ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਦਸੰਬਰ
ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਿਹਤਯਾਬੀ ਲਈ ਅੱਜ ਹਵਾਰਾ ਕਮੇਟੀ ਸਮੇਤ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ੍ਰੀ ਅਕਾਲ ਤਖਤ ’ਤੇ ਅਰਦਾਸ ਕੀਤੀ ਗਈ। ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਕਿਸੇ ਸਾਜ਼ਿਸ਼ ਤਹਿਤ ਉਨ੍ਹਾਂ ਦਾ ਸਹੀ ਇਲਾਜ ਨਹੀਂ ਕੀਤਾ ਜਾ ਰਿਹਾ। ਸਿੱਖ ਜਥੇਬੰਦੀਆਂ ਨੇ ਇਹ ਮਾਮਲਾ ਕੌਮੀ ਮਨੁੱਖੀ ਅਧਿਕਾਰ ਸੰਗਠਨ, ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਦਿੱਲੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਰੱਖਣ ਦਾ ਫ਼ੈਸਲਾ ਕੀਤਾ ਹੈ।
ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਜਥੇਦਾਰ ਹਵਾਰਾ ਨੂੰ ਸੈੱਲ ਘਟ ਜਾਣ ਕਾਰਨ 27 ਨਵੰਬਰ ਨੂੰ ਦਿੱਲੀ ਦੇ ਦੀਨ ਦਿਆਲ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਪਿਛਲੇ ਚਾਰ ਦਿਨਾਂ ਤੋਂ ਤਸੱਲੀਬਖ਼ਸ਼ ਇਲਾਜ ਨਾ ਹੋਣ ਕਾਰਨ ਸੈੱਲ ਘਟ ਕੇ ਚਾਲੀ ਹਜ਼ਾਰ ਰਹਿ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਸ ਦਾ ਇਲਾਜ ਕਿਸੇ ਸਾਜ਼ਿਸ਼ ਹੇਠ ਠੀਕ ਢੰਗ ਨਾਲ ਨਹੀਂ ਕਰਵਾਇਆ ਜਾ ਰਿਹਾ। ਪਿਛਲੇ ਚਾਰ ਦਿਨਾਂ ਦੌਰਾਨ ਉਸ ਨਾਲ ਸਿਰਫ ਪੰਜ ਮਿੰਟ ਦੀ ਮੁਲਾਕਾਤ ਕਰਨ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਜਥੇਦਾਰ ਹਵਾਰਾ ਨੂੰ ਜਨਰਲ ਵਾਰਡ ਤੋਂ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਹੈ। ਸਿੱਖ ਆਗੂਆਂ ਨੇ ਮੰਗ ਕੀਤੀ ਕਿ ਜਥੇਦਾਰ ਹਵਾਰਾ ਦਾ ਇਲਾਜ ਪਰਿਵਾਰਕ ਮੈਂਬਰਾਂ ਦੀ ਦੇਖ-ਰੇਖ ਹੇਠ ਕਰਵਾਇਆ ਜਾਵੇ।