ਉਸਾਰੀ ਦੇ ਕਾਰਜਾਂ ਤਹਿਤ ਸਿੱਖ ਵਿਰਾਸਤ ਦੀ ਨਿਸ਼ਾਨੀ ਗੁਰੂ ਗੋਬਿੰਦ ਸਿੰਘ ਮਾਰਗ ਨਾਲ ਸਬੰਧਤ ਯਾਦਗਾਰੀ ਗੇਟ ਨੂੰ ਢਾਉਣ ਸਮੇਂ ਸਿੱਖ ਚਿੰਨ੍ਹ ਖੰਡੇ ਅਤੇ ਗੁਰੂ ਸਾਹਿਬ ਦੇ ਨਾਂ ਦੀ ਬੇਅਦਬੀ ਕੀਤੀ ਹੈ। ਇਸ ਦੀ ਸਿੱਖ ਸੰਸਥਾ ਵੱਲੋਂ ਨਿਖੇਧੀ ਕੀਤੀ ਗਈ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ 1972 ਵਿੱਚ ਕੀਤਾ ਗਿਆ ਸੀ ਅਤੇ ਇਹ ਸਿੱਖ ਵਿਰਾਸਤ ਦਾ ਹਿੱਸਾ ਹੈ ਕਿਉਂਕਿ ਇਸ ਮਾਰਗ ਨੂੰ ਦਸਵੇਂ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਹੈ। ਇਸ ਮਾਰਗ ਉੱਤੇ ਕਈ ਯਾਦਗਾਰੀ ਗੇਟ ਵੀ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਕੀਤੇ ਜਾ ਰਹੇ ਵਿਕਾਸ ਦਾ ਸਵਾਗਤ ਹੈ, ਪਰ ਸਿੱਖ ਚਿੰਨ੍ਹ ਖੰਡੇ ਅਤੇ ਗੁਰੂ ਸਾਹਿਬ ਦੇ ਨਾਂ ਦਾ ਨਿਰਾਦਰ ਅਤਿ ਨਿੰਦਣਯੋਗ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਾਰਗ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਅਤੇ ਇਸ ਨਾਲ ਸਬੰਧਿਤ ਮੀਲ ਪੱਥਰਾਂ ’ਤੇ ਯਾਦਗਾਰੀ ਗੇਟਾਂ ਦੀ ਸੰਭਾਲ ਤੇ ਇਨ੍ਹਾਂ ਦੀ ਹਾਲਤ ਨੂੰ ਸੁਧਾਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਹਨੇਵਾਲ ਵਾਲੀ ਘਟਨਾ ਦੀ ਜਾਂਚ ਕਰ ਕੇ ਲਾਪਰਵਾਹੀ ਵਰਤਣ ਵਾਲੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ